(ਸਮਾਜ ਵੀਕਲੀ)
ਭਾਰਤ ਵਰਗੇ ਲੱਗਭਗ 130 ਕਰੋੜ ਦੀ ਆਬਾਦੀ ਵਾਲੇ ਵਿਸ਼ਾਲ ਰਾਸ਼ਟਰ ਵਿੱਚ ਅਮਨ ਅਮਾਨ, ਕਨੂੰਨੀ ਵਿਵਸਥਾ ਕਾਇਮ ਰੱਖਣਾ, ਭੂਤਰੇ ਸਾਨ੍ਹ ਦੇ ਗਲ਼ ਸੰਗਲ਼ ਬੰਨਣ ਵਾਲ਼ੀ ਗੱਲ ਹੈ। ਇਸ ਦੇਸ਼ ਦੀ ਕਨੂੰਨੀ ਵਿਵਸਥਾ ਭਾਰਤੀ ਪੁਲਿਸ,ਅਦਾਲਤਾਂ ਦੇ ਹੱਥ ਵਿੱਚ ਹੈ,ਜਿੰਨ੍ਹਾਂ ਦੀ ਤਨਦੇਹੀ ਨਾਲ ਜਿੰਮੇਵਾਰੀ ਬਣਦੀ ਹੈ ਕਿ ਉਹ ਸਮੁੱਚੇ ਭਾਰਤ ਵਿੱਚ ਕਨੂੰਨੀ,ਨਿਆਇਕ ਵਿਵਸਥਾ ਬਣਾਈ ਰੱਖਣ,ਤਾਂ ਜੋ ਆਮ ਲੋਕਾਂ ਵਿੱਚ ਕਿਸੇ ਕਿਸਮ ਦਾ ਡਰ,ਭੈ ਨਾ ਪੈਦਾ ਹੋਵੇ।
ਦਰਅਸਲ ਕਿਸੇ ਤਰ੍ਹਾਂ ਦੇ ਅਨਿਆਂ ਦਾ ਸ਼ਿਕਾਰ ਹੋਣ ਉੱਤੇ ਅਸੀਂ ਲੋਕ ਇਨ੍ਹਾਂ ਅਦਾਲਤਾਂ,ਕਚਹਿਰੀਆਂ, ਥਾਣਿਆ ਤੋਂ ਇਹ ਉਮੀਦ ਕਰਦੇ ਹਾਂ ਕਿ ਸਾਨੂੰ ਸਾਡੇ ਨਾਲ ਹੋਈ ਜ਼ਿਆਦਤੀ ਦਾ ਇਨਸਾਫ਼ ਜਰੂਰ ਮਿਲੇਗਾ।ਕਨੂੰਨ ਸਾਡੀ ਆਵਾਜ਼ ਜਰੂਰ ਸੁਣੇਗਾ।ਭਾਰਤੀ ਰਾਸ਼ਟਰ ਦੀ ‘NCRB-ਰਾਸ਼ਟਰੀ ਕਰਾਈਮ ਰਿਕਾਰਡ ਬਿਊਰੋ’ ਦੀ 2019 ਦੀ ਸਲਾਨਾ ਰਿਪੋਰਟ ਅਨੁਸਾਰ 1 ਲੱਖ ਲੋਕਾਂ ਪਿੱਛੇ ਭਾਰਤੀ ਅਦਾਲਤਾਂ ਵਿੱਚ 237.8% ਕੇਸ ਦਰਜ ਕੀਤੇ ਜਾਂਦੇ ਹਨ।ਜਿਨ੍ਹਾਂ ਦੇ ਨਿਪਟਾਰੇ ਲਈ 627 ਦੇ ਕਰੀਬ ਜਿਲ੍ਹਾ ਅਦਾਲਤਾਂ,25 ਉੱਚ ਅਦਾਲਤਾਂ ਅਤੇ ਇੱਕ ਸਰਵ ਉੱਚ ਅਦਾਲਤ ਹੈ।ਇਨ੍ਹਾਂ ਵਿੱਚ ਜਿਆਦਾਤਰ ਮਾਮਲੇ ਕਤਲ,ਬਲਾਤਕਾਰ ਆਦਿ ਨਾਲ ਸਬੰਧਿਤ ਹੁੰਦੇ ਹਨ। ਭ੍ਰਿਸ਼ਟਾਚਾਰ,ਘਪਲੇ,ਮਨੁੱਖੀ ਤਸਕਰੀ, ਨਸ਼ਾ ਤਸਕਰੀ ਆਦਿ ਮਾਮਲਿਆਂ ਦਾ ਨਿਪਟਾਰਾ ਸਪੈਸ਼ਲ ਅਦਾਲਤਾਂ ਵਿੱਚ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ CBI, NDPS ਅਤੇ ਭਾਰਤੀ ਆਰਮੀ ਦੀਆਂ ਆਪਣੀਆਂ ਜਾਂਚ ਅਦਾਲਤਾਂ ਹਨ,ਜਿਨ੍ਹਾਂ ਵਿੱਚ CBI ਦੇ ਜਾਂਚ ਕੀਤੇ ਕੇਸਾਂ ਦੀ ਸੁਣਵਾਈ,ਨਸ਼ੇ ਅਤੇ ਡਰੱਗਜ਼ ਦੀ ਸੁਣਵਾਈ NDPS ਦੀਆਂ ਸਪੈਸ਼ਲ ਅਦਾਲਤਾਂ ਅਤੇ ਆਰਮੀ ਅਫ਼ਸਰਾਂ ਦੇ ਕੇਸਾਂ ਦੀ ਜਾਂਚ ਕੀਤੀ ਜਾਂਦੀ ਹੈ।ਭਾਰਤੀ ਨਿਆਂ ਪ੍ਰਣਾਲੀ ਬਹੁਤ ਉਲਝੀ ਹੋਈ ਨਿਆਂ ਵਿਵਸਥਾ ਹੈ,ਗੁਨਾਹਗਾਰ ਸ਼ਰੇਆਮ ਗੁਨਾਹ ਕਰਕੇ ‘ਕਨੂੰਨ ਨਾਲ ਕਬੱਡੀ ਖੇਡਕੇ’ ਬੜੀ ਆਸਾਨੀ ਨਾਲ ਆਪਣੇ ਪਾੜੇ ਵਿੱਚ ਆ ਸਕਦਾ ਹੈ,ਭਾਵ ਕਿ ਆਜ਼ਾਦ ਘੁੰਮ ਸਕਦਾ ਹੈ।ਜਿਸਦੀ ਉਦਹਾਰਣ ਅਜਿਹੇ ਲੋਕ ਹਨ ਜੋ ਸੰਪਰਦਾਇਕ ਦੰਗੇ,ਕਤਲ ਅਤੇ ਵੱਡੇ ਵੱਡੇ ਵਿੱਤੀ ਘਪਲੇ ਕਰਕੇ ਆਜ਼ਾਦ ਘੁੰਮ ਰਹੇ ਹਨ,ਜਿਸ ਨਾਲ ਛੋਟੇ ਮੋਟੇ ਗੁਨਾਹਗਾਰਾਂ ਨੂੰ ਵੀ ਤਰਜੀਹ ਮਿਲ ਜਾਂਦੀ ਹੈ ਅਤੇ ਉਹ ਵੱਡਾ ਜ਼ੁਰਮ ਕਰਨ ਤੋਂ ਪਿੱਛੇ ਨਹੀਂ ਹਟਦੇ।
ਅਜਿਹੇ ਹਾਲਾਤਾਂ ਵਿੱਚ ਆਮ ਲੋਕਾਂ ਦਾ ਸਾਡੀ ਨਿਆਇਕ ਵਿਵਸਥਾ ਤੋਂ ਵਿਸ਼ਵਾਸ਼ ਪੂਰੀ ਤਰ੍ਹਾਂ ਉੱਠ ਜਾਂਦਾ ਹੈ।ਅਜਿਹੇ ਵਿੱਚ ਜ਼ੁਰਮ ਦਾ ਸ਼ਿਕਾਰ ਹੋਏ ਲੋਕ ਵੀ ਅਦਾਲਤ ਜਾਣ ਨੂੰ ਤਰਜੀਹ ਨਹੀਂ ਦਿੰਦੇ।ਇਸ ਦਾ ਸਭ ਤੋਂ ਵੱਡਾ ਕਾਰਨ ਹੈ ਅਦਾਲਤਾਂ ਦਾ ਗੁਲਾਮ ਹੋਣਾ,ਭਾਵ ਸਿਆਸੀ ਦਬਾਅ ਹੇਠ ਕੰਮ ਕਰਨਾ। ਪਿੱਛਲੇ ਕੁੱਝ ਸਮਿਆਂ ਦੌਰਾਨ ‘ਸੁਪਰੀਮ ਕੋਰਟ’ ਬਾਰੇ ਇਹ ਧਾਰਨਾ ਹੀ ਬਣ ਚੁੱਕੀ ਹੈ ਕਿ ‘ਸੁਪਰੀਮ ਕੋਰਟ’ ਕਨੂੰਨੀ ਫ਼ੈਸਲਿਆਂ ਨੂੰ ਛੱਡਕੇ ‘ਸਮਝੌਤਿਆਂ’ ਵਾਲੇ ਫ਼ੈਸਲੇ ਸੁਣਾ ਰਹੀ ਹੈ।ਜਿਸ ਨਾਲ ਆਮ ਲੋਕਾਂ ਦੇ ਇੱਕ ਵੱਡੇ ਵਰਗ ਨੂੰ ਅਣਦੇਖਿਆਂ ਕਰਕੇ ਲਗਾਤਾਰ ਉਨ੍ਹਾਂ ਦੇ ਹਿੱਤਾਂ ਦਾ ਉਲੰਘਣ ਕਰ ਰਹੀ ਹੈ,ਜਿਸ ਦਾ ਮੁੱਖ ਕਾਰਨ ਉਸ ਉੱਪਰ ਸੱਤਾਧਾਰੀ ਪਾਰਟੀਆਂ ਦਾ ਸਿਆਸੀ ਦਬਾਅ ਹੈ।
ਅਜਿਹੇ ਹਾਲਾਤ ਸਾਡੀ ਸੰਵਿਧਾਨਿਕ ਹੋਂਦ ਲਈ ਖਤਰਾ ਹਨ। ਅਦਾਲਤਾਂ ਦਾ ਆਜ਼ਾਦ ਅਤੇ ਨਿਰਪੱਖ ਹੋਣਾ,ਨਿਰਪੱਖ ਲੋਕਤੰਤਰ ਦੀ ਨਿਸ਼ਾਨੀ ਹੈ।ਜੇ ਅਦਾਲਤਾਂ ਕਿਸੇ ਦਬਾਅ ਹੇਠ ਗੁਲਾਮ ਰਹੀਆਂ ਤਾਂ ਸਾਡੀ ਅਧਿਕਾਰਿਤ ਅਤੇ ਵਿਚਾਰਕ ਗੁਲਾਮੀ ਨਿਸ਼ਚਿਤ ਹੈ। ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਦੇ ਸਾਬਕਾ ‘ਚੀਫ਼ ਜਸਟਿਸ ਰੰਜਨ ਗੋਗੋਈ’ ਦਾ ਅਦਾਲਤਾਂ ਦੀ ਮੌਜੂਦਾ ਦਸ਼ਾ ਬਾਰੇ ਜੋ ਬਿਆਨ ਆਇਆ ਹੈ ਉਹ ਸਾਡੀ ਨਿਆਇਕ ਵਿਵਸਥਾ ਅਤੇ ਅਦਾਲਤਾਂ ਲਈ ਇੱਕ ਬਹੁਤ ਵੱਡਾ ਸਵਾਲ ਹੈ,ਜਿਸ ਦਾ ਚਿੰਤਨ ਹੋਣਾ ਲਾਜ਼ਮੀ ਹੈ। ਸਾਬਕਾ ਚੀਫ਼ ਜਸਟਿਸ ਅਤੇ ਮੌਜੂਦਾ ਰਾਜ ਸਭਾ ਮੈਂਬਰ ਰੰਜਨ ਗੋਗੋਈ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ ” ਕਿ ਜੇਕਰ ਫੈਸਲਿਆਂ ਲਈ ਕੋਈ ਸਮਝੌਤਾ ਹੀ ਕਰਨਾ ਹੁੰਦਾ ਤਾਂ ਉਹ ਵੱਡਾ ਸੌਦਾ ਕਰਦੇ!
ਅਦਾਲਤਾਂ ਬਾਰੇ ਅਹਿਮ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਦਾਲਤਾਂ ਉਥੇ ਪਹੁੰਚ ਗਈਆਂ ਹਨ ਜਿੱਥੇ ਕੋਈ ਵੀ ਅਦਾਲਤ ਜਾਣਾ ਪਸੰਦ ਨਹੀਂ ਕਰਦਾ? ਅਦਾਲਤ ਕੌਣ ਜਾਂਦਾ ਹੈ? ਜੇ ਤੁਸੀਂ ਅਦਾਲਤ ਜਾਂਦੇ ਹੋ ਤਾਂ ਇਸ ਲਈ ਤੁਸੀਂ ਪਛਤਾਉਂਦੇ ਹੋ!” ਜਸਟਿਸ ਮਾਰਕੰਡੇ ਕਾਟਜੂ ਹੁਣਾ ਨੇ ਵੀ ਕਿਹਾ ਸੀ ਕਿ 90%ਅਦਾਲਤਾਂ ਭ੍ਰਿਸ਼ਟ ਹੋ ਚੁੱਕੀਆਂ ਹਨ। ਪਰ! ਫਿਰ ਵੀ ਲੋਕ ਇਸ ਆਸ ਵਿੱਚ ਸਨ ਕਿ ਇੱਥੇ ਇਨਸਾਫ਼ ਮਿਲ ਸਕਦਾ ਹੈ,ਪਰ! ਉਹ ਵੀ ਜੱਜਾਂ ਵੱਲੋਂ ਆਪਣੇ ‘ਮੀ ਲਾਰਡਾਂ’ ਦੇ ਲਿਖੇ ਫ਼ੈਸਲੇ ਸੁਣਾਏ ਜਾਣ ‘ਤੇ ਖ਼ਤਮ ਹੁੰਦੀ ਜਾ ਰਹੀ ਹੈ। ਪਰ! ਅਜਿਹਾ ਸਭ ਹੋਣ ਦੇ ਬਾਵਜੂਦ,ਅਦਾਲਤਾਂ ਦੇ ਸਿਆਸੀ ਕਠਪੁਤਲੀਆਂ ਬਣਨ ਦੇ ਬਾਵਜੂਦ ਅਤੇ ਭ੍ਰਿਸ਼ਟ ਹੋਣ ਦੇ ਬਾਵਜੂਦ ਵੀ ਲੋਕ ਨਿਆਂ ਦੀ ਉਮੀਦ ਕਰਦੇ ਹਨ।
ਲੋਕਾਂ ਦੀ ਇਹ ਸੋਚ ‘ਅਕਸ਼ੇ ਕੁਮਾਰ’ ਦੀ ਵਕੀਲ ਕਿੱਤੇ ਨਾਲ ਸਬੰਧਿਤ ਫ਼ਿਲਮ ‘ਜੌਲੀ LLB 2’ ਭਾਗ ਦੇ ਆਖ਼ਰੀ ਪਲਾਂ ਵਰਗੀ ਜਾਪਦੀ ਹੈ ‘ਜਦੋਂ ਉਸ ਫਿਲਮ ਦਾ ਜੱਜ ਸੁੰਦਰ ਲਾਲ ਤਿਰਪਾਠੀ ਆਖਦਾ ਹੈ ਕਿ ‘ਸਾਲਾਂ ਬਾਅਦ ਕੋਈ ਕੇਸ ਆਉਂਦਾ ਹੈ,ਜਦੋਂ ਜੱਜ ਨੂੰ ਜੱਜ ਦੀ ਕੁਰਸੀ ‘ਤੇ ਬੈਠੇ ਹੋਣ ਦਾ ਮਾਣ ਹੁੰਦਾ ਹੈ,ਨਹੀਂ ਤਾਂ ਤਰੀਕ ਪੈਂਦੀ ਹੈ ਅਤੇ ਕੇਸ ਚੱਲਦਾ ਰਹਿੰਦਾ ਹੈ,ਲੋਕ ਆਉਂਦੇ ਰਹਿੰਦੇ ਹਨ ਅਤੇ ਹਤਾਸ਼-ਨਿਰਾਸ਼ ਹੋਕੇ ਵਾਪਿਸ ਜਾਂਦੇ ਰਹਿੰਦੇ ਨੇਂ। ਕਿਉਂਕਿ ਨਿਆਂਪਾਲਿਕਾ ਦੀ ਹਾਲਤ ਹੀ ਕੁੱਝ ਅਜਿਹੀ ਹੈ ,ਇਸ ਦੇਸ਼ ਵਿੱਚ 3ਕਰੋੜ ਦੇ ਕਰੀਬ ਮਾਮਲੇ ਪੈਂਡਿੰਗ ਪਏ ਹਨ,ਅਤੇ ਜੱਜ ਸਿਰਫ਼ 21 ਹਜ਼ਾਰ ਦੇ ਕਰੀਬ ਹਨ,ਪਰ! ਫ਼ਿਰ ਵੀ ਲੋਕ ਇਹ ਭਰੋਸਾ ਕਰਦੇ ਹਨ,ਇਹ ਉਮੀਦ ਕਰਦੇ ਹਨ ਕਿ ਜੇਕਰ ਸਰਕਾਰ,ਥਾਣੇ,ਪ੍ਰਸ਼ਾਸ਼ਨ ਉਨ੍ਹਾਂ ਦੀ ਗੱਲ ਨਹੀਂ ਸੁਣਨਗੇ ਤਾਂ ‘ਕੋਰਟ’ ਜਰੂਰ ਉਨ੍ਹਾਂ ਦੀ ਗੱਲ ਸੁਣੇਗੀ।ਅੱਜ ਵੀ ਜੇ ਦੋ ਲੋਕ ਆਪਸ ਵਿੱਚ ਲੜ੍ਹਦੇ ਹਨ ਤਾਂ ਇਹ ਕਹਿੰਦੇ ਹਨ ਕਿ “I Will See You In The Court” ਭਾਵ ਮੈਂ ਤੈਨੂੰ ‘ਅਦਾਲਤ ਵਿੱਚ ਵੇਖ ਲਵਾਂਗਾ’ ।
ਕਿਉਂਕਿ ਅੱਜ ਵੀ ਲੋਕਾਂ ਨੂੰ ਲੱਗਦਾ ਹੈ ਕਿ ‘ਜੱਜ ਦੀ ਕੁਰਸੀ ਉੱਪਰ ਬੈਠਾ ਹਰ ਆਦਮੀ ਰੱਬ ਦਾ ਰੂਪ ਹੁੰਦਾ ਹੈ,ਤੇ ਉਹ ਉਮੀਦ ਕਰਦੇ ਹਨ ਕਿ ਉਹ ਰੱਬ ਇਨਸਾਫ਼ ਜਰੂਰ ਕਰੇਗਾ। ਤੇ ਜੱਜ ਦੀ ਕੁਰਸੀ ਉੱਪਰ ਬੈਠੇ ਹਰ ਆਦਮੀ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦਾ ਇਹ ਵਿਸ਼ਵਾਸ਼ ਕਦੇ ਟੁੱਟਣ ਨਾਂ ਦੇਵੇ।” ਫ਼ਿਲਮ ਦੇ ਅਖੀਰਲੇ ਪਲਾਂ ਵਿੱਚ ਬੋਲਿਆ ਇਹ ਡਾਇਲਾਗ ਸਾਡੇ ਨਿਆਇਕ ਸਿਸਟਮ ਲਈ ਇੱਕ ਵੱਡਾ ਸਵਾਲ ਹੈ ਕਿ ਉਨ੍ਹਾਂ ਨੇ ਲੋਕਾਂ ਦਾ ਇਹ ਵਿਸ਼ਵਾਸ਼ ਬਰਕਰਾਰ ਰੱਖਣਾ ਹੈ ਜਾਂ ਸਿਆਸੀ ਕੱਠਪੁਤਲੀ ਬਣਕੇ ਲੋਕਾਂ ਦੇ ਵਿਸ਼ਵਾਸ਼ ਦੀਆਂ ਲਾਸ਼ਾਂ ਉੱਪਰ ਆਪਣਾ ਮਹਿਲ ਕਾਇਮ ਕਰਨਾ ਹੈ…!!”
ਹਰਕਮਲ ਧਾਲੀਵਾਲ
ਸੰਪਰਕ:- 8437403720