ਭਾਗ ਸਿੰਘ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਕੀਤਾ ਪੰਜਾਬ ਸੁਪਰ ਲੀਗ ਲਈ ਕੁਆਲੀਫਾਈ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਤ ਬਾਬਾ ਮਲਕੀਤ ਸਿੰਘ ਜੀ ਦੇ ਅਸ਼ੀਰਵਾਦ ਅਤੇ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ) ਜੀ ਦੀ ਰਹਿਨਮਾਈ ਹੇਠ ਚੱਲ ਰਹੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਵੀ ਅੱਗੇ ਵੱਧ ਰਹੀ ਹੈ। ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਪਿਛਲੇ ਦਿਨਾਂ ਵਿਚ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੁਆਰਾ ਚਲਾਈ ਜਾਂਦੀ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਲਈ ਕੁਆਲੀਫਾਈ ਕਰਕੇ ਪੰਜਾਬ ਦੀਆਂ ਅੱਵਲ ਦਰਜੇ ਦੀਆਂ ਟੀਮਾਂ ਵਿਚ ਆਪਣਾ ਨਾਮ ਦਰਜ ਕਰ ਲਿਆ।

ਯੂਨੀਵਰਸਿਟੀ ਵਿਚ ਖਿਡਾਰੀਆਂ ਦੇ ਸਵਾਗਤ ਵਿਚ ਰੱਖੇ ਸਮਾਗਮ ਸਮੇਂ ਫੁੱਟਬਾਲ ਟੀਮ ਦੇ ਮੁੱਖ ਕੋਚ ਡਾ. ਪਰਮਪ੍ਰੀਤ ਕੈਂਡੋਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਆਲੀਫਾਇੰਗ ਰਾਉਂਡ ਵਿਚ ਪੰਜਾਬ ਦੀਆਂ ਸੱਤ ਨਾਮਵਰ ਟੀਮਾਂ ਉਤੇ ਜਿੱਤ ਪ੍ਰਾਪਤ ਕਰਨ ਉਪਰੰਤ ਆਪਣੇ ਗਰੁੱਪ ਚੋਂ ਸਿਖਰ ਤੇ ਰਹਿੰਦਿਆਂ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਸੈਸ਼ਨ 2021-22 ਦੀ ਵਕਾਰੀ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਲਈ ਕੁਆਲੀਫਾਈ ਕੀਤਾ ਹੈ। ਇਸ ਸਮੇਂ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਖਿਡਾਰੀਆ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਆਪਣੇ ਸੰਬੋਧਨ ਵਿਚ ਉਹਨਾਂ ਖਿਡਾਰੀਆਂ ਨੂੰ ਖੇਡਾਂ ਦੇ ਨਾਲ ਨਾਲ ਪੜ੍ਹ੍ਹਾਈ ਵਿਚ ਵੀ ਅੱਗੇ ਵਧਣ ਲਈ ਪ੍ਰੇਰਿਆ।

ਸਮਾਗਮ ਦੌਰਾਨ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਪ੍ਰੀਤਮ ਸਿੰਘ ਨੇ ਜਾਣਕਾਰੀ ਵਿਚ ਹੋਰ ਵਾਧਾ ਕਰਦੇ ਹੋਏ ਦੱਸਿਆ ਯੂਨੀਵਰਸਿਟੀ ਦੀ ਟੀਮ ਨੇ ਪਿਛਲੇ ਸਾਲ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਪਹਿਲੀਆਂ ਖੇਲੋ ਇੰਡੀਆ ਅੰਤਰ ਯੂਨੀਵਰਸਿਟੀ ਖੇਡਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੌਥਾ ਸਥਾਨ ਪ੍ਰਾਪਤ ਕੀਤਾ ਸੀ। ਇਸ ਸਮਾਗਮ ਵਿਚ ਸ ਹਰਦਮਨ ਸਿੰਘ (ਸਕੱਤਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੇਰੀਟੇਬਲ ਸੋਸਾਇਟੀ), ਸ. ਸੁਰਿੰਦਰ ਸਿੰਘ ਪਰਮਾਰ (ਜੁਆਇੰਟ ਸਕੱਤਰ – ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਈਟੀ), ਸ. ਪਰਮਜੀਤ ਸਿੰਘ (ਯੂਨੀਵਰਸਿਟੀ ਦੀ ਖੇਡ ਕਮੇਟੀ ਦੇ ਚੇਅਰਮੈਨ), ਸ. ਕੁਲਜੀਤ ਸਿੰਘ (ਮੈਂਬਰ ਸੋਸਾਇਟੀ), ਸ. ਮਨਪ੍ਰੀਤ ਸਿੰਘ ਸੋਨੂੰ, ਰਜਿਸਟਰਾਰ ਡਾ. ਧੀਰਜ ਸ਼ਰਮਾ, ਸਹਾਇਕ ਕੋਚ ਮਨਜੀਤ ਸਿੰਘ ਅਤੇ ਖੇਡ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ।

Previous articleਯੂਨੀਵਰਸਿਟੀ ਵਿਖੇ ਸ. ਰਣਜੀਤ ਸਿੰਘ ਖੜਗ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ
Next article“I Will See You In The Court….?”