HOME ਆਖਰੀ ਇੱਛਾ ਪੂਰੀ ਕਰੇਂਗਾ-

ਆਖਰੀ ਇੱਛਾ ਪੂਰੀ ਕਰੇਂਗਾ-

1
 ਦਿਲਪ੍ਰੀਤ ਗੁਰੀ
ਦਿਲਪ੍ਰੀਤ ਕੌਰ ਗੁਰੀ

 (ਸਮਾਜ ਵੀਕਲੀ)  ਕਹਾਵਤ ਹੈ,ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ,ਮੈਂ ਗੁਰੀ  ਨੂੰ ਸਿਰਫ ਗੀਤ ਲਈ ਹੀ ਪ੍ਰੇਰਿਆ ਸੀ,ਪਰ ਉਹਨਾਂ ਨੇ ਕਹਾਣੀਆਂ,ਕਵਿਤਾ,ਨਾਵਲ ਅਤੇ ਗੀਤਾਂ ਦੀਆਂ ਚਾਰ ਕਿਤਾਬਾਂ,ਪਲੇਠੀ ਕਿਤਾਬ ‘ਅੰਮ੍ਰਿਤ ਵਰਗੀ ਕੁੜੀ’-ਕਾਵਿ ਸੰਗ੍ਰਹਿ,ਦੂਜੀ ਕਿਤਾਬ ‘ਕੁੱਜੇ ‘ਚ ਰੱਬ’ ਕਹਾਣੀ ਸੰਗ੍ਰਹਿ,ਤੀਜੀ ਕਿਤਾਬ ‘ਤਾਜੀਬਾ’ ਨਾਵਲ-ਚਹੁੰ ਜਨਮਾਂ ਦੀ ਦਾਸਤਾਨ ਤੇ ਚੌਥੀ ਕਿਤਾਬ ‘ਆਖਰੀ ਇੱਛਾ ਪੂਰੀ ਕਰੇਂਗਾ’ ਕਾਵਿ ਸੰਗ੍ਰਹਿ,ਜਿਹੜੀ ਕਿਤਾਬ ਅੱਜ ਦਾ ਵਿਸ਼ਾ ਹੈ,ਇਹ ਸਾਰੀਆਂ ਕਿਤਾਬਾਂ  ਲਿੱਖਕੇ ਸਿੱਧ ਕਰਤਾ ਕਿ ਉਹ ਬਹੁਵਿਧਾਵੀ ਲੇਖਕਾ ਹੈ ਜਦੋਂ ਕਿ ਮੇਰੀਆਂ ਪ੍ਰੇਰਿਤ ਕਰਨ ਵਾਲੇ ਦੀਆਂ ਮਹਿਜ਼ ਦੋ ਗੀਤਾਂ ਦੀਆਂ ਕਿਤਾਬਾਂ ਆਈਆਂ ਹਨ। ਬਾਕੀ ਔਰਤਾਂ ਨੂੰ ਘਰੇਲੂ ਰੁਝੇਵੇਂ ਵੀ ਵਾਧੂ ਹੁੰਦੇ ਹਨ,ਉਸ ਦੇ ਬਾਵਜੂਦ ਵੀ ਉਹ ਹਿੰਮਤ ਕਰਦੇ ਹਨ ਅਤੇ ਸਾਹਿਤ ਲਈ ਸਮਾਂ ਕੱਢ ਲੈਂਦੇ ਹਨ।

ਗੁਰੀ ਜੀ ਨਾਲ ਮੇਰੀ ਸਾਂਝ ਫੇਸਬੁੱਕ ਰਾਹੀਂ ਬਣੀ ਫਿਰ ਮੇਰੇ ਗੀਤ ਅਭਿਆਸ ਗਰੁੱਪ ਦੇ ਵੀ ਮੈਂਬਰ ਵੀ ਰਹੇ। ਅਭਿਆਸ ਗਰੁੱਪ ਤੋਂ ਬਿਨਾਂ ਹੋਰ ਵੀ ਸਾਂਝੇ ਪਲੇਟਫਾਰਮਾਂ ਤੇ ਇਕੱਠੇ ਵਿਚਰਦੇ ਰਹਿਣ ਕਰਕੇ ਅਸੀਂ ਇੱਕ ਦੂਜੇ ਦੇ ਵਿਚਾਰਾਂ ਤੋਂ ਜਾਣੂੰ ਹਾਂ। ਮੇਰੀ ਪ੍ਰੇਰਣਾ ਨਾਲ ਹੀ ਇਹਨਾਂ ਨੇ ਦੋ ਚਾਰ ਸਤਰਾਂ ਦੀ ਲੇਖਣੀ ਤੋਂ ਗੀਤ ਲਿਖਣੇ ਸ਼ੁਰੂ ਕੀਤੇ,ਫੇਸਬੁੱਕ ਤੇ ਚੱਲਦੇ ਸਾਡੇ ਗਰੁੱਪ ‘ਪੰਜਾਬ ਗੀਤ ਕਲਾ ਮੰਚ, ਚ ਚੱਲਦੇ ਗੀਤ ਮੁਕਾਬਲੇ ਵਿੱਚ ਵੀ ਹਿੱਸਾ ਲਿਆ। ਸਾਰੀਆਂ ਕਿਤਾਬਾਂ ਹੀ ਸਤਿਕਾਰ ਵਜੋਂ ਮੈਨੂੰ ਮਿਲਦੀਆਂ ਰਹੀਆਂ ਪਰ ਇਹ ਚੌਥੀ ਕਿਤਾਬ ਸਤਿਕਾਰ ਵਜੋਂ ਇਹਨਾਂ ਨੇ ਮੈਨੂੰ ਸਮਰਪਤ ਕਰਕੇ  ਸਨਮਾਨ ਕੀਤਾ।
ਜਦੋਂ ਕਿਤਾਬ ਪੜੀ ਤਾਂ ਵੱਖ ਵੱਖ ਰਚਨਾਵਾਂ ਪੜ੍ਹਕੇ ਪ੍ਰਭਾਵਤ ਹੋਣੋ ਨਾ ਰਹਿ ਸਕਿਆ। ‘ਵਾਰਿਸ ਸ਼ਾਹ ਨੂੰ ਹਾਕ’ ਵਿੱਚ ਲਿਖਦੇ ਹਨ:-
ਇਥੇ ਕੁੱਖਾਂ ‘ਚ ਕਬਰਾਂ ਨੇ
ਧੀਆਂ ਜਿਉਂਦੀਆਂ ਸਾੜੀਆਂ ਜਾਣ।
ਦਿਨ ਦਿਹਾੜੇ ਇੱਜਤਾਂ ਲੁੱਟੀਆਂ,
ਜਮੀਰਾਂ ਹੋਈਆਂ ਨੇ ਸ਼ਮਸ਼ਾਨ।
ਪਾ ਕੋਈ ਬਾਤ ਮਹੱਬਤਾਂ ਦੀ,
ਝੱਲ ਜਾਈਏ ਜਖਮਾਂ ਦੀ ਤਾਬ।
ਮੈਂ ਖੜੀ ਕਬਰ ਤੇ ਅਰਜ ਕਰਾਂ,
ਵਾਰਿਸ ਸ਼ਾਹ ਜੀ ਪਓ ਜਾਗ।
ਵੇਖ ਕੂੰਜਾਂ ਕੁਰਲਾਉਂਦੀਆਂ,
ਤੇਰਾ ਲੁੱਟਿਆ ਜਾ ਰਿਹਾ ਪੰਜਾਬ।
ਇਕ ਹੋਰ ਰਚਨਾਂ ‘ਫੋਟੋ ਵੇਂਹਦੀ ਰਹੀ’ ਰਾਹੀਂ ਤਨਹਾਈ ਦੇ ਰੁਦਨ ਲਿਖੇ ਹਨ:-
ਇੱਕ ਰੀਝ ਸੀ ਮੇਰੀ ਸੱਜਣਾ ਵੇ
ਤੇਰੀ ਹਿੱਕ ਤੇ ਸਿਰ ਰੱਖ ਸੌਣੇ ਦੀ।
ਤੇਰੀਆਂ ਤਲੀਆਂ ਨੂੰ ਚੁੰਮਣੇ ਦੀ,
ਤੇ ਬਾਹਾਂ ਵਿੱਚ ਆਕੇ ਰੋਣੇ ਦੀ।
ਤੂੰ ਰੁੱਖ ਮਹੱਬਤ ਦਾ ਛਾਂਗ ਦਿੱਤਾ,
‘ਗੁਰੀ’ ਨਾਮ ਤੇਰਾ ਹੀ ਲੈਂਦੀ ਰਹੀ।
ਅੱਖ ਭਰ ਭਰਕੇ ਡੁਲ੍ਹਦੀ ਰਹੀ,
ਤੇ ਮੈਂ ਤੇਰੀ ਫੋਟੋ ਵਿਹਦੀ ਰਹੀ।
‘ਜੀਵਨ’ ਨਾਮ ਦੀ ਰਚਨਾਂ ਚ ਜੀਵਨ ਦੀ ਹਕੀਕਤ ਲਿਖਦੇ ਹਨ :-
  ਜਦ ਗਰੀਬੀ ਸੀ ਤਦ ਖਿਡੌਣਿਆਂ ਨੂੰ ਤਰਸੇ,
ਜਦ ਅਮੀਰੀ ਆਈ ਤਦ ਖੁਦ ਖਿਡੌਣਾ ਬਣਗੇ।
ਸਾਨੂੰ ਕੋਈ ਵੀ ਰਾਸ ਨਹੀਂ।
‘ਰੱਖੀ-ਮਿੱਸੀ ਰਚਨਾਂ ਚ ਜੱਟਾਂ ਬਾਰੇ ਲਿਖਦੇ ਹਨ,ਸੱਚੀਂ ਗਾਇਕਾਂ ਗੀਤਕਾਰਾਂ ਨੇ ਪਤਾ ਨਹੀਂ ਕਿਥੋਂ ਜੱਟਾਂ ਦੀ ਕੋਈ ਨਵੀਂ ਹੀ ਸ਼੍ਰੇਣੀ ਘੜ ਰੱਖੀ ਐ, ਉਹ ਜਿਹੜੀਆਂ ਗੱਲਾਂ ਜੱਟਾਂ ਬਾਰੇ ਲਿਖਦੇ ਗਾਉਂਦੇ ਐ ਉਹ ਸਭ ਜੱਟਾਂ ਦੇ ਕਾਰਨਾਮੇ ਨਹੀਂ ਹਨ :-
ਇਹ ਜੱਟ ਨਹੀਂ ਗਾਣਿਆਂ ਵਾਲੇ,ਜਿਹੜੇ ਫੁਕਰੇ ਸ਼ੌਂਕ ਪੁਗਾਉਂਦੇ ਨੇ।
ਇਹ ਜੱਟ ਤਾਂ ਖੇਤਾਂ ਵਾਲੇ ਨੇ,ਜੋ ਸਿੱਧੀ-ਸਾਦੀ ਜਿੰਦਗੀ ਬਿਤਾਉਂਦੇ ਨੇ।
ਅੰਨ ਦਾਤੇ ਹੋਕੇ ਵੀ,ਫੱਕਰਾਂ ਦੀ ਜੂਨ ਹੰਢਾ ਲੈਂਦੇ।
ਜੱਟ ਬਹਿਕੇ ਵੱਟਾਂ ਤੇ,ਰੋਟੀ ਰੱਖੀ-ਮਿੱਸੀ ਖਾ ਲੈਂਦੇ।
ਹੌਕੇ ਹਾਵਾਂ ਦੇ ਨਾਲ ਸਕੀਰੀ ਤੇ ਹਿੰਮਤ ਮਿਹਨਤਾਂ ਦੇ ਨਾਲ ਯਾਰੀ।
ਫਕੀਰਾਂ ਵਰਗੇ ਗੁਣਾਂ ਦੀ ਗੁੱਥਲੀ, ਸਾਂਭੀ ਬੈਠੇ ਇੱਜਤਾਂ ਤੇ ਸਰਦਾਰੀ।
ਗੱਲ ਕਰਦੇ ਨਹੀਂ ਬਰੈਂਡਾ ਦੀ,ਸਾਦਾ ਹੀ ਪਾ ਲੈਂਦੇ।
ਜੱਟ ਬਹਿਕੇ ਵੱਟਾਂ ਤੇ,ਰੋਟੀ ਰੱਖੀ ਮਿੱਸੀ ਖਾ ਲੈਂਦੇ।
‘ਗੱਲ ਕਰਾਂਗੇ ਨਾ’ ਵਿੱਚ-
ਦੇਹਾਂ ਤੋਂ ਪਾਰ ਦੀ ਗੱਲ।
ਸਾਡੇ ਪਿਆਰ ਦੀ ਗੱਲ।
ਨਿਭ ਜਾਣ ਦੀ ਤਸੱਲੀ ਨਾਲ
ਗੱਲ ਕਰਾਂਗੇ ਆਪਾਂ ਦੋਵੇਂ।
ਹੋਰ ਵੀ ਬਹੁਤ ਰਚਨਾਵਾਂ ਹਨ ਜੋ ਪਾਠਕ ਦਾ ਧਿਆਨ ਖਿੱਚਦੀਆਂ ਹਨ ਜਿਵੇਂ :-ਕੁੜੀਏ ਹਿੰਮਤਾਂ ਵਾਲੀਏ,ਰੁੱਖ,ਰੱਬ ਦੇ ਦੀਦਾਰੇ, ਇਹ ਨਹੀਂ ਦੱਸਿਆ ਮਾਂ,ਪੱਥਰ,ਸਾੜੇ ਦੀ ਅੱਗ, ਆਦਿ
ਗੁਰੀ ਦੀਆਂ ਰਚਨਾਵਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਆਉਣ ਵਾਲਾ ਸਮਾਂ ਉਸਦਾ ਹੀ ਹੈ। ਕਿਤਾਬ ਦਰ ਕਿਤਾਬ ਅਤੇ ਰਚਨਾਂ ਦਰ ਰਚਨਾਂ ਉਸਦੀ ਲੇਖਣੀ ਚ ਨਿਖਾਰ ਆ ਰਿਹਾ ਹੈ, on line ਪਰਚੇ,ਅਤੇ ਪ੍ਰਿੰਟ ਮੀਡੀਆ ਉਸ ਨੂੰ ਥਾਂ ਦੇ ਰਿਹਾ ਹੈ, ਸਾਹਿਤਕ ਚਰਚਾਵਾਂ ਵਿੱਚ ਉਸਦਾ ਜਿਕਰ ਹੈ।
ਸ਼ਾਲਾ ! ਇਹ ਕਲਮ ਉਚਾਈਆਂ ਛੂਹੇ-ਆਮੀਨ !
ਜਨਕ ਸੰਗਤ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਹਿਲਾ ਸਵਾਰੀ ਸਰਕਾਰੀ ਬੱਸ ਵਿੱਚ ਬਲਾਚੌਰ ਤੋਂ ਚੜ੍ਹ ਕੇ ਕਾਠਗੜ੍ਹ ਅੱਡੇ ਵਿੱਚ ਉਤਰਨਾ ਸੀ ਪ੍ਰੰਤੂ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਬਸ ਭਜਾ ਕੇ ਰੋਪੜ੍ਹ ਜਾ ਕੇ ਉਤਾਰਿਆ
Next articleਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ