HOME ਮੈਂ ਚੁੱਪ ਰਿਹਾ 

ਮੈਂ ਚੁੱਪ ਰਿਹਾ 

ਗੁਰਮੀਤ ਸਿੰਘ ਸੋਹੀ
  (ਸਮਾਜ ਵੀਕਲੀ)
ਮੈਂ ਚੁੱਪ ਰਿਹਾ ਹਰ ਵੇਲੇ ਜ਼ੁਲਮ ਦੇਖ
ਤਾਂਹੀ ਮੇਰੀ ਚੁੱਪ ਤੇ ਕਈ ਸਵਾਲ ਉੱਠੇ
ਜਦੋਂ ਸਿਰ ਤੋਂ ਪਾਣੀ ਲੰਘਣ ਲੱਗਾ
ਫਿਰ ਬੋਲਣ ਲਈ ਮਨ’ਚ ਬਵਾਲ ਉੱਠੇ
ਮੈਂ ਚੁੱਪ ਰਿਹਾ ਉਦੋਂ ਵੀ ਇਹ ਦੇਖ
ਜਦੋਂ ਧਰਮ ਦੇ ਨਾਮ ਤੇ ਪਈਆਂ ਵੰਡੀਆਂ ਸੀ
ਇੱਕ ਰੰਗ ਦਾ ਖੂਨ ਹੀ ਡੁੱਲ੍ਹਦਾ ਰਿਹਾ
ਭਾਵੇਂ ਹੱਥਾਂ ‘ਚ ਵੱਖੋ ਵੱਖਰੀਆਂ ਝੰਡੀਆਂ ਸੀ
ਮੈਂ ਚੁੱਪ ਰਿਹਾ ਉਦੋਂ ਵੀ ਇਹ ਦੇਖ
ਜਦੋਂ ਨਸ਼ਾ ਵਿਕਦਾ ਰਿਹਾ ਹਰ ਦੁਕਾਨ ਅੰਦਰ
ਬਾਹਵਾਂ ਵਿੱਚ ਹੀ ਸਰਿੰਜ ਰਹਿਗੀ ਬੱਚਿਆਂ ਦੇ
ਮਾਵਾਂ ਦੀਆਂ ਚੀਕਾਂ ਗੁੰਜੀਆਂ ਅਸਮਾਨ ਅੰਦਰ
ਮੈਂ ਚੁੱਪ ਰਿਹਾ ਉਦੋਂ ਵੀ ਇਹ ਦੇਖ
ਮਾਂ ਬੋਲੀ ਨੂੰ ਜਦ ਆਪਣੇ ਹੀ ਮਾਰਨ ਲੱਗੇ
ਆਈਲੈਟਸ ਨੂੰ ਬਣਾ ਕੇ ਇੱਕ ਡਿਗਰੀ
ਨੌਜਵਾਨਾਂ ਨੂੰ ਜਹਾਜਾਂ ਵਿੱਚ ਚਾੜਨ ਲੱਗੇ
ਮੈਂ ਚੁੱਪ ਰਿਹਾ ਉਦੋਂ ਵੀ ਇਹ ਦੇਖ
ਜਦ ਬਿਰਧ ਆਸ਼ਰਮ ‘ਚ ਬੁਢਾਪਾ ਰੁਲਦਾ ਰਿਹਾ
ਔਲਾਦ ਹੁੰਦਿਆਂ ਵੀ ਬੇਔਲਾਦ ਹੋਏ ਮਾਪੇ
ਪਾਣੀ ਅੱਖੀਆਂ ਦਾ ਤੇਲ ਵਾਂਗ ਬਲਦਾ ਰਿਹਾ
ਮੈਂ ਚੁੱਪ ਰਿਹਾ ਉਦੋਂ ਵੀ ਇਹ ਦੇਖ
ਸਿਰ ਤੇ ਰੱਬ ਬਣ ਬੈਠੇ ਪੁਜਾਰੀ ਬਾਬੇ
ਸਰਧਾ ਦੇ ਨਾਮ ਤੇ ਨਿਤ ਸ਼ੋਸਣ ਕਰਦੇ
ਧਰਮ ਧੰਦਾ ਬਣਾ ਬਣੇ ਵਿਉਪਾਰੀ ਬਾਬੇ
ਹੁਣ ਵੀ ਜੇ ਚੁੱਪ ਰਿਹਾ ਇਹ ਸਭ ਦੇਖ
ਸ਼ਾਮਿਲ ਹੋ ਜਾਣਾ ਮੈਂ ਗੁਨਾਹਗਾਰਾਂ ਵਿੱਚ
ਆਉਣ ਵਾਲੀ ਪੀੜ੍ਹੀ ਜਵਾਬ ਮੰਗੂ ‘ਸੋਹੀ’
ਨਾਮ ਜੁੜ ਨਾ ਜਾਵੇ ਕਿਤੇ ਗੱਦਾਰਾਂ ਵਿੱਚ
   ਗੁਰਮੀਤ ਸਿੰਘ ਸੋਹੀ
   ਪਿੰਡ -ਅਲਾਲ(ਧੂਰੀ)
   M 92179-81404
Previous articleਸੱਚ ਦਾ ਪ੍ਰਚਾਰ, ਕਰ ਰਿਹਾ ਵਿਰੋਧੀਆਂ ‘ਤੇ ਤਿੱਖਾ ਵਾਰ – ਇਸ ਵਾਰ ਐਡਵੋਕੇਟ ਪਰਉਪਕਾਰ
Next articleਕਾਫ਼ਲੇ ਵੱਲੋਂ ਮਈ ਮਹੀਨੇ ਦੀ ਮੀਟਿੰਗ ਦੌਰਾਨ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਅਤੇ ਮਹਿਮਾਨਾਂ ਨਾਲ਼ ਗੱਲਬਾਤ