ਨੀ ਮੈਂ ਤੇਰੇ ਉਤੇ ਮਰ ਮਿਟੀ! ਤੂੰ ਰੰਗਮੰਚ ਦਾ ਯਾਰ!!

ਸਾਹਿਬ ਸਿੰਘ

(ਸਮਾਜ ਵੀਕਲੀ)

ਮੇਲਾ ਤਾਂ ਮੇਲਾ ਹੁੰਦਾ ..ਪੰਜਾਬੀਆਂ ਦਾ ਮੇਲਾ ਜਲੇਬੀਆਂ ਪਕੌੜਿਆਂ ਨਾਲ ਮਹਿਕਦਾ…ਆਹ ਇਹ ਸੁਗੰਧ !!..ਕੱਲ੍ਹ ਗਿੱਦੜਬਾਹਾ ਟੱਪ ਕੇ ਪਿੰਡ ਗੁਰੂਸਰ ਪਹੁੰਚਿਆ ਤਾਂ ਮੇਲਾ ਭਰਿਆ ਹੋਇਆ ਸੀ..ਵਿਸਾਖੀ ਦਾ ਮੇਲਾ..ਗੁਰੂ ਤੇਗ ਬਹਾਦਰ ਦਾ ਲਾਡਲਾ ਗੋਬਿੰਦ ਹੱਟੀਆਂ ‘ ਤੇ ਖੜ੍ਹਾ ਜਲੇਬ ਖਾਈ ਜਾਵੇ..ਮੈਂ ਗੱਡੀ ਤੋਂ ਉਤਰਦਿਆਂ ਫਤਿਹ ਆਖੀ..ਉਸ ਜਵਾਬ ਨਾ ਦਿਤਾ.ਸ਼ੈਦ ਸੋਚਿਆ ਕਿ ਮੈਂ ਵੀ ਮੇਲੇ ‘ਚ ਧੂਹਵਾਂ ਚਾਦਰਾ ਛੱਡ ਗੇੜਾ ਮਾਰਨ ਈ ਆਇਆਂ !..ਮੈਂ ਗੋਬਿੰਦ ਪਿਆਰੇ ਨੂੰ ਪਕੌੜਿਆਂ ਦੀ ਹੱਟ ਤੋਂ ਹੁੱਝ ਮਾਰ ਆਪਣੇ ਕੋਲ ਬਿਠਾ ਲਿਆ !

. ਗੁਰੂਸਰ ..ਗਿੱਦੜਬਾਹਾ ਦੇ ਕੋਲ..ਗੁਰੂ ਗੋਬਿੰਦ ਸਿੰਘ ਦੀ ਆਮਦ ਹੋਈ ਤਾਂ ਇਹ ਨਗਰ ਵਸਿਆ ..ਅੱਜ ਉਸ ਸਰ ਨੂੰ ਪੂਰ ਕੇ ਮਦਾਨ ਬਣ ਗਿਆ …ਤੇ ਮਦਾਨ ‘ਚ ਬਣੇ ਪੰਡਾਲ ਤਕ ਪਹੁੰਚਣ ਲਈ ਸੂਈ ਦੇ ਨੱਕੇ ਥਾਣੀ ਨੰਘਣੈ ਪੈਂਦਾ..ਮਸਾਂ ਚਾਰ ਕੁ ਫੁੱਟ ਚੌੜਾ ਕਦੀਮੀ ਦਰਵਾਜ਼ਾ ..ਤੇ ਰੰਗਮੰਚ ਅੰਦਰ ਜਾ ਵੜਿਆ..ਲੋਕਾਂ ਹਿੱਕ ਨਾਲ ਲਾ ਲਿਆ!

ਮੇਲੇ ‘ਚ ਰੰਗੀਲੀ ਪੱਗ ਬੰਨ੍ਹ ਗੇੜਾ ਮਾਰਨੈ..ਪੰਜਾਬੀਆਂ ਦਾ ਸ਼ੌਕ..ਮੇਰਾ ਰੰਗਮੰਚ ਕਹਿੰਦਾ ..”ਵਾਹ ਸੱਜਣੈ..ਪੀਲ਼ੀ ਚੁੰਨੀ ਆਲ਼ੀ ਵੀ ਨਾਲ ਚਾਹੀਦੀ” ..ਤੇ ਕੱਲ੍ਹ ਮੇਲੇ ਦੇ ਮੇਲੀ ਮੇਲਾ ਮੇਲਾ ਕਰਦੇ ਰੰਗਮੰਚ ਦਾ ਧੇਲਾ ਕਮਾਉਣ ਸਤਰੰਗੀ ਸ਼ਿਗਾਰ ਕਰ ਕੇ ਪਹੁੰਚੇ..ਸੰਮਾਂ ਵਾਲੀ ਡਾਂਗ ਤਾਂ ਉੰਝ ਈ ਮੇਲਿਆਂ ‘ਚ ਅੱਖ ਮਟੱਕਾ ਕਰਦੀ ਐ ਸਦੀਆਂ ਤੋਂ ..ਪਰ ਅੱਜ ਇਹ ਡਾਂਗ ਸੋਚ ਵਿਚਾਰ ਦੇ ਤੇਲ ‘ਚ ਚੁੱਭੀ ਮਾਰ ਲਿਸ਼ਕਣੈ ਚਾਹੁੰਦੀ ਸੀ..ਮੈਂ ਤੇਲ ਦਾ ਕੌਲਾ ਤਿਆਰ ਕਰੀ ਬੈਠਾ !

ਰੰਗਮੰਚ ਖੂਬ ਜੰਮਿਆ ..ਮੇਲੀ ਸਵਾ ਘੰਟੇ ਲਈ ਥਮ ਗਏ..ਜ਼ਿੰਦਗੀ ਦੀ ਬਾਤ ਸੁਣਨ ਬਹਿ ਗਏ..ਮੇਲਾ ਤੇ ਰੰਗਮੰਚ!!!??? ..ਪਰੰਪਰਕ ਵਿਦਵਾਨ ਸਿਰ ਖੱਬਿਓਂ ਸੱਜੇ ਮਾਰਨਗੇ..ਪਰ ਜੇ ਬਾਤ ਈ ਉਹ ਪਾ ਦਈਏ ਜੁ ਦਾਦੀ ਨਾਨੀ ਵਲੋਂ ਕੱਤੇ ਗਲੋਟਿਆਂ ਅਰਗੀ ਹੋਵੇ ਤਾਂ ਮੇਲਾ ਟਿਕ ਵੀ ਜਾਂਦੈ..ਕੱਲ੍ਹ ਇਹ ਵਾਪਰਿਆ ..ਜਸ਼ਨੀ ਰੰਗ ‘ਚ ਰੰਗਿਆ ਗੁਰੂਸਰ ਸਤਰੰਗੀ ਪੀਂਘ ਪਾਉਣ ਲਈ ਬਿਹਬਲ ਹੋ ਉਠਿਆ..ਕਿੱਕਰਾਂ ਦੀ ਛਾਂ ਸੰਘਣੀ ਜਾਪਣ ਲੱਗੀ..ਸਵਾ ਘੰਟੇ ਲਈ ਲੋਕਾਂ ਨੇ ਮੌਜ ਮੇਲਾ ਸੋਚ ਵਿਚਾਰ ਤੇ ਕਲਾ ਦੀ ਹੱਟ ਖਾਤਰ ਕੁਰਬਾਨ ਕਰਤਾ!

ਗੁਰੂਸਰ ਵਾਲਿਓ..ਤੁਸੀਂ ਖਾਲਸਾ ਸਿਰਜਣ ਵਾਲ਼ੇ ਖਾਲਸ ਪੁਰਖ ਦੀ ਇਸ ਪਿੰਡ ‘ਚ ਆਮਦ ਦੇ ਗਵਾਹ ਹੋ..ਤੇ ਮੇਲੇ ‘ਚ ਰੰਗਮੰਚ ਦਾ ਸੋਚਵਾਨ ਰੰਗ ਸ਼ਾਮਲ ਕਰ ਕੇ ਤੁਸੀਂ ਉਸ ਅਲੋਕਿਕ ਰੰਗਮੰਚ ਸਿਰਜਕ ਨੂੰ ਸੱਚੀ ਸ਼ਰਧਾਂਜਲੀ ਦਿਤੀ ਹੈ…ਸੇਮ ਮਾਰੇ ਇਸ ਇਲਾਕੇ ‘ਚ ਕਲੱਤਣ ਮਾਰੀ ਫਸਲ ਦੇ ਪਾਲਕ ਇਹ ਕਿਰਤੀ ਲੋਕ ਵਿਸਾਖ ਮਾਹ ਦਾ ਉਹ ਦਿਹਾੜਾ ਨਹੀਂ ਭੁੱਲਦੇ ਜਦੋਂ ਸਿਰ ਸੀਸ ਬਣੇ ਸੀ..ਤੇ ਕੱਲ੍ਹ ਰੰਗਮੰਚ ਨੇ ਜਾਗਦੇ ਸੀਸ ਦੀ ਬਾਤ ਪਾਈ..ਮੇਲੇ ‘ਚ!..ਲੋਕਾਂ ਨਾਟਕ ਇਵੇਂ ਦੇਖਿਆ ਜਿਵੇਂ ਬਰਾਡਵੇ ਦੇ ਕਿਸੇ ਆਡੀਟੋਰੀਅਮ ‘ਚ ਬੈਠੇ ਹੋਣ..ਰੰਗਮੰਚ ਏਹੀ ਤਾਂ ਚਾਹੁੰਦਾ..ਲੋਕਾਂ ਦੇ ਹਰ ਦੁੱਖ ਸੁੱਖ ਤਿਉਹਾਰ ਦਾ ਹਿੱਸਾ ਹੋਣੈ..ਕੱਲ੍ਹ ਮੇਲੇ ਦਾ ਹਿੱਸਾ ਬਣ ਕੇ ਮੇਰੀ ਰੰਗਮੰਚੀ ਨਾਰ ਆਪਣੇ ਪਿਆਰੇ ਪੰਜਾਬੀਆਂ ‘ਤੇ ਮਰ ਮਿਟੀ!

ਪੰਜਾਬੀ ਪਿਆਰਿਓ..ਇਹ ਸਾਂਝ ਬਣਾਈ ਰੱਖਿਓ..ਸੰਮਾਂ ਵਾਲੀ ਡਾਂਗ ਤੁਹਾਡੀ ਐ..ਤੁਹਾਡੀ ਹੀ ਰਹੇਗੀ!

ਡਾਂਗ ਵਾਲਾ ਕਲਾਕਾਰ
ਸਾਹਿਬ ਸਿੰਘ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAsda is a one-stop party shop this Eid!
Next articleਜਿੰਦਗੀ