ਭਾਰਤੀ ਭਾਈਚਾਰੇ ਸਮੇਤ ਪੰਜਾਬੀ ਮੂਲ ਦੇ ਵੋਟਰਾਂ ਦੀ ਭੂਮਿਕਾ ਹੋਵੇਗੀ’ ਅਹਿਮ’
ਵੈਨਕੂਵਰ,(ਸਮਾਜ ਵੀਕਲੀ) (ਮਲਕੀਤ ਸਿੰਘ)– ਅਪ੍ਰੈਲ ਮਹੀਨੇ ਦੇ ਅਖੀਰਲੇ ਹਫਤੇ ਕਨੇਡਾ ਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਸਬੰਧੀ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਚੋਣ ਮੈਦਾਨ ਚ ਡੱਟ ਚੁੱਕੇ ਵੱਖ ਵੱਖ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਪੱਖ ਚ ਉਲਾਰਨ ਲਈ ਸਿਆਸੀ ਮੀਟਿੰਗਾਂ ਕਰਨ, ਚੋਣ ਦਫਤਰ ਖੋਲਣ ,ਡੋਰ ਟੂ ਡੋਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਨ ਦੇ ਨਾਲ ਨਾਲ ਵੱਖ-ਵੱਖ ਮਾਧਿਅਮਾ ਰਾਹੀਂ ਆਪਣਾ ਚੋਣ ਪ੍ਰਚਾਰ ਕਰਨ ਦਾ ਸਿਲਸਿਲਾ ਪੂਰੇ ਜੋਬਨ ਤੇ ਹੈ। ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੱਖ-ਵੱਖ ਇਲਾਕਿਆਂ ਚ ਵੀ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਦਿਖਾਈ ਦੇ ਰਿਹਾ ਹੈ, ਵੱਖ-ਵੱਖ ਭਾਈਚਾਰੇ ਦੇ ਉਮੀਦਵਾਰਾਂ ਸਮੇਤ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਉਮੀਦਵਾਰਾਂ ਵੱਲੋਂ ਵਿੱਢੀਆਂ ਚੋਣ ਸਰਗਰਮੀਆਂ ਕਾਰਨ ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ਚ ਲੱਗੇ ਵੱਖ-ਵੱਖ ਹੋਰਡੰਗ ਬੌਰਡਾ ਦੀ ਬਹੁਤਾਤ ਕਾਰਨ ਸਰੀ ਸ਼ਹਿਰ ਵੀ ਚੋਣਾਂ ਦੇ ਰੰਗ ਚ ਰੰਗਿਆ ਦਿਖਾਈ ਦੇ ਰਿਹਾ ਹੈ। ਲਿਬਰਲ ਪਾਰਟੀ ਵੱਲੋਂ ਪੰਜਾਬੀ ਮੂਲ ਨਾਲ ਸੰਬੰਧਿਤ ਜਿੱਥੇ ਸੁੱਖ ਧਾਲੀਵਾਲ,ਰਣਦੀਪ ਸਰਾਏ, ਗੁਰਬਖਸ਼ ਸੈਣੀ ਸਰੀ ਸ਼ਹਿਰ ਦੇ ਵੱਖ-ਵੱਖ ਸੰਸਦੀ ਹਲਕਿਆਂ ਤੋਂ ਚੋਣ ਪਿੜ ਚ ਨਿਤਰਕੇ ਆਪੋ ਆਪਣੀ ਕਿਸਮਤ ਅਜਮਾਈ ਕਰ ਰਹੇ ਹਨ, ਉੱਥੇ ਕੰਜਰਵੇਟਿਵ ਪਾਰਟੀ ਦੇ ਉਮੀਦਵਾਰਾਂ ਰਾਜਵੀਰ ਢਿਲੋਂ, ਸੁਖਮਨ ਗਿੱਲ ਅਤੇ ਸੁਖ ਭੰਦੇਰ ਆਦਿ ਵੱਲੋਂ ਵੀ ਆਪੋ ਆਪਣੇ ਸੰਸਦੀ ਹਲਕਿਆਂ ਚ ਆਪੋ ਆਪਣੀ ਕਾਮਯਾਬੀ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਚ ਜਿੱਥੇ ਕਿ ਕੁਦਰਤੀ ਮੌਸਮ ਦੀ ਗਰਮੀ ਵੱਧ ਜਾਣ ਦੇ ਆਸਾਰ ਹਨ ਉਥੇ ਪੂਰੇ ਕਨੇਡਾ ਚ ਵੀ ਫੈਡਰਲ ਚੋਣਾਂ ਦੇ ਬੁਖਾਰ ਦਾ ਪਾਰਾ ਪੂਰੀ ਤਰ੍ਹਾਂ ਗਰਮਾ ਜਾਣ ਦੀਆਂ ਕਿਆਸ ਆਰਾਈਆਂ ਹਨ। ਜ਼ਿਕਰ ਯੋਗ ਹੈ ਕਿ 2021 ਚ ਕਰਵਾਈ ਗਈ ਇੱਕ ਮਰਦਮ ਸ਼ੁਮਾਰੀ ਅਨੁਸਾਰ ਕਨੇਡਾ ਦੀ ਕੁੱਲ ਆਬਾਦੀ 30 ਕਰੋੜ 70 ਲੱਖ ਦੇ ਕਰੀਬ ਹੋਣੀ ਅਨਮਾਨੀ ਗਈ ਸੀ ਜਿਸ ਵਿੱਚੋਂ ਲਗਭਗ ਇੱਕ ਚੌਥਾਈ ਫੀਸਦੀ ਗਿਣਤੀ (ਲਗਭਗ 16 ਲੱਖ) ਭਾਰਤੀ ਮੂਲ ਦੇ ਲੋਕਾਂ ਦੀ ਹੋਣੀ ਕਿਆਸੀ ਗਈ ਸੀ ਜਿਸ ਵਿੱਚ ਜਿਸ ਵਿੱਚੋਂ ਲਗਭਗ 7.7 0ਲੱਖ ਗਿਣਤੀ ਪੰਜਾਬੀ ਮੂਲ ਦੇ ਲੋਕਾਂ ਦੀ ਦੱਸੀ ਗਈ ਸੀ ਜਿਸ ਕਾਰਨ ਪਿਛਲੀਆਂ ਚੋਣਾਂ ਵਾਂਗ ਇਹਨਾਂ ਫੈਡਰਡਲ ਚੋਣਾਂ ਚ ਵੀ ਭਾਰਤੀ ਭਾਈਚਾਰੇ ਸਮੇਤ ਪੰਜਾਬੀ ਮੂਲ ਦੇ ਵੋਟਰਾਂ ਦੀ ਭੂਮਿਕਾ ‘ਅਹਿਮ ‘ ਮੰਨੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj