ਹੈਦਰਾਬਾਦ ਡਾਇਰੀ

(ਸਮਾਜ ਵੀਕਲੀ) ਜਹਾਜ਼ ਵਿਚ ਸੀਟਾਂ ‘ਤੇ ਬੈਠੇ ਏਅਰ ਹੋਸਟੇਸ ਕੁੜੀ ਨੂੰ ਰੇਹੜੀ ਜਿਹੀ ਰੇੜ੍ਹਦਿਆਂ ਦੇਖ ਕੇ,ਮੇਰਾ ਮਨ ਕੁਝ,ਠੰਡਾ ਤੱਤਾ ਪੀਣ ਨੂੰ ਕਰ ਆਇਆ ਕਿਉਂਕਿ ਸਵੇਰ ਦੇ ਕੁਝ ਨਾ ਕੁਝ ਖਾਣ ਕਰ ਕੇ ਪੇਟ ਨੂੰ ਫਾਰਾ ਜਿਹਾ,ਆਇਆ ਹੋਇਆ ਸੀ। ਉਹ ਦੂਜੀਆਂ ਸਵਾਰੀਆਂ ਨੂੰ,ਆਰਡਰ ਕਰਨ ‘ਤੇ ਉਹਨਾਂ ਦਾ ਖਾਣ,ਪੀਣ ਵਾਲਾ ਸਮਾਨ ਦੇਈ ਜਾ ਰਹੀ ਸੀ।
ਮੈਂ ਉਸ ਨੂੰ ਕਿਹਾ,” ਵਨ ਕੋਲਡ ਡਰਿੰਕ, ਪਲੀਜ਼।”
ਉਹ ਬੋਲੀ,” ਨੋ ਸਰ !
ਇਟ ਇਜ਼ ਓਨਲੀ ਵਿਧ ਕੰਬੋ ਪੈਕ।”
ਮੈਂ ਉਸ ਦੀ ਗੱਲ ਨੂੰ ਅਣਗੋਲਿਆ ਕਰ ਦਿੱਤਾ ਤੇ ਉਸ ਨੂੰ ਫਿਰ ਕਿਹਾ,” ਜੇ ਕੋਲ ਡਰਿੰਕ ਨਹੀਂ ਦੇਣਾ ਤਾਂ ਇੱਕ ਚਾਹ ਦਾ ਕੱਪ ਹੀ ਦੇ ਦਿਓ !
ਮੈਂ ਆਪਣਾ ਬਟੂਆ ਕੱਢ ਕੇ ਹੱਥ ਵਿਚ,ਪਹਿਲਾਂ ਹੀ ਕੱਢ ਕੇ ਰੱਖਿਆ ਸੀ।
ਉਸ ਨੇ ਫਿਰ ਦੁਹਰਾਇਆ,” ਨੋ ਸਰ ! ਇਟ ਇਜ਼ ਆਲਸੋ ਓਨਲੀ ਵਿਧ ਕੰਬੋ ਪੈਕ।”
ਮੈਨੂੰ ਲੱਗਿਆ, ਮੈਂ ਉਸ ਨੂੰ ਸਮਝਾਉਣ ਵਿਚ ਕੁਝ ਕੁਤਾਹੀ ਕਰ ਰਿਹਾ ਹਾਂ ਜਾਂ ਉਹ ਸਮਝਣ ਵਿਚ।
ਪਤਨੀ ਨੇ ਉਸ ਨੂੰ ਕਿਹਾ,” ਕਿ ਇਹ ਚਾਹ ਜਾਂ ਕੋਲ ਡਰਿੰਕ ਹੀ ਪੀਣਾ ਚਾਹੁੰਦੇ ਹਨ,ਕੁਝ ਖਾਣਾ ਨਹੀਂ ਚਾਹੁੰਦੇ। ਅਸਲ ਵਿਚ ਜਹਾਜ਼ ਵਿਚ ਮੇਰੇ ਨਾਲ ਇਹ ਪਹਿਲੀ ਵਾਰ ਹੋ ਰਿਹਾ ਸੀ ਤੇ ਉਹ ਲੜਕੀ ਇਸ ਨਵੇਂ ਆਰਡਰ ਨਿਯਮਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਕੁਝ ਖਾਣ ਦੇ ਆਰਡਰ ਨਾਲ ਹੀ ਤੁਸੀਂ ਪੀਣ ਵਾਲੀਆਂ ਚੀਜ਼ਾਂ ਚਾਹ ਜਾਂ ਕੋਲਡ ਡਰਿੰਕ ਮੁਫ਼ਤ ਵਿਚ ਲੈ ਸਕਦੇ ਹੋ, ਉਸ ਦੇ ਕੋਈ ਪੈਸੇ ਨਹੀਂ ਸਨ।
ਖਾਣ ਕਰ ਕੇ ਤਾਂ ਮੈਂ ਪਹਿਲਾਂ ਹੀ ਆਪਣੀ ਸੀਟ ‘ਤੇ ਔਖਾ ਹੋਇਆ ਬੈਠਾ ਸੀ ਖਾਧੇ ਪੀਤੇ ਨੂੰ ਅੰਦਰ ਕਰਨ ਲਈ ਹੀ ਮੈਂ ਚਾਹ ਜਾਂ ਕੋਕ ਲੈਣਾ ਚਾਹੁੰਦਾ ਸੀ। ਮੈਂ ਬਟੂਆ ਮੋੜ ਕੇ ਫ਼ਿਰ ਆਪਣੀ ਪੇਂਟ ਦੀ ਪਿਛਲੀ ਜੇਬ ਵਿਚ ਪਾ ਲਿਆ।
ਏਅਰ ਹੋਸਟਸ ਅਜੇ ਵੀ ਉੱਥੇ ਹੀ ਖੜ੍ਹੀ ਦੂਜਿਆਂ ਨੂੰ ਖਾਣ ਪੀਣ ਵੀ ਦਾ ਸਮਾਨ ਦੇ ਰਹੀ ਸੀ। ਉਸ ਨੇ ਇੱਕ ਕੱਪ ਚਾਹ ਦਾ ਬਣਾਇਆ ਤੇ ਮੈਨੂੰ ਦੇ ਦਿੱਤਾ।
ਮੈਂ ਉਸ ਨੂੰ ਪੈਸੇ ਦੇਣ ਲਈ ਦੁਬਾਰਾ ਫ਼ੇਰ ਬਟੂਆ ਕੱਢ ਕੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਨਾਂਹ ਕਰ ਦਿੱਤੀ ਤੇ ਕਿਹਾ,”ਇਟ ਇਜ਼ ਫਰੌਮ ਮਾਇਨ। ਮੈਂ ਹੱਸ ਪਿਆ ਤੇ ਪਤਨੀ ਵੀ ਮੁਸਕਰਾਈ। ਮੈਂ ਮਨ ਵਿਚ ਕਿਹਾ,” ਪਿਆਰੀ ਬੱਚੀ, ਗੌਡ ਬਲੈੱਸ।”
ਸ਼ਾਇਦ ਉਹ ਮੇਰੀ ਮਜ਼ਬੂਰੀ ਨੂੰ ਸਮਝ ਗਈ ਸੀ ਤੇ ਮੈਂ ਉਸ ਦੀ।
ਹਾਲਾਂਕਿ ਹਰ ਵਾਰ ਜਹਾਜ਼ ਵਿਚ ਸਫ਼ਰ ਦੌਰਾਨ ਮੈਂ ਪੈਸੇ ਦੇ ਕੇ ਇਕੱਲੀ ਚਾਹ ਹੀ ਲੈਂਦਾ ਹਾਂ ਪਰ ਮੈਨੂੰ ਲੱਗਿਆ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ।
ਮੁਹਾਲੀ ਚੰਡੀਗੜ੍ਹ ਏਅਰਪੋਰਟ ਤੋਂ ਸ਼ਾਮ ‌ ਨੂੰ 6.40 ਤੇ ਚੱਲ ਕੇ ਇੰਡੀਗੋ ਦੀ ਇਹ ਫ਼ਲਾਈਟ 9.25 ਤੇ ਹੈਦਰਾਬਾਦ ਪਹੁੰਚ ਗਈ ਸੀ। ਸਮਾਨ ਲੈਂਦਿਆਂ ਦਸ ਵੱਜ ਚੁੱਕੇ ਸਨ। ਪੁੱਤਰ ਅਭਿਜੀਤ ਤੇ ਨੂੰਹ ਗਰਿਮਾ ਏਅਰਪੋਰਟ ਦੇ ਬਾਹਰ ਕਾਰ ਵਿਚ ਬੈਠੇ ਸਾਡੀ ਇੰਤਜ਼ਾਰ ਕਰ ਰਹੇ ਸਨ।
ਬਾਹਰ ਆਏ ਪਿਆਰ ਸਤਿਕਾਰ ਨਾਲ ਬੱਚਿਆਂ ਨੇ ਜੀਓ ਆਇਆ ਨੂੰ ਕਿਹਾ। ਲੇਟ ਹੋਣ ਕਰ ਕੇ ਬੱਚਿਆਂ ਨੇ ਕਿਹਾ ਕਿ ਹੁਣ ਆਪਾਂ ਖਾਣਾ ਬਾਹਰ ਹੀ ਖਾ ਕੇ ਜਾਵਾਂਗੇ।
ਏਅਰ ਪੋਰਟ ਤੋਂ ਬਾਹਰ ਨਿਕਲਦਿਆਂ ਹੀ ਕਿਲੋਮੀਟਰ ਕੁ ਮੀਟਰ ਦੀ ਦੂਰੀ ਤੇ ਐਰੋ ਫੂਡ ਪਲਾਜ਼ਾ ਸੀ। ਹਾਲਾਂ ਕਿ ਗੱਡੀ ਦਾ ਚੱਕਰ ਤਾਂ ਦੋ ਕਿਲੋਮੀਟਰ ਮੀਟਰ ਜਾਂ ਉਸ ਤੋਂ ਵੀ ਜ਼ਿਆਦਾ ਲੱਗਿਆ ਪਰ ਪਤਾ ਲੱਗਿਆ ਕਿ ਏਅਰਪੋਰਟ ਇਸ ਦੇ ਉੱਪਰ ਹੈ ਤੇ ਇਹ ਫੂਡ ਕੋਰਟ ਉਸ ਦੇ ਨਿਚਲੇ ਹਿੱਸੇ ਹਾਈਵੇ ਦੇ ਨੀਚੇ।
ਗੱਡੀ ਪਾਰਕ ਕਰਦਿਆਂ ਵੀ ਸਮਾਂ ਲੱਗਿਆ। ਸਵੇਰ ਦੇ ਬਠਿੰਡੇ ਤੋਂ ਨਿਕਲੇ ਥਕੇਵਾਂ ਵੀ ਬਹੁਤ ਸੀ।
ਜਦੋਂ ਤੱਕ ਖਾਣਾ ਮੇਜ ਤੇ ਆਉਂਦਾ ਮੈਂ ਆਪਣੇ ਮੋਬਾਈਲ ਕੈਮਰੇ ਵਿਚ ਉੱਥੋਂ ਦੇ ਕੁਝ ਦ੍ਰਿਸ਼ ਕੈਦ ਕਰ ਰਿਹਾ ਸੀ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੁੜਕੇ ਕਰੀਂ ਨਾ ਵੱਖ
Next articleਵੱਡੇ ਰੁੱਖਾਂ ਦੀਆਂ ਛਾਵਾਂ…