HOME ਹਾਸ ਵਿਅੰਗ- 78-ਸਾਨੂੰ ਵੀ ਲੋਕਾਂ ਨੇ ਪੰਜਾਬੀ ਜ਼ਬਾਨ ਦਾ ‘ਗ਼ਾਲਿਬ’ ਕਹਿਣਾ...

ਹਾਸ ਵਿਅੰਗ- 78-ਸਾਨੂੰ ਵੀ ਲੋਕਾਂ ਨੇ ਪੰਜਾਬੀ ਜ਼ਬਾਨ ਦਾ ‘ਗ਼ਾਲਿਬ’ ਕਹਿਣਾ ਸੀ।

1
ਸੁਰਜੀਤ ਸਿੰਘ ਭੁੱਲਰ 

   (ਸਮਾਜ ਵੀਕਲੀ)   ਮੈਂ ਆਪਣੀ ਜ਼ਿੰਦਗੀ ਵਿੱਚ ਕਈ ਕੁੱਝ ਬਣਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਬਦਨਸੀਬੀ ਦਾ ਮੂੰਹ ਦੇਖਣਾ ਪਿਆ। ਹਾਰ-ਹੰਭ ਕੇ,ਜਦੋਂ ਕੁੱਝ ਵੀ ਨਾ ਬਣ ਸਕਿਆ ਤਾਂ ਮਨ ਵਿੱਚ ‘ਕਵੀ’ ਬਣਨ ਦਾ ਅਜੀਬ ਜਿਹਾ ਖ਼ਿਆਲ ਕੁੱਦਿਆ। ਬੱਸ,ਫਿਰ ਕੀ ਸੀ। ਇਸ ਬਾਰੇ,ਮੈਂ ਆਪਣੇ ਇੱਕ ਜਾਣਕਾਰ ਡਾਕਟਰ (ਪੀ. ਐਚ ਡੀ) ਨਾਲ ਗੱਲ ਕੀਤੀ ਕਿ ਤੇਰਾ ਇਹ ਖ਼ਾਕਸਾਰ ‘ਕਵੀ’ ਬਣਨਾ ਚਾਹੁੰਦਾ ਹੈ,ਕੋਈ ਸੌਖਾ ਜਿਹਾ ਤਰੀਕਾ ਦੱਸ? ਉਸ ਨੇ ਸ਼ੁਰੂਆਤ ਹੀ ਕੁੱਝ ਇਸ ਢੰਗ ਨਾਲ ਕੀਤੀ ਕਿ ਮਿੱਤਰਾ,ਲੇਖਕ ਜਾਂ ਕਵੀ ਬਣਨਾ ਇੱਕ ਅੱਗ ਦਾ ਦਰਿਆ ਪਾਰ ਕਰਨਾ ਹੁੰਦਾ । ਏਸੇ ਸਾਹਿਤ-ਰੂਪੀ ਅੱਗ ਦੇ ਅਣਗਿਣਤ ਰੂਪ ਹੁੰਦੇ ਹਨ ਜਿਵੇਂ ਕਿ ਕਲਾਸੀਕਲ ਸਾਹਿਤ, ਚੇਤੰਨ ਸਾਹਿਤ,ਪ੍ਰਗਤੀਸ਼ੀਲ ਸਾਹਿਤ,ਪੂੰਜੀਵਾਦੀ ਸਾਹਿਤ,ਸੂਖਮ ਸਾਹਿਤ, ਮਿਆਰੀ ਸਾਹਿਤ,ਇਤਿਹਾਸਕ ਸਾਹਿਤ,ਧਾਰਮਿਕ ਸਾਹਿਤ,ਵਪਾਰਕ ਸਾਹਿਤ,ਆਲੋਚਨਾ ਵਿਰੋਧੀ ਸਾਹਿਤ,ਗੰਦਾ ਬਾਜ਼ਾਰੂ ਟਾਈਪ ਅਸ਼ਲੀਲ ਸਾਹਿਤ ਤੇ ਹਾਸਰਸ ਸਾਹਿਤ ਆਦਿ। ਹੁਣ ਤੂੰ ਸੋਚ ਵਿਚਾਰ ਕਰ ਕੇ ਦੱਸ ਕਿ ਕਿਸ ਸਾਹਿਤਕ ਸ਼੍ਰੈਣੀ ਦਾ ਕਵੀ ਜਾਂ ਲੇਖਕ ਬਣਨਾ ਚਾਹੁੰਦਾ ਹੈਂ?

ਇਹ ਸੁਣ ਕੇ,ਮੈਨੂੰ ਇੰਜ ਲੱਗਿਆ ਕਿ ਜਿਵੇਂ ਸੱਚੀ-ਮੁੱਚੀ,ਉਸ ਨੇ ਮੈਨੂੰ ਅੱਗ ਦੇ ਦਰਿਆ ਵਿੱਚ ਮਚਾ ਕੇ ਡੁੱਬਣ ਦਾ ਵਿਖਿਆਨ ਦਿੱਤਾ ਹੋਵਾਂ। ਮੇਰੀ ਪਰੇਸ਼ਾਨੀ ਦੇਖਦੇ ਹੋਏੇ,ਉਹਨੇ ਮੇਰਾ ਧਿਆਨ ਆਪਣੀ ਤਰਫ਼ ਖਿੱਚਣ ਲਈ,ਇਹ ਸ਼ਿਅਰ ਉਚਾਰ ਦਿੱਤਾ:

ਸ਼ਾਇਰ ਤਾਂ ਸ਼ਾਇਰ ਹੁੰਦਾ, ਇਹ ਦਾ ਨਾ ਕੋਈ  ਧਰਮ ਹੁੰਦਾ।
ਮਿਹਰ ਰੱਬੀ ਜੇ ਹੋ ਜਾਏ,ਸਮਝੋ ਇਲਹਾਮ-ਏ-ਕਰਮ ਹੁੰਦਾ।

ਉਹਦੇ ਵਿਚਾਰਾਂ ਦੀ ਬਹੁਤੀ ਸਮਝ ਤਾਂ ਮੇਰੇ ਭੇਜੇ ਵਿੱਚ ਨਾ ਪਈ ਪਰ ਮੈਂ ‘ਵਾਹ! ਵਾਹ!!’ ਕਰ ਦਿੱਤੀ। ਮੇਰੇ ਚਿਹਰੇ ਦੇ ਹਾਵ-ਭਾਵ,ਮੇਰੀ ਅਨਿਸ਼ਚਿਤਤਾ ਅਤੇ ਰੁਚੀ ਰਹਿਤ ਮੂਡ ਦੇਖ ਕੇ,ਉਹਨੇ ਜਾਂਦੇ ਹੋਏ ਨੇ ਸਲਾਹ ਦਿੱਤੀ ਕਿ ਤੂੰ ਪਹਿਲਾਂ ਆਮ ਲੋਕਾ,ਕਾਮਿਆਂ
‘ਚ ਵਿਚਰ;ਫਿਰ ਉਨ੍ਹਾਂ ਬਾਰੇ ਡੁੰਘੀ ਸੋਚ ‘ਚ ਡੁੱਬ ਕੇ ਇਕੱਲੇ ਬੈਠ ਕੇ ਕਵਿਤਾ ਲਿਖਣ ਦਾ ‘ਯੋਗ’ ਅਭਿਆਸ ਕਰ। ਇਸ਼ਕ-ਮੁਸ਼ਕ ਕਰਨ ਵਾਲੀ ਤਾਂ ਤੇਰੀ ਹੁਣ ਉਮਰ ਰਹੀ ਨਹੀਂ।

ਉਹ ਤਾਂ ਇਹ ਸਮਝਾ ਕੇ ਚੱਲਿਆ ਗਿਆ ਅਤੇ ਮੈਂ ਆਪਣੇ ਬਚਪਨ ਤੋਂ ਹੁਣ ਤੱਕ ਦੀ ਜੀਵਨ ਸ਼ੈਲੀ ‘ਤੇ ਝਾਤ ਮਾਰਨ ਲੱਗਾ। ਮੈਂ ਤਾਂ ਕਦੇ ਵੀ ਸਮਾਜ ਦੇ ਗ਼ਰੀਬ ਵਰਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੋਚਿਆ ਹੀ ਨਹੀਂ ਸੀ। ਪਰ ‘ਸਾਹਿਤਕ ਡਾਕਟਰ’ ਦੀ ਸਲਾਹ ‘ਤੇ ਜਦੋਂ ਦਾ ਮੈਂ ਗ਼ਰੀਬਾਂ, ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਘੁੰਮਣਾ ਸ਼ੁਰੂ ਕੀਤਾ ਤਾਂ ਜਾਣਿਆ ਕਿ ਉਹ ਤਾਂ ਸਖ਼ਤ ਮਿਹਨਤ ਕਰ ਕੇ ਵੀ ਮੁਸ਼ਕਿਲ ਨਾਲ ਆਪਣੀਆਂ ਨਿਤਾਪ੍ਰਤੀ ਦੀਆਂ ਬੁਨਿਆਦੀ ਲੋੜਾਂ ਹੀ ਪੂਰੀਆਂ ਕਰਦੇ ਹਨ।

ਹੁਣ ਵਾਰ ਵਾਰ ਇਹ ਖ਼ਿਆਲ ਆ ਰਿਹਾ ਹੈ ਕਿ ਕਵੀ ਬਣਨ ਲਈ ਕਾਹਤੋਂ ਇੱਕ ਨਵੀਂ ਚਿੰਤਾ ਲਾ ਲਈ। ਅੱਗੇ ਕਿਹੜਾ ਕੋਈ ਜ਼ਿੰਦਗੀ ਵਿੱਚ ਕਿਸੇ ਕੰਮ ‘ਚ ਕਾਮਯਾਬੀ ਮਿਲੀ ਹੈ। ਸੋਚਿਆਂ ਕਿ ਜੇ ਕੁਦਰਤ ਨੇ ਹੀ ਕਵੀ ਜਾਂ ਲੇਖਕ ਬਣਾਉਣਾ ਹੁੰਦਾ ਤਾਂ ਜਵਾਨੀ ‘ਚ ਇਸ਼ਕ–ਮਟੱਕੇ ਦਾ ਕੋਈ ਪੁੱਠਾ-ਸਿੱਧਾ ਸਬਕ ਹੀ ਨਾ ਪੜ੍ਹਾ ਦਿੰਦੀ। ਲੱਗਦਾ ਹੈ ਕਿ ‘ਕਵਿਤਾਕਾਰੀ’ ਕਰਨੀ,ਮੇਰੇ ਲਈ ਇਸ ਉਮਰ ਵਿੱਚ ਮੁਸ਼ਕਲ ਹੀ ਹੈ। ਸੋ ਇਸ ਗਧੀ-ਗੇੜ ਦੀ ਖੇਡ ਵਿੱਚ, ਜਿੱਥੋਂ ਮੈਂ ਤੁਰਿਆ ਸੀ, ਉੱਥੇ ਹੀ ਆ ਰੁਕਿਆ। ਪਰ ਹਾਂ, ਮੇਰੇ ਦਿਲ ਨੂੰ ਹੁਣ ਲੋਕਾਈ ਦੇ ਦੁੱਖ ਦਰਦਾਂ ਨੂੰ ਮਹਿਸੂਸ ਕਰਨਾ ਆ ਗਿਆ ਹੈ ਅਤੇ ਨਾਲ ਹੀ ਇਹ ਕਵੀ ਬਣਨ ਵਾਲੀ ਸਮੱਸਿਆ ਦੇ ਹਲ਼ ਲਈ ਮੈਨੂੰ ਇੱਕ ਤਰਕੀਬ ਸੁੱਝ ਗਈ। ਮੈਂ,ਹੁਣ ਹੋਰ ਕਵੀਜਨਾਂ ਦੀਆਂ ਕਵਿਤਾਵਾਂ ਪੜ੍ਹਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੋ ਕੁੱਝ ਚੰਗਾ ਲੱਗਦਾ,ਉਹ ਜੋੜ-ਤੋੜ ਕੇ ਆਪਣੀ ਕਵਿਤਾ ਬਣਾ ਕੇ,ਆਪਣੇ ਨਾਮ ਹੇਠ ਲਿਖਣ ਲੱਗਾ। ਮਾਇਕ ਪੱਖੋਂ ਠੀਕ–ਠਾਕ ਹੋਣ ਕਰਕੇ, ਕਈ ‘ਉਸਤਾਦ ਗਜ਼ਲਗੋਆਂ’ ਦੀਆਂ ਖ਼ਿਦਮਤਾਂ ਉਪਲੱਭਦ ਹੋਣ ਲੱਗੀਆਂ। ਬੱਸ ਜੀ,ਆਪਣਾ ਨਾਂਅ ਚੱਲ ਨਿਕਲਿਆ। ਜਿੱਥੇ ਚਾਅ,ਉੱਥੇ ਰਾਹ ਵਾਲੀ ਕਹਾਵਤ ਖਰੀ ਉਤਰੀ।

ਵੈਸੇ,ਮੈਨੂੰ ਕਾਵਿ-ਖ਼ਿਆਲ,ਨਾ ਤਾਂ ਕਦੇ ਉੱਪਰੋਂ ਆਏ ਅਤੇ ਨਾ ਹੀ ‘ਹੇਠੋਂ’ ਆਏ। ਮੇਰੇ ਦਿਲ ਵਿੱਚ ਕਵਿਤਾ ਰਾਣੀ ਨੇ ਨਾ ਕਦੇ ਆਪ ਆਉਣ ਦੀ ਇੱਛਾ ਜਤਾਈ ਅਤੇ ਨਾ ਹੀ ਹਿੰਮਤ ਝੁਟਾਈ। ਕਵਿਤਾ ਕਹਿਣ ਦੀ ਚੇਤਨਾ ਕਿੱਥੋਂ ਆਉਂਦੀ ਹੈ,ਇਹ ਕਿਵੇਂ ਬਣਦੀ ਹੈ,ਕਿਉਂ ਬਣਾਈ ਜਾਂਦੀ ਹੈ,ਕਿਉਂ ਛਾਪੀ ਜਾਂਦੀ ਹੈ, ਇਸ ਦੀ ਮਸ਼ਹੂਰੀ ਕਿਉਂ ਕੀਤੀ ਜਾਂਦੀ ਹੈ,ਇਹਦੇ ਲਿਖਣ ਦਾ ਕੀ ਫ਼ਾਇਦਾ,ਕਵੀ ਨੂੰ ਅਤੇ ਸਰੋਤਿਆਂ ਨੂੰ ਕੀ ਕੀ ਲਾਭ ਪ੍ਰਾਪਤ ਹੁੰਦੇ ਹਨ,ਇਨ੍ਹਾਂ ਗੱਲਾਂ ਬਾਰੇ ਮੈਂ ਨਿਸ਼ਚਿੰਤ ਹਾਂ। ਮੈਨੂੰ ਇਹ ਜਾਣਨ ਦੀ ਹੁਣ ਲੋੜ ਵੀ ਨਹੀਂ ਪੈਂਦੀ ਕਿਉਂਕਿ ਮੈਂ ਹੁਣ ‘ਕੱਟ ਐਂਡ ਪੇਸਟ’ ਕਰਨ ਦੀ ਜੁਗਤ ਦਾ ਸੁਘੜ ਗਿਆਤਾ ਬਣ ਚੁੱਕਾ ਹਾਂ।

ਹੁਣ ਕੁੱਝ ਸ਼ਾਇਰ ਮੇਰੇ ਦੋਸਤ ਬਣ ਗਏ ਹਨ। ਉਨ੍ਹਾਂ ਦੀ ‘ਉਂਗਲ’ ਲਾਉਣ ‘ਤੇ, ਮੈਂ ਕਵੀ ਦਰਬਾਰਾਂ/ਮਹਿਫ਼ਲਾਂ ਵਿੱਚ ਜਾਣ ਲੱਗ ਪਿਆ ਹਾਂ। ਇੱਕ ਦੋ ਸਟੇਜ ਸਕੱਤਰਾਂ ਨੂੰ ਮੈਂ ਦੋਸਤ ਬਣ ਲਿਆ ਹੈ। ਇਹ ਮੇਰੇ ‘ਜੀਭ ਲਮਕਾਊ, ਮਦਰਾ ਮਿੱਤਰ’ ਬਣ ਗਏ ਹਨ ‘ਤੇ ਮੌਕਾ ਕੱਢ ਕੇ ਮੈਨੂੰ ਮੰਚ ‘ਤੇ ਕਵਿਤਾ ਪਾਠ ਕਰਨ ਲਈ ਢੁਕਵੇਂ ਸਮੇਂ ‘ਤੇ ਬੁਲਾ ਲੈਂਦੇ ਹਨ। ਇੱਕ ਦਿਨ ਪ੍ਰਮਾਣਿਕ ਲੇਖਕ ਦੇ ਨਾਲ ਮੇਰੀ ਵੀ ਮੁਲਾਕਾਤ ਕਰਵਾਈ। ਮੁਸ਼ਾਇਰਾ ਚੱਲ ਰਿਹਾ ਸੀ। ਨਿਸ਼ਚਿਤ ਪ੍ਰੋਗਰਾਮ ਅਨੁਸਾਰ,ਜਦੋਂ ਭਾਗ ਲੈਣ ਵਾਲੇ ਸਾਰੇ ਕਵੀ ਆਪਣਾ ‘ਕੋਟਾ’ ਮੁਕਾ ਚੁੱਕੇ ਤਾਂ ਮੇਰੇ ਯਾਰ ਸਕੱਤਰ ਨੇ ਮੈਨੂੰ,ਦਰਸ਼ਕਾਂ ਨੂੰ ਨਿਹਾਲ ਕਰਨ ਲਈ ਮੰਚ ‘ਤੇ ਸੱਦ ਬੁਲਾਇਆ। ਮੈਂ ਤਾਂ ਇਹ ਅੰਦਰ-ਖਾਤੇ ਵਾਲੀ ਚਾਲ ਜਾਣਦਾ ਹੀ ਸੀ।ਸ਼ਿਵ ਤੇ ਪਾਤਰ ਹੋਰਾਂ ਦੇ ‘ਗਵੱਈਆ ਸਟਾਈਲ’ ਨੂੰ ਮਿਕਸ ਕਰਕੇ,ਮੈਂ ਜੋ‘ਰਾਗ’ ਅਲਾਪਿਆ ਤਾਂ ਇੱਕ ਪਾਸੇ ਤੋਂ ‘ਮਰ-ਪਰਾਂ,ਮਰ-ਪਰਾਂ’ ਹੋਣ ਲੱਗੀ ‘ਤੇ ਦੂਜੇ ਪਾਸੇ ਤੋਂ  ਮੇਰੇ ਮਿੱਤਰਾ ਵੱਲੋਂ ‘ਮਰਹਬਾ’’ਮਰਹਬਾ’ ਹਾਲ ਵਿੱਚ ਗੂੰਜਣ ਲੱਗੀ। ਆਪਾਂ ਤਾਂ ਆਪਣੀ ‘ਜੋਸ਼-ਏ-ਰਵਾਨੀ’ ਵਾਲੀ ਕਿੱਲੀ ਦੱਬੀ ਰੱਖੀ।

ਕੁੱਝ ਵੀ ਹੋਵੇ,ਆਪਣਾ ਰਾਂਝਾ ਖ਼ੁਸ਼ ਹੋ ਗਿਆ। ਸਾਰੀ ਗ਼ਜ਼ਲ ਤਰੱਨਮ ਦੇ ਨਾਲ ਸੁਣਾ ਦਿੱਤੀ। ਇਸ ‘ਤੇ ਕਿਸ ਕਿਸਮ ਦੀ ਪ੍ਰਸੰਸਾ ਮਿਲੀ,ਇਹ ਮੇਰਾ ਕੰਮ ਨਹੀਂ;ਅਖ਼ਬਾਰਾਂ ਵਾਲੇ ਰਿਪੋਰਟਰ ਦੱਸਣਗੇ। ਹਾਂ,ਇਹ ਖ਼ੂਬ ਚਰਚਾ ਹੋ ਰਹੀ ਸੀ ਕਿ ਅਜਿਹਾ ‘ਨਾਮੀ ਸ਼ਾਇਰ’ ਪਹਿਲਾਂ ਕਿੱਥੇ ਛੁਪਿਆ ਰਿਹਾ?

ਇਹ ਤਾਂ ਮੈਨੂੰ ਹੀ ਪਤਾ ਹੈ ਕਿ ਇਸ ਗ਼ਜ਼ਲ ਵਿੱਚ ਮੇਰੀ ਇੱਕ ਵੀ ‘ਤੁਕ’ ਨਹੀਂ ਸੀ। ਪਰ ਕੋਈ ਇਹ ਨਹੀਂ ਸਮਝ ਸਕਿਆ ਕਿ ਗ਼ਜ਼ਲ ਦੀ ਇਹ ‘ਜਾਇਦਾਦ’ ਚੋਰੀ ਦੀ ਹੈ। ਸੋਚਦਾ ਹਾਂ ਕਿ  ਜੇ ਸ਼ਾਇਰ/ਲੇਖਕ ਬਣਨ ਦਾ ਖ਼ਿਆਲ-ਏ-ਮੁਬਾਰਕ ਕਿਤੇ ਪਹਿਲੀ ਉਮਰ ਵਿੱਚ ਆ ਜਾਂਦਾ, ਤਾਂ ਕਈ ‘ਪੁਰਸਕਾਰ’ ਮਾਂਜ ਲੈਣੇ ਸਨ ਅਤੇ ਸਾਨੁੰ ਵੀ ਲੋਕਾਂ ਨੇ ਪੰਜਾਬੀ ਜ਼ਬਾਨ ਦਾ ਗ਼ਾਲਿਬ ਕਹਿਣਾ ਸੀ।

ਚਲੋ,ਹੁਣ ਵੀ ਕੋਈ ਮਾੜਾ ਨਹੀਂ ਰਿਹਾ। ਜੀਵਨ ਵਿੱਚ ਹਮੇਸ਼ਾ ਸਕਾਰਾਤਮਿਕ ਰਹਿਣਾ ਚਾਹੀਦਾ ਹੈ।
-0-
ਸੁਰਜੀਤ ਸਿੰਘ ਭੁੱਲਰ 

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੀ.ਬੀ.ਪੀ. ਈਕੋ ਗ੍ਰੀਨ–2 ਵਿੱਚ ਦਸਵੀਂ ਵਾਰਸ਼ਿਕ ਮਾਤਾ ਰਾਣੀ ਜੀ ਦੀ ਚੌਂਕੀ ਧੂਮਧਾਮ ਨਾਲ ਆਯੋਜਿਤ
Next articleਜ਼ਿਲ੍ਹਾ ਮੈਜਿਸਟਰੇਟ ਵਲੋਂ ਅਸਲਾ ਲਾਇਸੰਸ ਧਾਰਕਾਂ ਦੇ ਹਥਿਆਰ ਚੁੱਕ ਕੇ ਚੱਲਣ ’ਤੇ ਪਾਬੰਦੀ ਦੇ ਹੁਕਮ