ਪੁਰੀ (ਸਮਾਜ ਵੀਕਲੀ): ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਮਨੁੱਖਤਾ ਅਤੇ ਸਚਾਈ ਨੂੰ ਜਾਤ, ਲਿੰਗ ਜਾਂ ਧਰਮ ਦੇ ਆਧਾਰ ’ਤੇ ਨਹੀਂ ਵੰਡਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ’ਚ ਲੋੜਵੰਦਾਂ ਦੀ ਸਹਾਇਤਾ ਕਰਨ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਹੈ। ਗੌੜਿਆ ਮੱਠ ਅਤੇ ਮਿਸ਼ਨ ਦੇ ਬਾਨੀ ਸ੍ਰੀਮਦ ਭਗਤੀ ਸਿਧਾਂਤ ਸਰਸਵਤੀ ਗੋਸਵਾਮੀ ਪ੍ਰਭੂਪਦ ਦੀ 150ਵੀਂ ਜੈਅੰਤੀ ਮੌਕੇ ਸਮਾਗਮ ਦੌਰਾਨ ਸ੍ਰੀ ਕੋਵਿੰਦ ਨੇ ਕਿਹਾ ਕਿ ਮੁਲਕ ਦੇ ਵੱਖ ਵੱਖ ਹਿੱਸਿਆਂ ’ਚ ਵੱਖ ਵੱਖ ਧਾਰਮਿਕ ਰਵਾਇਤਾਂ ਅਤੇ ਰੀਤੀ-ਰਿਵਾਜ ਹਨ ਪਰ ਇਕੋ ਭਾਵਨਾ ਹੈ ਕਿ ਪੂਰੀ ਮਨੁੱਖਤਾ ਨੂੰ ਇਕ ਪਰਿਵਾਰ ਮੰਨਦਿਆਂ ਸਾਰਿਆਂ ਦੀ ਭਲਾਈ ਲਈ ਕੰਮ ਕੀਤੇ ਜਾਣ। ਡਾਕਟਰਾਂ, ਨਰਸਾਂ ਅਤੇ ਸਿਹਤ ਕਾਮਿਆਂ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਲਾਗ ਤੋਂ ਪੀੜਤ ਹੋਣ ਦੇ ਬਾਵਜੂਦ ਉਨ੍ਹਾਂ ਸੇਵਾ ਦੀ ਭਾਵਨਾ ਦਰਸਾਈ। ਉਨ੍ਹਾਂ ਕਿਹਾ ਕਿ ਕਈ ਕੋਵਿਡ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਉਨ੍ਹਾਂ ਦੇ ਸਾਥੀਆਂ ਦੀ ਸਮਰਪਣ ਭਾਵਨਾ ’ਚ ਕੋਈ ਕਮੀ ਨਹੀਂ ਆਈ। ਦੁਨੀਆ ਦੇ ਕੋਵਿਡ-19 ਤੋਂ ਛੁਟਕਾਰੇ ਦੀ ਪ੍ਰਾਰਥਨਾ ਕਰਦਿਆਂ ਉਨ੍ਹਾਂ ਕਿਹਾ ਕਿ ਪੂਰਾ ਮੁਲਕ ਅਜਿਹੇ ਯੋਧਿਆਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly