ਦੱਖਣ-ਪੂਰਬੀ ਏਸ਼ੀਆ ਦਾ ਦਾਖਲਾ ਦੁਆਰ ਬਣੇਗਾ ਅਰੁਣਾਚਲ: ਮੋਦੀ

ਯੂਪੀਆ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਅਰੁਣਾਚਲ ਪ੍ਰਦੇਸ਼ ਨੂੰ ਦੱਖਣ-ਪੂਰਬੀ ਏਸ਼ੀਆ ਦਾ ਦਾਖਲਾ ਦੁਆਰ ਬਣਾਉਣ ਲਈ ਕੰਮ ਕਰ ਰਹੀ ਹੈ। ਰਾਜ ਦੇ 36ਵੇਂ ਸਥਾਪਨਾ ਦਿਵਸ ਮੌਕੇ ਲੋਕਾਂ ਨੂੰ ਵੀਡੀਓ ਸੁਨੇਹਾ ਦਿੰਦਿਆਂ ਮੋਦੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਆਧੁਨਿਕ ਢਾਂਚੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਕੌਮੀ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ। ਇਸ ਲਈ ਇੱਥੇ ਤੇਜ਼ੀ ਨਾਲ ਆਧੁਨਿਕ ਢਾਂਚੇ ਦੀ ਉਸਾਰੀ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਅਰੁਣਾਚਲ ਨੂੰ 1987 ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਰਾਜ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਪੂਰਬੀ ਭਾਰਤ ਤੇ ਖਾਸ ਤੌਰ ’ਤੇ ਉੱਤਰ-ਪੂਰਬੀ ਭਾਰਤ 21ਵੀਂ ਸਦੀ ਵਿਚ ਮੁਲਕ ਦੇ ਵਿਕਾਸ ਦਾ ਇੰਜਣ ਬਣੇਗਾ। ਮੋਦੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਰਾਜ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਕੀਤਾ ਗਿਆ ਹੈ।

ਇਸ ਮੌਕੇ ਰਾਜ ਦੇ ਮੁੱਖ ਮੰਤਰੀ ਪੇਮਾ ਖਾਂਡੂ ਵੀ ਮੌਜੂਦ ਸਨ। ਮੋਦੀ ਨੇ ਕਿਹਾ ਕਿ ਈਟਾਨਗਰ ਦੇ ਨਾਲ-ਨਾਲ ਉੱਤਰ-ਪੂਰਬ ਵਿਚ ਸਾਰੀਆਂ ਸੂਬਾਈ ਰਾਜਧਾਨੀਆਂ ਨੂੰ ਰੇਲ ਮਾਰਗ ਨਾਲ ਜੋੜਨਾ ਸਰਕਾਰ ਦੀ ਤਰਜੀਹ ਹੈ। ਮੋਦੀ ਨੇ ਇਸ ਮੌਕੇ ਅਰੁਣਾਚਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਸੂਬੇ ਦੀ ਜੈਵ-ਵਿਭਿੰਨਤਾ ਦੇ ਪੱਖ ਤੋਂ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਕਿਰਨ ਰਿਜਿਜੂ ਵੀ ਸੂਬੇ ਦੇ ਵਿਕਾਸ ਲਈ ਅਣਥੱਕ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਸੈਰ-ਸਪਾਟੇ ਨੂੰ ਕੌਮਾਂਤਰੀ ਪੱਧਰ ਦਾ ਬਣਾਇਆ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੁੱਖਤਾ ਨੂੰ ਧਰਮ ਜਾਂ ਜਾਤ ਦੇ ਆਧਾਰ ’ਤੇ ਨਹੀਂ ਵੰਡਿਆ ਜਾ ਸਕਦਾ: ਕੋਵਿੰਦ
Next articleਫ਼ਰਜ਼ੀ ਮੁਕਾਬਲਾ: ਅਦਾਲਤ ਵੱਲੋਂ ਤਤਕਾਲੀ ਐੱਸਪੀ ਸਣੇ 18 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ