ਵਿਆਹ ਵਾਲੀ ਕਾਰ ਨਹਿਰ ’ਚ ਡਿੱਗੀ, ਲਾੜੇ ਸਣੇ ਨੌਂ ਮੌਤਾਂ

ਕੋਟਾ (ਰਾਜਸਥਾਨ) (ਸਮਾਜ ਵੀਕਲੀ):  ਰਾਜਸਥਾਨ ਦੇ ਕੋਟਾ ਵਿੱਚ ਬਰਾਤ ਨੂੰ ਲਿਜਾ ਰਹੀ ਕਾਰ ਅੱਜ ਤੜਕੇ ਚੰਬਲ ਨਹਿਰ ਵਿੱਚ ਡਿੱਗ ਗਈ, ਜਿਸ ਵਿੱਚ ਲਾੜੇ ਸਣੇ ਨੌਂ ਜਣਿਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਹਾਦਸਾ ਵਾਪਰਿਆ। ਬਰਾਤ ਮੱਧ ਪ੍ਰਦੇਸ਼ ਜਾ ਰਹੀ ਸੀ। ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ ਲੱਖ ਰੁਪਏ ਦੇਣ ਅਤੇ ਜਿਨ੍ਹਾਂ ਪਰਿਵਾਰਾਂ ਦੇ ਹਾਦਸੇ ਵਿੱਚ ਦੋ ਜਾਂ ਵੱਧ ਮੈਂਬਰ ਮਾਰੇ ਗਏ ਹਨ, ਉਨ੍ਹਾਂ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਐੱਸਪੀ (ਸਿਟੀ) ਕੇਸਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਨਿਆਪੁਰਾ ਥਾਣਾ ਖੇਤਰ ਵਿੱਚ ਤੜਕੇ ਕਾਰ ਪੁਲ ਤੋਂ ਦਰਿਆ ਵਿੱਚ ਡਿੱਗ ਗਈ। ਨੀਂਦ ਆਉਣ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਹਾਦਸੇ ਬਾਰੇ ਸੂਚਨਾ ਸਵੇਰੇ ਲਗਪਗ 7.50 ਵਜੇ ਮਿਲੀ, ਜਿਸ ਤੋਂ ਮਗਰੋਂ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ।

ਸ਼ੇਖਾਵਤ ਨੇ ਦੱਸਿਆ ਕਿ ਅੱਠ ਫੁੱਟ ਡੂੰਘੇ ਪਾਣੀ ਵਿੱਚ ਡਿੱਗੀ ਕਾਰ ਵਿੱਚੋਂ ਸੱਤ ਲਾਸ਼ਾਂ ਕੱਢੀਆਂ ਗਈਆਂ, ਜਦੋਂਕਿ ਦੋ ਲਾਸ਼ਾਂ ਬਾਅਦ ਵਿੱਚ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਬਰਾਤ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਚੌਥ ਕਾ ਬਰਵਾਰਾ ਪਿੰਡ ਤੋਂ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਵਿੱਚ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਲਾੜੇ ਅਵਿਨਾਸ਼ ਵਾਲਮੀਕਿ (23), ਉਸ ਦੇ ਭਰਾ ਕੇਸ਼ਵ (30), ਕਾਰ ਡਰਾਈਵਰ ਇਸਲਾਮ ਖ਼ਾਨ (35), ਕੁਸ਼ਾਲ (22), ਸ਼ੁਭਮ (23), ਰੋਹਿਤ ਵਾਲਮੀਕਿ (24) ਅਤੇ ਮੁਕੇਸ਼ ਗੋਚਰ (35) ਵਜੋਂ ਹੋਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਨਾਲ ਭਾਰਤ ਦੇ ਸਬੰਧ ਪਰਖ਼ੇ ਹੋਏ ਤੇ ਗਹਿਰੇ: ਥਰੂਰ
Next articleSeoul urges N.Korea to return to dialogue