(ਸਮਾਜ ਵੀਕਲੀ)
(ਇਹ ਜਿਗਿਆਸਾ ਮੈਂ ਜੋ ਉੱਪਰ ਜ਼ਾਹਰ ਕੀਤੀ ਸੀ। ਉਸ ਸਬੰਧੀ ਆਪ ਸਭ ਦੇ ਪ੍ਰਤੀਕਰਮ ਬਹੁਤ ਉਮਦਾ ਤੇ ਕਮਾਲ ਹਨ। ਹੁਣ ਜੋ ਮੈਨੂੰ ਮਹਿਸੂਸ ਹੁੰਦਾ ਹੈ, ਉਸ ਸਬੰਧੀ ਦਸਦਾਂ)
ਪਿਆਰ, ਇੱਕ ਅਹਿਸਾਸ ਹੈ ਜਿਸ ਦੇ ਆਪਣੇ ਕੁਝ ਵਿਸ਼ੇਸ਼ ਲੱਛਣ ਹਨ। ਸਾਰਿਆਂ ਲਈ ਇਸ ਦੀ ਪਰਿਭਾਸ਼ਾ ਵੱਖੋ–ਵੱਖਰੀ ਹੋ ਸਕਦੀ ਹੈ ਪਰ ਇਸ ਅਹਿਸਾਸ ਨਾਲ਼ ਜੁੜੇ ਲੱਛਣ ਸਾਰਿਆਂ ਲਈ ਇੱਕੋ ਜਿਹੇ ਹੋਣਗੇ.
ਹੁਣ ਜਿਵੇਂ ਇਸ ਗੱਲ ਨੂੰ ਲੈ ਕੇ ਤਾਂ ਸਾਰੇ ਹੀ ਸਹਿਮਤ ਹੋਣਗੇ ਕਿ ਪਿਆਰ ਦਾ ਅਹਿਸਾਸ ਜਦੋਂ ਦਿਲ–ਓ–ਦਿਮਾਗ਼ ‘ਤੇ ਅਸਰ ਕਰਦਾ ਹੈ ਤਾਂ ਸਭ ਤੋਂ ਪਹਿਲਾ ਪਰਿਵਰਤਨ ਇਹ ਵਾਪਰਦਾ ਹੈ ਕਿ ਤੁਸੀਂ ਹਓਮੈਂ ਮੁਕਤ ਹੋ ਜਾਂਦੇ ਹੋ। ਜਿੱਥੇ ਹਓਮੈਂ ਹੈ, ਜਿੱਥੇ ਮੈਂ ਹੈ ਓਥੇ ਪਿਆਰ ਨਹੀਂ ਰਹਿ ਸਕਦਾ। ਇਹ ਇਸੇ ਤਰ੍ਹਾਂ ਹੈ ਜਿਵੇਂ ਚਾਨਣ ਦੀ ਹੋਂਦ, ਹਨੇਰੇ ਦੀ ਅਣਹੋਂਦ। ਚਾਨਣ ਤੇ ਹਨੇਰਾ ਇੱਕੋ ਸਮਾਂ, ਸਥਾਨ, ਸਥਿਤੀ, ਸਮਰਥਾ, ਸੰਭਾਵਨਾ ਤੇ ਸੰਦਰਭ ਵਿੱਚ ਇਕੱਠਿਆਂ ਨਹੀਂ ਵਿਚਰ ਸਕਦੇ।
ਸੋ ਜਦੋਂ ਹਓਮੈਂ ਚਲੀ ਗਈ, ਜਦੋਂ ਮੈਂ ਮੁੱਕ ਗਈ ਤਾਂ ਇਹ ਲਗਭਗ ਸਮਾਧੀ ਦੇ ਬਰਾਬਰ ਦੀ ਅਵਸਥਾ ਹੈ ਜਿਸ ਵਿੱਚ ਅਸੀਂ ਈਗੋਲੈੱਸਨੈੱਸ ਅਤੇ ਟਾਈਮਲੈੱਸਨੈੱਟ ਅਵਸਥਾ ਵਿੱਚ ਹੁੰਦੇ ਹਾਂ। ਹਓਮੈਂ, ਮੈਂ ਦਾ ਵਿਦਾ ਹੋਣਾ ਹੀ ਵੱਡੀ ਪ੍ਰਾਪਤੀ ਹੈ। ਹੁਣ ਜਿਸ ਲਈ ਅਸੀਂ ਹਓਮੈਂ, ਮੈਂ ਤਿਆਗੀ ਹੈ, ਉਸ ਲਈ ਅਸੀਂ ਆਪਣਾ ਸਭ ਕੁਝ ਨਿਛਾਵਰ ਕਰ ਦਿੰਦੇ ਹਾਂ (ਕਿਉਂਕਿ ਇੱਥੇ ਆਪਣਾ ਹੋਣ ਦਾ ਭਾਵ ਹੀ ਖ਼ਤਮ ਹੋ ਜਾਂਦਾ ਹੈ।) ਅਜਿਹੀ ਅਵਸਥਾ ਵਿੱਚ ਜੋ ਚਮਤਕਾਰ ਵਾਪਰਦਾ ਹੈ ਉਹ ਇਹ ਹੈ ਕਿ ਅਸੀਂ ਹੁਣ ਤੱਕ ਜੋ ਆਪਣੇ ਆਪ ਨੂੰ ਸਭ ਤੋਂ ਵੱਧ ਪਸੰਦ ਕਰਦੇ ਆਏ ਹਾਂ, ਸਾਰਾ ਕੁਝ ਹੀ ਆਪਣੇ ਨਜ਼ਰੀਏ ਤੋਂ ਕਰਦੇ ਰਹੇ ਹਾਂ, ਸਭ ਤੋਂ ਜ਼ਿਆਦਾ ਆਪਣੀ ਹੀ ਕੇਅਰ ਕਰਦੇ ਰਹੇ ਹਾਂ, ਇਹ ਸਭ ਕੁਝ ਸ਼ਿਫ਼ਟ ਹੋ ਜਾਂਦਾ ਹੈ। ਪਿਆਰ ਵਿੱਚ ਦੂਜੇ ਦੀ (ਅਸਲ ਵਿੱਚ ਆਪਣੀ ਹੀ) ਕੇਅਰ ਕਰਨਾ ਸਭ ਤੋਂ ਉਭਰਵਾਂ ਨੁਕਤਾ ਹੈ।
”ਵਸੂਧੈਵਕੁਟੁੰਬਕਮ” ਅਤੇ ”ਈਕੋਸੈਂਟਰਿਜ਼ਮ” ਹੀ ਉਹ ਪਹੁੰਚਾਂ ਹਨ ਜੋ ਸਾਨੂੰ ਅਸਲ ਵਿੱਚ ਪਿਆਰ ਕਰਨਯੋਗ ਬਣਾ ਸਕਦੀਆਂ ਹਨ। ਜਦੋਂ ਤੱਕ ਪਿਆਰ ਵਿੱਚ ਕਿੰਤੂ ਹੈ ਜਾਂ ਜਦੋਂ ਤੱਕ ਪਿਆਰ ਵਿੱਚ ਪਾਰਸ਼ੈਲਿਟੀ ਹੈ ਤਾਂ ਇਹ ਪਿਆਰ ਨਹੀਂ ਕੋਈ ਪਾਰਸ਼ਲ ਜਿਹਾ ਅਹਿਸਾਸ ਹੋਵੇਗਾ ਜਿਸ ਨੂੰ ਆਪਾਂ ਪਿਆਰ ਦਾ ਨਾਮ ਦੇ ਦਿੱਤਾ ਹੈ। ਹੁਣ ਜੇ ਪਿਆਰ ਕਰਦਿਆਂ ਵੀ ਅਸੀਂ ਰੰਗ, ਜਾਤ, ਨਸਲ, ਭਾਸ਼ਾ, ਧਰਮ, ਵਿਚਾਰਧਾਰਾ ਦੀਆਂ ਵਲਗਣਾਂ ਵਿੱਚ ਬੱਝੇ ਰਹਾਂਗੇ ਤਾਂ ਅਸੀਂ ਪਿਆਰ ਨਹੀਂ ਕਰ ਰਹੇ ਹੋਵਾਂਗੇ ਬਲਕਿ ਪਿਆਰ ਦਾ ਅਡੰਬਰ ਕਰ ਰਹੇ ਹੋਵਾਂਗੇ।
ਵਸੂਧੈਵਕੁਟੁੰਬਕਮ ਦੀ ਧਾਰਨਾ ਹੈ ਕਿ ਅਸੀਂ ਸਾਰੇ ਹੀ ਇੱਕੋ ਹਾਂ। ਜਦ ਤੱਕ ਇਹ ਇੱਕ ਦਾ ਸੰਕਲਪ ਨਹੀਂ ਪੈਦਾ ਹੁੰਦਾ ਪਿਆਰ ਨਹੀਂ ਕੋਈ ਪਾਰਸ਼ਲ ਅਹਿਸਾਸ ਹੈ। ਈਕੋਸੈਂਟਰਿਜ਼ਮ ਅਪਰੋਚ ਕਹਿੰਦੀ ਹੈ ਕਿ ਇਸ ਧਰਤੀ ‘ਤੇ ਸਭ ਬਰਾਬਰ ਹਨ ਤੇ ਸਭ ਨੂੰ ਬਰਾਬਰੀ ਦਾ ਅਧਿਕਾਰ ਹੈ। ਕੇਵਲ ਮਨੁੱਖਾਂ ਨੂੰ ਹੀ ਨਹੀਂ ਬਲਕਿ ਜੀਵ–ਜੰਤੂਆਂ, ਕੀੜਿਆਂ–ਮਕੌੜਿਆਂ ਸਭ ਨੂੰ। ਜਦ ਤੱਕ ਅਸੀਂ ਇਹ ਅਪਰੋਚ ਨਹੀਂ ਅਪਣਾਉਂਦੇ ਉਦੋਂ ਤੱਕ ਵੀ ਸਾਡਾ ਪਿਆਰ ਪਿਆਰ ਨਹੀਂ ਹੋਵੇਗਾ ਕੋਈ ਪਾਰਸ਼ਲ ਜਿਹਾ ਅਹਿਸਾਸ ਹੋਵੇਗਾ। ਜਦੋਂ ਭਰਤ੍ਰੀਹਰੀ ਨੂੰ ਪੜ੍ਹਦੇ ਹਾਂ ਤਾਂ ਪਤਾ ਲਗਦਾ ਹੈ ਕਿ ਜਦੋਂ ਸਾਨੂੰ ਸਾਰੇ ਕਿਤੇ ਸਾਡਾ ਹੀ ਰੂਪ ਲੱਗਣ ਲਗ ਜਾਂਦਾ ਹੈ ਉਦੋਂ ਅਸੀਂ ਪਿਆਰ ਵਿੱਚ ਹੁੰਦੇ ਹਾਂ।
(ਇੱਕ ਸ਼ਬਦ ਹੈ ”ਸੱਚਾ ਪਿਆਰ” ਇਹ ਕੋਈ ਸ਼ਬਦ–ਜੁੱਟ ਹੀ ਨਹੀਂ ਹੈ। ਪਿਆਰ ਕਦੇ ਸੱਚਾ ਜਾਂ ਝੂਠਾ ਨਹੀਂ ਹੁੰਦਾ। ਪਿਆਰ ਪਿਆਰ ਹੁੰਦਾ ਹੈ। ਜੋ ਝੂਠਾ ਹੈ, ਉਹ ਪਿਆਰ ਨਹੀਂ, ਕੁਝ ਹੋਰ ਹੈ, ਜੋ ਪਿਆਰ ਹੈ, ਉਹ ਸੱਚਾ ਹੀ ਸੱਚਾ ਹੈ।)
ਸ਼ੁਕਰਾਨਾ ਜੀਓ
ਡਾ. ਸਵਾਮੀ ਸਰਬਜੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly