(ਸਮਾਜ ਵੀਕਲੀ) ਪੰਜਾਬੀ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਪਿੱਛੇ ਇੱਕ-ਦੂਜੇ ਦੀ ਦੇਖਾ-ਦੇਖੀ, ਬਿਨਾਂ ਲੋੜ ਤੋਂ ਹੀ ‘ਅ’ ਅੱਖਰ ਪਾਉਣ ਦਾ ਰਿਵਾਜ ਚੱਲ ਪਿਆ ਹੈ। ਅਜਿਹੇ ਸ਼ਬਦਾਂ ਵਿੱਚੋਂ ਇੱਕ ਸ਼ਬਦ ਹੈ: “ਨਾਂ”। ਇਹ ਸ਼ਬਦ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ “ਨਾਮ” ਸ਼ਬਦ ਤੋਂ ਬਣਿਆ ਹੈ। ਨਾਂ ਸ਼ਬਦ “ਨਾਮ” ਦਾ ਹੀ ਤਦਭਵ ਰੂਪ ਹੈ। ਤਦਭਵ ਸ਼ਬਦ ਬਣਨ ਵਾਲ਼ੀ ਪ੍ਰਕਿਰਿਆ ਦੌਰਾਨ ਕੇਵਲ ਨਾਮ ਸ਼ਬਦ ਵਿਚਲਾ ਮ ਅੱਖਰ “ਨਾਂ” ਦੇ ਕੰਨੇ ਉੱਤੇ ਬਿੰਦੀ ਦੇ ਤੌਰ ‘ਤੇ ਹੀ ਬਿਰਾਜਮਾਨ ਹੋਇਆ ਹੈ। ਦੂਜੀ ਗੱਲ ਇਹ ਹੈ ਕਿ ਨਾਂ (ਨਾਮ) ਸ਼ਬਦ ਦੇ ਸਮਾਨਾਰਥਕ ਹੋਰ ਕੋਈ ਵੀ ਸ਼ਬਦ ਨਹੀਂ ਹੈ। ਇਸ (ਨਾਂ ਸ਼ਬਦ) ਨਾਲ਼ ਰਲ਼ਦੇ-ਮਿਲ਼ਦੇ ਸ਼ਬਦ “ਨਾ” (“ਨਹੀਂ” ਦੇ ਅਰਥਾਂ ਵਾਲ਼ੇ) ਸ਼ਬਦ ਉੱਤੇ ਵੀ ਬਿੰਦੀ ਨਹੀਂ ਪੈਂਦੀ ਅਤੇ ਨਾ ਹੀ ਉਸ ਪਿੱਛੇ ਅ ਅੱਖਰ ਲੱਗਦਾ ਹੈ। ਫਿਰ ਇਸ (ਨਾਂ) ਪਿੱਛੇ ਅ ਅੱਖਰ ਵਾਧੂ ਪਾਉਣ ਦੀ ਖੇਚਲ਼ ਕਿਉਂ? ਅਜਿਹੇ ਫ਼ਾਲਤੂ ਦੇ ਬੋਝ ਤੋਂ ਬਚਣ ਦੀ ਲੋੜ ਹੈ। ਵਿਆਕਰਨ ਵਿੱਚ ਵਰਤੇ ਜਾਣ ਵਾਲ਼ੇ ਨਾਂਵ (ਨਾਂਵ/ਪੜਨਾਂਵ ਵਾਲ਼ੇ) ਸ਼ਬਦ ਨੂੰ ਵ ਅੱਖਰ ਨਾਲ਼ ਲਿਖਣਾ ਹੀ ਸਹੀ ਮੰਨਿਆ ਗਿਆ ਹੈ, ਅ ਨਾਲ਼ ਨਹੀਂ। ਵਿਆਕਰਨਿਕ ਨਿਯਮਾਂ ਅਨੁਸਾਰ ਨਾਂ ਸ਼ਬਦ ਦਾ ਬਹੁਵਚਨ ਰੂਪ ਬੇਸ਼ੱਕ “ਨਾਂਵਾਂ” ਹੁੰਦਾ ਹੈ, ਜਿਵੇਂ: ਮਾਂ ਦਾ ਬਹੁਵਚਨ ਮਾਂਵਾਂ ਅਤੇ ਛਾਂ ਦਾ ਛਾਂਵਾਂ। ਫਿਰ ਕੀ ਨਾਂਅ ਪਿੱਛੇ ਅ ਲਾਉਣ ਵਾਲ਼ੇ ਵਿਦਵਾਨਾਂ ਅਨੁਸਾਰ ਨਾਂਅ ਦਾ ਬਹੁਵਚਨ “ਨਾਂਆਂ” ਮੰਨਿਆ ਜਾਵੇਗਾ? ਇਸ ਲਈ ਜਿੱਥੋਂ ਤੱਕ ਹੋ ਸਕੇ ਸਾਨੂੰ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਘਰ-ਘਰ ਟਕਸਾਲ ਲਾਉਣ ਤੋਂ ਬਚਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਦੂਜਾ ਸ਼ਬਦ ਹੈ, “ਭਾ ਜੀ” ਜਿਹੜਾ ਕਿ ਆਮ ਬੋਲ-ਚਾਲ ਦੀ ਬੋਲੀ ਵਿੱਚ “ਭਰਾ ਜੀ” ਦੀ ਥਾਂ ਵਰਤਿਆ ਜਾਂਦਾ ਹੈ। ਇਸ ਨੂੰ ਇਸੇ ਤਰ੍ਹਾਂ “ਭਾ ਜੀ” (ਤੋੜ ਕੇ) ਹੀ ਲਿਖਿਆ ਜਾਣਾ ਚਾਹੀਦਾ ਹੈ ਕਿਉਂਕਿ ਜੇਕਰ ਇਸ ਨੂੰ ਜੋੜ ਕੇ ਲਿਖਾਂਗੇ ਤਾਂ ਇਹ “ਭਾਜੀ” (ਸਬਜ਼ੀ ਜਾਂ ਵਿਆਹ ਸਮੇਂ ਵੰਡੀ ਜਾਣ ਵਾਲ਼ੀ ਭਾਜੀ) ਬਣ ਜਾਵੇਗਾ। ਜੇਕਰ “ਭਾ” ਪਿੱਛੇ ਅ ਲਾ ਕੇ ਲਿਖਾਂਗੇ ਤਾਂ “ਭਾਅ ਜੀ” ਬਣ ਜਾਵੇਗਾ ਜਿਸ ਵਿੱਚ “ਭਾਅ” ਦੇ ਅਰਥ ਹੋ ਜਾਣਗੇ: ਕਿਸੇ ਚੀਜ਼ ਦਾ ਮੁੱਲ ਜਾਂ ਕੀਮਤ ਆਦਿ। ਇਸ ਲਈ ਅਜਿਹੇ ਝਮੇਲਿਆਂ ਤੋਂ ਬਚਣ ਲਈ ਸਾਨੂੰ ਭਰਾ ਜੀ ਸ਼ਬਦ ਦੇ ਬਦਲ ਵਜੋਂ ਵੀ “ਭਾ ਜੀ” ਸ਼ਬਦ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ, “ਭਾਜੀ” ਜਾਂ “ਭਾਅ ਜੀ” ਆਦਿ ਦੀ ਨਹੀਂ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ “ਭਾ ਜੀ” ਸ਼ਬਦ ਹੀ ਆਮ ਬੋਲ-ਚਾਲ ਦੀ ਬੋਲੀ ਵਿੱਚ “ਭਰਾ ਜੀ” ਦੀ ਥਾਂ ਵਰਤਿਆ ਜਾਂਦਾ ਹੈ। ਇਸ ਲਈ ਸਾਨੂੰ ਨਾਂ ਅਤੇ ਭਾ ਜੀ ਆਦਿ ਸ਼ਬਦਾਂ ਪਿੱਛੇ ਵਾਧੂ ਦਾ ਅ ਅੱਖਰ ਜੋੜ ਕੇ ਉਹਨਾਂ ਦੇ ਸੋਹਜ ਅਤੇ ਅਰਥਾਂ ਨੂੰ ਵਿਗਾੜਨ ਦੀ ਕੋਸ਼ਸ਼ ਨਹੀਂ ਕਰਨੀ ਚਾਹੀਦੀ।
ਜਸਵੀਰ ਸਿੰਘ ਪਾਬਲਾ
ਫ਼ੋਨ ਨੰ. 98884-03052
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



