ਸ਼ੁੱਧ ਪੰਜਾਬੀ ਕਿਵੇਂ ਲਿਖੀਏ?

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

ਪੰਜਾਬੀ ਵਿੱਚ ਅਕਸਰ ਗ਼ਲਤ ਲਿਖੇ ਜਾਂਦੇ ਕੁਝ ਸ਼ਬਦ: ਭਾਗ-੨

ਪੰਜਾਬੀ ਸ਼ਬਦ-ਜੋੜਾਂ ਸੰਬੰਧੀ ਇੱਕ ਨਿਯਮ ਹੈ ਕਿ ਕੁਝ ‘ਕ-ਅੰਤਿਕ’ ਸ਼ਬਦਾਂ ਨੂੰ ਵਿਸ਼ੇਸ਼ਣੀ ਰੂਪ ਦੇਣ ਲਈ ਅੰਤ ਵਿੱਚ ‘ਇਕ’ (ਇ+ਕ) ਪਿਛੇਤਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦਾ ਅਰਥ ਹੈ: ਵਾਲ਼ਾ, ਸੰਬੰਧਿਤ ਜਾਂ ਸੰਬੰਧ ਰੱਖਣ ਵਾਲ਼ਾ; ਜਿਵੇਂ: ਸਮਾਜ ਤੋਂ ਸਮਾਜਿਕ (ਸਮਾਜ ਨਾਲ਼ ਸੰਬੰਧ ਰੱਖਣ ਵਾਲ਼ਾ), ਧਰਮ ਤੋਂ ਧਾਰਮਿਕ (ਧਰਮ ਨਾਲ਼ ਸੰਬੰਧਿਤ), ਜਨਤਿਕ, ਰਾਜਨੀਤਿਕ, ਸੱਭਿਆਚਾਰਿਕ, ਭਾਈਚਾਰਿਕ, ਨੈਤਿਕ, ਭੌਤਿਕ, ਵਿਗਿਆਨਿਕ, ਸਾਹਿਤਿਕ, ਸਰੀਰਿਕ, ਪਦਾਰਥਿਕ, ਮੌਲਿਕ, ਮੌਖਿਕ, ਜਨਤਿਕ ਆਦਿ। ਅੰਤਲੇ ਅੱਖਰ ਕ ਤੋਂ ਪਹਿਲੇ ਅੱਖਰ ਨਾਲ਼ ‘ਇਕ’ (ਇ+ਕ) ਪਿਛੇਤਰ ਵਿਚਲੀ ਸਿਹਾਰੀ ਲਾਏ ਜਾਣ ਕਾਰਨ ਬਣਨ ਵਾਲ਼ਾ ਨਵਾਂ ਸ਼ਬਦ ਵਿਸ਼ੇਸ਼ਣੀ ਰੂਪ ਧਾਰ ਲੈਂਦਾ ਹੈ, ਜਿਵੇਂ: ਸਮਾਜ ਇੱਕ ਨਾਂਵ-ਸ਼ਬਦ ਹੈ ਪਰ ਇਸ ਦੇ ਪਿੱਛੇ ‘ਇਕ’ ਪਿਛੇਤਰ ਲੱਗਣ ਨਾਲ਼ ‘ਸਮਾਜਿਕ’ ਸ਼ਬਦ ਵਿਸ਼ੇਸ਼ਣ ਸ਼ਬਦ ਗਿਆ ਹੈ।

‘ਸਮਾਜਿਕ ਰਹੁ-ਰੀਤਾਂ’ ਸ਼ਬਦ-ਜੁੱਟ ਵਿੱਚ ‘ਸਮਾਜਿਕ’ ਸ਼ਬਦ ‘ਰਹੁ-ਰੀਤਾਂ’ (ਨਾਂਵ-ਸ਼ਬਦ) ਦੀ ਵਿਸ਼ੇਸ਼ਤਾ ਪ੍ਰਗਟ ਕਰ ਰਿਹਾ ਹੈ। ਪਰ ਹੁੰਦਾ ਇਹ ਹੈ ਕਿ ਅਸੀਂ ਆਮ ਤੌਰ ‘ਤੇ ਸਮਾਜਿਕ ਜਾਂ ਧਾਰਮਿਕ ਆਦਿ ਕੁਝ ਕੁ ਸ਼ਬਦਾਂ ਨਾਲ ਤਾਂ ਵਿਸ਼ੇਸ਼ਣੀ ਸ਼ਬਦ ਬਣਾਉਣ ਲਈ ਇਹ ਸਿਹਾਰੀ ਜੋੜ ਦਿੰਦੇ ਹਾਂ ਪਰ ਬਾਕੀ ਸ਼ਬਦਾਂ ਨਾਲ਼ ਬਿਲਕੁਲ ਨਹੀਂ ਜਾਂ ਬਹੁਤ ਹੀ ਘੱਟ। ਇਸੇ ਕਰਕੇ ਸਾਨੂੰ ਸਾਹਿਤਿਕ (ਸਾਹਿਤ ਨਾਲ਼ ਸੰਬੰਧਿਤ, ਜਿਵੇਂ: ਸਾਹਿਤਿਕ ਸੰਮੇਲਨ= ਸਾਹਿਤ ਦੀਆਂ ਗਤੀਵਿਧੀਆਂ ਨਾਲ਼ ਸੰਬੰਧਿਤ ਸੰਮੇਲਨ) ਅਤੇ ਸਰੀਰਿਕ (ਸਰੀਰ ਨਾਲ਼ ਸੰਬੰਧਿਤ), ਜਨਤਿਕ (ਜਨਤਾ ਨਾਲ਼ ਸੰਬੰਧਿਤ) ਆਦਿ ਸ਼ਬਦਾਂ ਵਿੱਚ ਕ ਤੋਂ ਪਹਿਲੇ ਅੱਖਰਾਂ ਨਾਲ਼ ਸਿਹਾਰੀ ਕਦੇ ਵੀ ਦਿਖਾਈ ਨਹੀਂ ਦਿੰਦੀ। ਇਸੇ ਤਰ੍ਹਾਂ ਸੱਭਿਆਚਾਰਿਕ, ਭਾਈਚਾਰਿਕ, ਰਾਜਨੀਤਿਕ, ਪਦਾਰਥਿਕ ਆਦਿ ਸ਼ਬਦ ਵੀ ਆਮ ਤੌਰ ‘ਤੇ ਸਿਹਾਰੀ ਤੋਂ ਬਿਨਾਂ ਹੀ ਲਿਖੇ ਜਾਂਦੇ ਹਨ। ਅਜਿਹਾ ਕਿਉਂ? ਨਿਯਮ ਤਾਂ ਇੱਕ ਹੀ ਕਿਸਮ ਦੇ ਸਾਰੇ ਸ਼ਬਦਾਂ ਲਈ ਇੱਕੋ-ਜਿਹੇ ਹੀ ਹੁੰਦੇ ਹਨ! ਇਸ ਸਮੱਸਿਆ ਉੱਤੇ ਸਾਨੂੰ ਡੂੰਘੀ ਸੋਚ-ਵਿਚਾਰ ਕਰਨ ਅਤੇ ਸ਼ਬਦ-ਜੋੜਾਂ ਦੀ ਇਕਸਾਰਤਾ ਕਾਇਮ ਰੱਖਣ ਦੀ ਖ਼ਾਤਰ ਇਸ ਨਿਯਮ ਉੱਤੇ ਸਖ਼ਤੀ ਨਾਲ਼ ਅਮਲ ਕਰਨ ਦੀ ਲੋੜ ਹੈ। ਇਸ ਨਿਯਮ ਨੂੰ ਯਾਦ ਰੱਖਣਾ ਵੀ ਕੋਈ ਔਖਾ ਨਹੀਂ ਹੈ।

ਕੁਝ ਲੋਕਾਂ ਨੇ ਅਜਿਹੇ ਸ਼ਬਦਾਂ ਪ੍ਰਤਿ ਸੁਣੀਆਂ-ਸੁਣਾਈਆਂ ਗੱਲਾਂ ‘ਤੇ ਆਧਾਰਿਤ ਇੱਕ ਧਾਰਨਾ ਇਹ ਵੀ ਬਣਾਈ ਹੋਈ ਹੈ ਕਿ ਚਹੁੰ ਜਾਂ ਚਹੁੰ ਤੋਂ ਵੱਧ ਅੱਖਰਾਂ ਵਾਲ਼ੇ ਸ਼ਬਦਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ। ਇਹ ਤਥਾਕਥਿਤ ਨਿਯਮ ਅਜਿਹੇ ਭਰਮ-ਜਾਲ਼ ਫੈਲਾਉਣ ਵਾਲ਼ੇ ਲੋਕਾਂ ਦੀ ਅਗਿਆਨਤਾ ਦੇ ਪ੍ਰਗਟਾਵੇ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ। ਇਹੋ-ਜਿਹਾ ਕੁਝ ਵੀ ਕਿਧਰੇ ਲਿਖਿਆ ਹੋਇਆ ਨਹੀਂ ਮਿਲ਼ਦਾ। ਅਜਿਹੇ ਲੋਕ ਸ਼ਾਇਦ ਸਿਹਾਰੀ ਪਾਉਣ ਨੂੰ ਵੀ ਇੱਕ ਵਾਧੂ ਖੇਚਲ਼ ਹੀ ਸਮਝਦੇ ਹਨ। ਫਿਰ ‘ਸਾਹਿਤਿਕ’, ‘ਜਨਤਿਕ’ ਅਤੇ ‘ਸਰੀਰਿਕ’ ਸ਼ਬਦ ਵੀ ਤਾਂ ਧਾਰਮਿਕ ਅਤੇ ਸਮਾਜਿਕ ਸ਼ਬਦਾਂ ਵਾਂਗ ਚਾਰ-ਚਾਰ ਅੱਖਰਾਂ ਵਾਲ਼ੇ ਹੀ ਸ਼ਬਦ ਹਨ, ਇਹਨਾਂ ਨੂੰ ਸਿਹਾਰੀਆਂ ਪਾ ਕੇ ਕਿਉਂ ਨਹੀਂ ਲਿਖਿਆ ਜਾਂਦਾ?

ਕੁਝ ‘ਕ-ਅੰਤਿਕ’ ਸ਼ਬਦ ਇਕੱਲੇ ‘ਕ’ ਅੱਖਰ ਨਾਲ਼ ਵੀ ਲਿਖੇ ਜਾਂਦੇ ਹਨ। ਇਸ ਪਿਛੇਤਰ ਦੀ ਮਦਦ ਨਾਲ਼ ‘ਕਰਤਰੀ-ਨਾਂਵ’ ਸ਼ਬਦ ਬਣਦੇ ਹਨ ਜਿਹੜੇ ਕਰਤਾ ਜਾਂ ਕੰਮ ਕਰਨ ਵਾਲ਼ੇ ਵੱਲ ਇਸ਼ਾਰਾ ਕਰਦੇ ਹਨ, ਜਿਵੇਂ: ਚਾਲ ਤੋਂ ਚਾਲਕ (ਕਿਸੇ ਵਾਹਨ ਆਦਿ ਨੂੰ ਚਲਾਉਣ ਵਾਲ਼ਾ), ਸੰਪਾਦਨ ਤੋਂ ਸੰਪਾਦਕ (ਸੰਪਾਦਨ ਕਰਨ ਵਾਲ਼ਾ), ਅਧਿਆਪਨ ਤੋਂ ਅਧਿਆਪਕ, ਲਿਖ ਤੋਂ ਲੇਖਕ, ਪਰੀਖਿਆ ਤੋਂ ਪਰੀਖਿਅਕ ਆਦਿ। ਇਸ ਪ੍ਰਕਾਰ ਅਜਿਹੇ ਸ਼ਬਦਾਂ ਵਿੱਚ ‘ਕ’ ਪਿਛੇਤਰ ਦਾ ਅਰਥ ਹੈ- ਕੰਮ ਨੂੰ ਕਰਨ ਵਾਲ਼ਾ। ਕੁਝ ਲੋਕ ਅਧਿਆਪਕਾ ਸ਼ਬਦ ਨੂੰ ਵੀ ਸਿਹਾਰੀ ਪਾ ਕੇ ਅਧਿਆਪਿਕਾ ਜਾਂ ਲੇਖਕਾ ਨੂੰ ਸਿਹਾਰੀ ਪਾ ਕੇ ਲੇਖਿਕਾ ਲਿਖ ਦਿੰਦੇ ਹਨ।

ਵਿਆਕਰਨਿਕ ਤੌਰ ‘ਤੇ ਅਜਿਹਾ ਕਰਨਾ ਪੂਰੀ ਤਰ੍ਹਾਂ ਗ਼ਲਤ ਹੈ ਕਿਉਂਕਿ ਉਪਰੋਕਤ ਨਿਯਮ ਅਨੁਸਾਰ ਅਜਿਹੇ ਸ਼ਬਦ ਵਿਸ਼ੇਸ਼ਣੀ ਸ਼ਬਦ ਹੋਣ ਦਾ ਭੁਲੇਖਾ ਪਾਉਂਦੇ ਹਨ ਜਦਕਿ ਮੂਲ ਰੂਪ ਵਿੱਚ ਇਹ ਕਰਤਰੀ-ਨਾਂਵ ਸ਼ਬਦ ਹੁੰਦੇ ਹਨ । ਇਸੇ ਤੱਥ ਦੀ ਵਿਆਖਿਆ ਵਜੋਂ ਇੱਕ ਹੋਰ ਸ਼ਬਦ ‘ਵਿਗਿਆਨ’ ਦੀ ਉਦਾਹਰਨ ਵੀ ਦੇਖੀ ਜਾ ਸਕਦੀ ਹੈ। ਜੇਕਰ ਅਸੀਂ ਵਿਗਿਆਨ ਸ਼ਬਦ ਦੇ ਪਿੱਛੇ ‘ਇਕ’ ਪਿਛੇਤਰ ਲਾਉਂਦੇ ਹਾਂ ਤਾਂ ਇਹ ਸ਼ਬਦ ਉਪਰੋਕਤ ਨਿਯਮ ਅਨੁਸਾਰ ਇੱਕ ਵਿਸ਼ੇਸ਼ਣੀ ਸ਼ਬਦ (ਵਿਗਿਆਨਿਕ= ਵਿਗਿਆਨਿਕ ਖੋਜਾਂ/ਕਾਢਾਂ ਆਦਿ) ਦਾ ਰੂਪ ਧਾਰ ਲੈਂਦਾ ਹੈ ਅਤੇ ਜੇਕਰ ਇਸ ਦੇ ਪਿੱਛੇ ‘ਕ’ ਪਿਛੇਤਰ ਲਾਉਂਦੇ ਹਾਂ ਤਾਂ ਇਹ (ਵਿਗਿਆਨਕ) ਕਰਤਰੀ-ਨਾਂਵ ਸ਼ਬਦ ਬਣ ਜਾਣ ਦਾ ਭੁਲੇਖਾ ਪਾਉਂਦਾ ਹੈ ਕਿਉਂਕਿ ਪੰਜਾਬੀ ਵਿੱਚ ਵਿਗਿਆਨਿਕ ਖੋਜਾਂ ਕਰਨ ਵਾਲ਼ੇ ਨੂੰ ‘ਵਿਗਿਆਨੀ’ (ਨਾਂਵ-ਸ਼ਬਦ) ਕਿਹਾ ਜਾਂਦਾ ਹੈ, ‘ਵਿਗਿਆਨਕ’ ਨਹੀਂ।

ਇਸ ਤੋਂ ਬਿਨਾਂ ਕੁਝ ‘ਕ-ਅੰਤਿਕ’ ਸ਼ਬਦਾਂ ਨੂੰ ਵਿਸ਼ੇਸ਼ਣੀ ਰੂਪ ਦੇਣ ਲਈ ਸ਼ਬਦ ਦੇ ਪਹਿਲੇ ਅੱਖਰ ਨਾਲ਼ ਦੀਰਘ ਮਾਤਰਾ ਲਾਈ ਜਾਂਦੀ ਹੈ, ਜਿਵੇਂ: ਦਿਨ (ਲਘੂ ਮਾਤਰਾ- ਸਿਹਾਰੀ) ਤੋਂ ਦੈਨਿਕ (ਦੀਰਘ ਮਾਤਰਾ- ਦੁਲਾਵਾਂ), ਵਰਸ਼ ਤੋਂ ਵਾਰਸ਼ਿਕ, ਬੁੱਧੀ ਤੋਂ ਬੌਧਿਕ, ਸਬਦ ਤੋਂ ਸ਼ਾਬਦਿਕ, ਅਰਥ ਤੋਂ ਆਰਥਿਕ ਆਦਿ।

ਕੁਝ ਸ਼ਬਦਾਂ ਵਿੱਚ ਅਜਿਹੀਆਂ ਬੇਲੋੜੀਆਂ ਸਿਹਾਰੀਆਂ ਜਿਨ੍ਹਾਂ ਦੀ ਵਰਤੋਂ ਨਾ ਕਰਨ ਨਾਲ਼ ਸ਼ਬਦਾਂ ਦੇ ਅਰਥਾਂ ਵਿੱਚ ਕੋਈ ਅੰਤਰ ਨਹੀਂ ਆਉਂਦਾ, ਹਟਾਈਆਂ ਵੀ ਗਈਆਂ ਹਨ, ਜਿਵੇਂ: ਮੁਸ਼ਕਿਲ=ਮੁਸ਼ਕਲ, ਸ਼ਾਮਿਲ=ਸ਼ਾਮਲ, ਮੁਤਾਬਿਕ=ਮੁਤਾਬਕ, ਪੰਡਿਤ=ਪੰਡਤ, ਮਸਜਿਦ=ਮਸਜਦ, ਮੰਦਿਰ= ਮੰਦਰ, ਕਾਤਿਲ= ਕਾਤਲ, ਖ਼ਾਲਿਸ= ਖ਼ਾਲਸ, ਵਾਰਿਸ= ਵਾਰਸ, ਕਠਿਨ=ਕਠਨ, ਮਾਹਿਰ=ਮਾਹਰ ਆਦਿ।

ਸਿਹਾਰੀ ਦੀ ਵਰਤੋਂ ਸੰਬੰਧੀ ਗ਼ਲਤੀਆਂ:
ਸਿਹਾਰੀ ਦੀ ਵਰਤੋਂ ਨਾਲ਼ ਲਿਖਿਆ ਇੱਕ ਅਜਿਹਾ ਸ਼ਬਦ ਜਿਸ ਨੂੰ ਅੱਜ ਤੱਕ ਬਹੁਤੇ ਲੋਕ ਗ਼ਲਤ ਸ਼ਬਦ-ਜੋੜਾਂ ਨਾਲ਼ ਹੀ ਲਿਖੀ ਆ ਰਹੇ ਹਨ, ਉਹ ਹੈ- ਰਹਾਇਸ਼। ਇਹ ਸ਼ਬਦ ਮੂਲ ਰੂਪ ਵਿੱਚ ‘ਰਹਿ’ ਸ਼ਬਦ ਤੋਂ ਬਣਿਆ ਹੋਇਆ ਹੈ ਇਸ ਲਈ ਇਸ ਵਿਚਲੇ ਰ ਅੱਖਰ ਨਾਲ਼ ਸਿਹਾਰੀ ਲਾਉਣ ਦੀ ਕੋਈ ਤੁਕ ਨਹੀਂ ਬਣਦੀ ਪਰ ਅਸੀਂ ਧੱਕੇ ਨਾਲ਼ ਇਸ ਨੂੰ ਸਿਹਾਰੀ ਪਾ ਕੇ ਹੀ ਲਿਖੀ ਜਾ ਰਹੇ ਹਾਂ। ਇਸ ਲਈ ਇਸ ਸ਼ਬਦ ਦੇ ਸਹੀ ਸ਼ਬਦ-ਜੋੜ ‘ਰਹਾਇਸ਼’ ਹੀ ਬਣਦੇ ਹਨ ਨਾਕਿ ‘ਰਿਹਾਇਸ਼’। ਇਸ ਬਾਰੇ ਕੁਝ ਲੋਕਾਂ ਦਾ ਤਰਕ ਹੈ ਕਿ ਇਹ ਸ਼ਬਦ ਕਿਉਂਕਿ ‘ਰਿਹਾ’ ਸ਼ਬਦ ਤੋਂ ਬਣਿਆ ਹੋਇਆ ਹੈ ਇਸ ਲਈ ਇਸ ਨੂੰ ‘ਰਿਹਾਇਸ਼’ ਹੀ ਲਿਖਿਆ ਜਾਣਾ ਚਾਹੀਦਾ ਹੈ। ਅਜਿਹੇ ਲੋਕਾਂ ਦਾ ਇਹ ਤਰਕ ਪੂਰੀ ਤਰ੍ਹਾਂ ਗ਼ਲਤ ਅਤੇ ਆਧਾਰਹੀਣ ਹੈ ਕਿਉਂਕਿ ‘ਰਿਹਾ’ ਸ਼ਬਦ ਤਾਂ ਖ਼ੁਦ ‘ਰਹਿ’ ਧਾਤੂ ਤੋਂ ਬਣਿਆ ਹੋਇਆ ਹੈ। ਅਜਿਹੇ ਸ਼ਬਦਾਂ ਵਿੱਚ ਮੂਲ ਸ਼ਬਦ ਅਰਥਾਤ ਧਾਤੂ ਦੀ ਪਛਾਣ ਕਰਨ ਦੀ ਜਾਚ ਆਉਣੀ ਬਹੁਤ ਜ਼ਰੂਰੀ ਹੈ; ਸਹੀ/ਗ਼ਲਤ ਦਾ ਅੰਦਾਜ਼ਾ ਤਾਂ ਫਿਰ ਅਸੀਂ ਆਪ ਹੀ ਲਾ ਸਕਦੇ ਹਾਂ।

ਇਸੇ ਤਰ੍ਹਾਂ ‘ਚਿਤਾਵਨੀ’ ਸ਼ਬਦ ਚੇਤਾ/ਚੇਤੇ (ਚੇਤੇ ਕਰਵਾਉਣਾ/ਚਿਤਾਉਣਾ) ਸ਼ਬਦ ਤੋਂ ਬਣਿਆ ਹੋਇਆ ਹੈ ਪਰ ਸਿਹਾਰੀ ਦੀ ਥਾਂ ਉਲਟਾ ਇਸ ਨੂੰ ਅਸੀਂ ਲਾਂ ਦੀ ਮਾਤਰਾ ਪਾ ਕੇ ‘ਚੇਤਾਵਨੀ’ ਹੀ ਲਿਖੀ ਜਾ ਰਹੇ ਹਾਂ। ‘ਵਿਰਾਗ’ ਸ਼ਬਦ ਜੋਕਿ ‘ਵਿ+ਰਾਗ’ ਸ਼ਬਦਾਂ ਤੋਂ ਬਣਿਆ ਹੋਇਆ ਹੈ, ਨੂੰ ਵੀ ਅਸੀਂ ਦੁਲਾਵਾਂ ਪਾ ਕੇ ਹਿੰਦੀ/ਸੰਸਕ੍ਰਿਤ ਦੇ ਸ਼ਬਦ-ਜੋੜਾਂ ਅਨੁਸਾਰ ‘ਵੈਰਾਗ’ ਹੀ ਲਿਖੀ ਜਾਂਦੇ ਹਾਂ। ‘ਵਿਰਾਗ’ ਇੱਕ ਸੰਸਕ੍ਰਿਤ-ਮੂਲਿਕ ਸ਼ਬਦ ਹੈ ਜਿਸ ਵਿੱਚ ‘ਵਿ’ ਅਗੇਤਰ ਦੇ (ਇੱਕ) ਅਰਥ ਹਨ- ਤੋਂ ਬਿਨਾਂ/ਬਾਝੋਂ ਆਦਿ ਅਤੇ ਰਾਗ ਦੇ (ਇੱਕ) ਅਰਥ- ਪ੍ਰੇਮ/ਪਿਆਰ ਹਨ ਜਿਸ ਨੇ ਹਰ ਚੀਜ਼ ਨਾਲ਼ੋਂ ਮੋਹ-ਪਿਆਰ ਤੋੜ ਲਿਆ ਹੋਵੇ। ‘ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦਾ ‘ਅਨੁਰਾਗ’ (ਲਾਲਸਾ, ਮੋਹ, ਪਿਆਰ) ਸ਼ਬਦ ਵੀ ਇਸੇ ‘ਰਾਗ’ ਸ਼ਬਦ ਤੋਂ ਹੀ ਬਣਿਆ ਹੋਇਆ ਹੈ।

ਇਸੇ ਤਰ੍ਹਾਂ ਅਰਬੀ ਭਾਸ਼ਾ ਦਾ ਇੱਕ ਸ਼ਬਦ ਹੈ ਜੋਕਿ ਬਰਾਸਤਾ ਫ਼ਾਰਸੀ ਸਾਡੇ ਕੋਲ਼ ਪਹੁੰਚਿਆ ਹੈ, ਉਹ ਹੈ- ਹਿਦਾਇਤ ਜਾਂ ਹਿਦਾਇਤਾਂ। ਦੇਖਣ ਵਿੱਚ ਆਇਆ ਹੈ ਕਿ ਇਸ ਸ਼ਬਦ ਨੂੰ ਵੀ ਅਕਸਰ ਬਿਨਾਂ ਸਿਹਾਰੀ ਤੋਂ ‘ਹਦਾਇਤ’ ਜਾਂ ‘ਹਦਾਇਤਾਂ’ ਹੀ ਲਿਖਿਆ ਜਾਂਦਾ ਹੈ ਜੋਕਿ ਸਰਾਸਰ ਗ਼ਲਤ ਹੈ। ਇਸ ਨੂੰ ਸਿਹਾਰੀ ਪਾ ਕੇ ਲਿਖਣਾ ਹੀ ਇਸ ਦਾ ਸ਼ੁੱਧ ਰੂਪ ਮੰਨਿਆ ਗਿਆ ਹੈ। ਇਸੇ ਤਰ੍ਹਾਂ ‘ਹਰਨ’ ਸ਼ਬਦ ਨੂੰ ਵੀ ਅਸੀਂ ਹਿੰਦੀ ਭਾਸ਼ਾ ਦੀ ਰੀਸੇ ਸਿਹਾਰੀ ਪਾ ਕੇ ‘ਹਿਰਨ’ (हिरण) ਹੀ ਲਿਖੀ ਜਾ ਰਹੇ ਹਾਂ ਤੇ ਇਸੇ ਨੂੰ ਹੀ ਇਸ ਦਾ ਸ਼ੁੱਧ ਰੂਪ ਮੰਨੀ ਬੈਠੇ ਹਾਂ ਜਦਕਿ ਇਸ ਦਾ ਪੰਜਾਬੀ ਰੂਪ ‘ਹਰਨ’ ਹੈ। ‘ਹਰਨ’ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਮਿਲ਼ਦਾ ਹੈ। ਇੱਥੇ ਵੀ ਇਸ ਸ਼ਬਦ ਦੀ ਵਰਤੋਂ ਸਿਹਾਰੀ ਤੋਂ ਬਿਨਾਂ ਹੀ ਕੀਤੀ ਗਈ ਹੈ:
—ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ॥
—ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥

ਇਸ ਤੋਂ ਇਲਾਵਾ ਸਾਡੇ ਮੁਹਾਵਰਿਆਂ, ਜਿਵੇਂ: ‘ਹਰਨ ਹੋ ਜਾਣਾ’ ਆਦਿ ਵਿੱਚ ਵੀ ਇਸ ਦੀ ਵਰਤੋਂ ‘ਹਰਨ’ ਦੇ ਤੌਰ ‘ਤੇ ਹੀ ਕੀਤੀ ਗਈ ਹੈ। ਹਰਨ ਦੀ ਮਾਦਾ ‘ਹਰਨੀ’ ਲਈ ਵੀ ਇਹ ਸ਼ਬਦ ਬਿਨਾਂ ਸਿਹਾਰੀ ਤੋਂ ਹੀ ਲਿਖਣਾ ਹੈ। ਇਸੇ ਤਰ੍ਹਾਂ ਵਿਚਿੱਤਰ, ਨਿਰੋਲ, ਜਿਗਿਆਸਾ ਆਦਿ ਸ਼ਬਦ ਵੀ ਸਿਹਾਰੀ ਪਾ ਕੇ ਹੀ ਲਿਖੇ ਜਾਣੇ ਹਨ ਪਰ ਬਹੁਤੇ ਲੋਕ ਇਹਨਾਂ ਨੂੰ ਵੀ ਸਿਹਾਰੀ ਤੋੰ ਬਿਨਾਂ ਹੀ ਲਿਖ ਰਹੇ ਹਨ। ‘ਚਿਹਰਾ’ ਸ਼ਬਦ ਨੂੰ ਅੱਜ-ਕੱਲ੍ਹ ਕੁਝ ਲੋਕ ਹਿੰਦੀ/ਪੰਜਾਬੀ ਗਾਣਿਆਂ ਵਿੱਚ ਵੀ ਹ ਅੱਖਰ ਨੂੰ ਸਿਹਾਰੀ ਦੀ ਅਵਾਜ਼ ਨਾਲ਼ ‘ਚਹਿਰਾ’ ਹੀ ਬੋਲ ਰਹੇ ਹਨ ਜਦਕਿ ਸਿਹਾਰੀ ਦੀ ਮਾਤਰਾ ਹਾਹੇ ਨਾਲ਼ ਨਹੀਂ ਸਗੋਂ ‘ਚੱਚੇ’ ਅੱਖਰ ਨਾਲ਼ ਲੱਗੀ ਹੋਈ ਹੈ ਤੇ ਇਸ ਦਾ ਉਚਾਰਨ ਵੀ ‘ਚਿਹਰਾ’ ਹੀ ਬਣਦਾ ਹੈ।
ਪੰਜਾਬੀ ਦੇ ਸੰਸਕ੍ਰਿਤ ਮੂਲ ਵਾਲ਼ੇ ਸ਼ਬਦ ‘ਪ੍ਰਤਿ’ ਨੂੰ ਵੀ ਲੋਕ ਅਕਸਰ ਬਿਹਾਰੀ ਨਾਲ਼ ‘ਪ੍ਰਤੀ’ ਦੇ ਤੌਰ ‘ਤੇ ਹੀ ਲਿਖਦੇ ਹਨ ਜਦਕਿ ਇਹ ਸ਼ਬਦ ‘ਪ੍ਰ+ਇਤਿ’ ਸ਼ਬਦਾਂ ਤੋਂ ਬਣਿਆ ਹੋਇਆ ਹੈ ਅਤੇ ਇਸ ਨੂੰ ਸਿਹਾਰੀ ਪਾ ਕੇ ‘ਪ੍ਰਤਿ’ ਦੇ ਤੌਰ ‘ਤੇ ਹੀ ਲਿਖਣਾ ਹੈ।

ਇਸੇ ਤਰ੍ਹਾਂ ‘ਪ੍ਰਤਿ’ ਸ਼ਬਦ ਤੋਂ ਬਣੇ ਪ੍ਰਤਿਸ਼ਤ, ਪ੍ਰਤਿਕਿਰਿਆ, ਪ੍ਰਤਿਯੋਗਤਾ, ਪ੍ਰਤਿਬਿੰਬ, ਪ੍ਰਤਿਕੂਲ, ਪ੍ਰਤਿਬੰਧ, ਪ੍ਰਤਿਕਰਮ ਅਤੇ ਪ੍ਰਤਿਨਿਧ ਆਦਿ ਸ਼ਬਦ ਵੀ। ਇਸ ਸ਼ਬਦ ਦੇ ਕੁਝ ਹੋਰ ਅਰਥਾਂ ਦੇ ਨਾਲ਼-ਨਾਲ਼ ਇਸ ਦੇ ਇੱਕ ਅਰਥ- ‘ਹਰ ‘ ਜਾਂ ‘ਹਰ ਇੱਕ’ ਵੀ ਹਨ। ਇਸ ਦੇ ‘ਹਰ ਜਾਂ ‘ਹਰ ਇੱਕ’ ਵਾਲ਼ੇ ਅਰਥਾਂ ਨੂੰ ‘ਇੱਕ ਇਕਾਈ’ ਵੀ ਆਖਿਆ ਜਾ ਸਕਦਾ ਹੈ ਕਿਉਂਕਿ ਪ੍ਰਤਿ ਸ਼ਬਦ ਵਿਚਲੇ ‘ਪ੍ਰ’ ਅਗੇਤਰ ਦੇ ਅਰਥ ਹਨ: ਦੂਰ-ਦੂਰ ਤੱਕ ਅਤੇ ‘ਇਤਿ’ ਸ਼ਬਦ ਦੇ ਅਰਥ ਹਨ: ਅੰਤ। ਇਸ ਪ੍ਰਕਾਰ ਇਸ ਸ਼ਬਦ (ਪ੍ਰਤਿ) ਦੇ ਅਰਥ ਬਣੇ- ਜੋ ਕਿਸੇ ਵਿਸ਼ੇਸ਼ ਦੂਰੀ ਤੱਕ ਫੈਲਿਆ ਹੋਵੇ ਪਰ ਉਸ ਦਾ ਆਲ਼ੇ-ਦੁਆਲ਼ਿਓਂ ਭਾਵ ਹਰ ਪਾਸਿਓਂ ਇੱਕ ਨਿਸ਼ਚਿਤ ਆਕਾਰ, ਅੰਤ ਜਾਂ ਸਿਰਾ ਹੋਵੇ ਤੇ ਜਿਹੜਾ ਇੱਕ ਇਕਾਈ (unit) ਵਿੱਚ ਬੱਝਿਆ ਹੋਇਆ ਹੋਵੇ।

ਇਸੇ ਕਾਰਨ ‘ਪ੍ਰਤਿ’ ਸ਼ਬਦ ਨਾਲ਼ ਬਣੇ ਪ੍ਰਤਿਸ਼ਤ ਦੇ ਅਰਥ ‘ਹਰ ਸੈਂਕੜੇ ਦੀ ਇਕਾਈ ਮੁਤਾਬਕ/ਮਗਰ’ ਹਨ ਅਤੇ ਪ੍ਰਤਿ ਸਾਲ ਦੇ ਅਰਥ ‘ਹਰ ਸਾਲ ਜਾਂ ਹਰ ਸਾਲ ਦੀ ਇੱਕ ਇਕਾਈ ਮੁਤਾਬਕ’। ਅੰਗਰੇਜ਼ੀ ਵਿੱਚ ‘ਪ੍ਰਤਿ’ ਸ਼ਬਦ ਲਈ ‘ਪਰ’ (per) ਸ਼ਬਦ ਵਰਤਿਆ ਜਾਂਦਾ ਹੈ। ਇਹਨਾਂ ਦੋਂਹਾਂ ਸ਼ਬਦਾਂ ਦੀਆਂ ਧੁਨੀਆਂ ਦੀ ਆਪਸੀ ਸਾਂਝ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੇ ਪਿਛੋਕੜ ਵਾਲ਼ੇ ਸ਼ਬਦ ਹੋਣ ਕਾਰਨ ਮੁਢਲੀ ਸੰਸਕ੍ਰਿਤ ਜਾਂ ਮੂਲ ਆਰੀਆਈ ਭਾਸ਼ਾ ਨਾਲ ਜਾ ਜੁੜਦਾ ਹੈ। ਪਿੰਡਾਂ ਵਿੱਚ ਆਮ ਲੋਕ ਬੋਲ-ਚਾਲ ਦੀ ਭਾਸ਼ਾ ਵਿੱਚ ‘ਪ੍ਰਤਿ’ ਸ਼ਬਦ ਨੂੰ ‘ਪਰਤੀ’ ਦੇ ਤੌਰ ‘ਤੇ ਵੀ ਵਰਤਦੇ ਹਨ, ਜਿਵੇਂ: “ਪਿੰਡ ਦੀ ਨੌਜਵਾਨ ਸਭਾ ਨੇ ਇਹ ਕੰਮ ਕਰਵਾਉਣ ਲਈ ਘਰ ਪਰਤੀ ਸੌ-ਸੌ ਰੁਪਏ ਲਾਏ ਹਨ।”

ਇਸ ਪ੍ਰਕਾਰ ਬੋਲ-ਚਾਲ ਦੀ ਬੋਲੀ ਵਿੱਚ ਇਹ ਸ਼ਬਦ ਕੁਝ ਲੋਕਾਂ ਦੀ ਵਰਤੋਂ ਅਨੁਸਾਰ ‘ਪਰਤੀ’ ਹੈ ਅਤੇ ਲਿਖਤੀ ਜਾਂ ਟਕਸਾਲੀ ਬੋਲੀ ਵਿੱਚ- ਪ੍ਰਤਿ। ਇਸੇ ਤਰ੍ਹਾਂ ਕੁਝ ਇੱਕ ਹੋਰ ਸ਼ਬਦਾਂ, ਜਿਵੇਂ : ਆਦਿ, ਅਧਿਆਇ ਆਦਿ ਨੂੰ ਵੀ ਅੰਤ ਵਿੱਚ ਸਿਹਾਰੀ ਪਾ ਕੇ ਹੀ ਲਿਖਣ ਦੀ ਹਿਦਾਇਤ ਹੈ। ਪੰਜਾਬੀ ਵਿੱਚ ਆਮ ਤੌਰ ‘ਤੇ ਸ਼ਬਦਾਂ ਦੇ ਅੰਤ ਵਿੱਚ ਲੱਗਣ ਵਾਲ਼ੀ ਸਿਹਾਰੀ, ਬਿਹਾਰੀ ਵਿੱਚ ਬਦਲ ਜਾਂਦੀ ਹੈ, ਜਿਵੇਂ ਮੁਕਤਿ (मुक्ति)= ਮੁਕਤੀ ਪਰ ਉਪਰੋਕਤ ਕੁਝ ਸ਼ਬਦਾਂ ਨੂੰ, ਅਰਥ ਬਦਲ ਜਾਣ ਦੇ ਡਰੋਂ ਇਸ ਨਿਯਮ ਤੋਂ ਛੋਟ ਵੀ ਹੈ।

ਪ੍ਰਤਿ ਦੇ ਉਲਟ ਇੱਕ ਹੋਰ ਸ਼ਬਦ ਜਿਸ ਨੂੰ ਕਿ ਬਿਹਾਰੀ ਨਾਲ਼ ਲਿਖਣਾ ਹੈ, ਉਹ ਹੈ- ਨਿਤਾਪ੍ਰਤੀ। ਇਸ ਦੇ ਅਰਥ ਹਨ- ਹਰ ਰੋਜ਼ ਕੀਤੇ ਜਾਣ ਵਾਲ਼ਾ ਕੰਮ। ਦਰਅਸਲ ਧੁਨੀਆਂ ਦੇ ਅਰਥਾਂ ਅਨੁਸਾਰ ਸਿਹਾਰੀ ਦੇ ਅਰਥ ਹੁੰਦੇ ਹਨ- ਆਲ਼ੇ-ਦੁਆਲ਼ੇ ਅਰਥਾਤ ਜਿੱਥੇ ਇਹ ਧੁਨੀ ਲੱਗ ਜਾਂਦੀ ਹੈ, ਉੱਥੇ ਇਹ ਆਪਣੇ ਤੋਂ ਪਹਿਲੇ ਭਾਗ ਦੇ ਅਰਥਾਂ ਨੂੰ ਉੱਥੋਂ ਤੀਕ ਹੀ ਸੀਮਿਤ ਕਰ ਦਿੰਦੀ ਹੈ, ਜਿਵੇਂ: ਪ੍ਰਤਿ, ਇਤਿ ਆਦਿ। ਦੂਜੇ ਪਾਸੇ ਬਿਹਾਰੀ ਦੀ ਮਾਤਰਾ ਆਪਣੇ ਤੋਂ ਪਹਿਲਾਂ ਲੱਗੇ ਸ਼ਬਦ, ਕਿਰਿਆ ਦੇ ਕਾਰਜ ਜਾਂ ਧੁਨੀਆਂ ਦੇ ਅਰਥਾਂ ਨੂੰ ਅੱਗੇ ਵੱਲ ਲਿਜਾਂਦੀ ਹੈ।

ਇਸੇ ਕਾਰਨ ‘ਪ੍ਰਤਿ’ ਸ਼ਬਦ ਵਿੱਚ ਸਿਹਾਰੀ ਲੱਗੀ ਹੋਣ ਕਾਰਨ ਇਸ ਸ਼ਬਦ ਦੇ ਅਰਥ ਉਪਰੋਕਤ ਅਨੁਸਾਰ ਇੱਕ ਨਿਸ਼ਚਿਤ ਹੱਦ ਤੱਕ ਹੀ ਸੀਮਿਤ ਹੋ ਜਾਂਦੇ ਹਨ ਪਰ ‘ਨਿਤਾਪ੍ਰਤੀ’ ਸ਼ਬਦ ਵਿੱਚ ਬਿਹਾਰੀ ਲੱਗੀ ਹੋਣ ਕਾਰਨ ਇਸ ਸ਼ਬਦ ਦੇ ਅਰਥ ‘ਅਗਲੇ ਅਨੰਤ ਦਿਨਾਂ ਤੱਕ’ ਹੋ ਜਾਂਦੇ ਹਨ। ਇਸ ਤੋਂ ਬਿਨਾਂ ਬਿਹਾਰੀ ਦੀ ਵਰਤੋਂ ਪੁਲਿੰਗ ਸ਼ਬਦਾਂ ਨੂੰ ਇਸਤਰੀ-ਲਿੰਗ ਸ਼ਬਦ ਬਣਾਉਣ ਲਈ ਵੀ ਕੀਤੀ ਜਾਂਦੀ ਹੈ, ਜਿਵੇਂ: ਦਾਦਾ-ਦਾਦੀ, ਬੱਚਾ-ਬੱਚੀ ਆਦਿ। ਇਸੇ ਤਰ੍ਹਾਂ ਕੰਨੇ ਦੀ ਮਾਤਰਾ ਦੀ (ਇੱਕ) ਵਰਤੋਂ ਵੀ ਇਸ ਉਦਾਹਰਨ ਵਿਚਲੇ ਸ਼ਬਦਾਂ- ਦਾਦਾ ਅਤੇ ਬੱਚਾ ਵਾਂਗ ਪੁਲਿੰਗ ਅਤੇ ਇੱਕਵਚਨ ਸ਼ਬਦ ਬਣਾਉਣ ਲਈ ਵੀ ਕੀਤੀ ਜਾਂਦੀ ਹੈ।
—(ਚੱਲਦਾ)

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052.

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAncient, well-preserved bronze sword found in Germany
Next articleਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਆਊਟਸੋਰਸਡ ਠੇਕਾ ਕਾਮੇ 19 ਜੂਨ ਨੂੰ ਵਿਧਾਨਸਭਾ ਵੱਲ ਕਰਨਗੇ ਮਾਰਚ ਅਤੇ ਲਗਾਉਣ ਗਏ ਲਗਾਤਾਰ ਧਰਨਾ:- ਬਲਿਹਾਰ ਸਿੰਘ