ਸ਼ੁੱਧ ਪੰਜਾਬੀ ਕਿਵੇਂ ਲਿਖੀਏ? ਰੂ-ਬਰੂ/ਰੂਬਰੂ/ਰੂਬ-ਰੂ ਜਾਂ ਰੂਹ-ਬਰੂ? ਕਿਉਂ ਅਤੇ ਕਿਵੇਂ? (ਮੇਰੀ ਇੱਕ ਟਿੱਪਣੀ ‘ਤੇ ਆਧਾਰਿਤ)

ਜਸਵੀਰ ਸਿੰਘ ਪਾਬਲਾ
(ਸਮਾਜ ਵੀਕਲੀ) ਕੁਝ ਲੋਕਾਂ ਨੂੰ ਭੁਲੇਖਾ ਹੈ ਕਿ ਰੂ-ਬਰੂ ਸ਼ਬਦ ਵਿੱਚ ਰੂ ਦੀ ਥਾਂ ਇੱਥੇ “ਰੂਹ” ਸ਼ਬਦ ਵਰਤਿਆ ਗਿਆ ਹੈ। ਅਜਿਹਾ ਬਿਲਕੁਲ ਨਹੀਂ ਹੈ ਬਲਕਿ ਇੱਥੇ ਰੂ ਸ਼ਬਦ ਹੀ ਵਰਤਿਆ ਗਿਆ ਹੈ ਤੇ ਇਸ ਦੇ ਅਰਥ ਹਨ :”ਸਾਮ੍ਹਣੇ”। ਇਸੇ ਲਈ ਰੂ-ਬਰੂ ਸ਼ਬਦ ਦੇ ਅਰਥ ਹਨ : “ਆਮ੍ਹੋ-ਸਾਮ੍ਹਣੇ”।
—ਬਹੁਤੇ ਲੋਕ ਤਾਂ “ਰੂਦਾਰੀ” ਸ਼ਬਦ ਨੂੰ ਵੀ “ਰੂਹ” (ਆਤਮਾ ) ਦੇ ਅਰਥਾਂ ਨਾਲ਼ ਜੋੜ ਕੇ “ਰੂਹਦਾਰੀ” ਹੀ ਲਿਖ ਦਿੰਦੇ ਹਨ ਜੋਕਿ ਸਰਾਸਰ ਗ਼ਲਤ ਹੈ ਤੇ ਅਰਥਾਂ ਦੇ ਅਨਰਥ ਕਰਨ ਦੇ ਬਰਾਬਰ ਹੈ।
—ਇਸ ਪ੍ਰਕਾਰ ਅਸੀਂ ਲਕੀਰ ਦੇ ਫ਼ਕੀਰ ਬਣ ਕੇ, ਸ਼ਬਦਾਂ ਨੂੰ, ਉਹਨਾਂ ਦੇ ਅਰਥਾਂ ਦੀ ਤਹਿ ਤੱਕ ਪਹੁੰਚਣ ਤੋਂ ਬਿਨਾਂ ਹੀ ਵਰਤੋਂ ਕਰਨ ਦੇ ਧਾਰਨੀ ਹਾਂ। ਰੂਦਾਰੀ ਸ਼ਬਦ ਦੀ ਮਿਸਾਲ ਹੀ ਲੈ ਲਓ। ਇਸ ਵਿੱਚ ਰੂ ਦੇ ਅਰਥਾਂ ਨੂੰ ਸਮਝਣ ਤੋਂ ਬਗ਼ੈਰ ਅਸੀਂ ਇਸ ਦੀ ਥਾਂ ਕਈ ਵਾਰ ਰੂਹ ਸ਼ਬਦ ਹੀ ਵਰਤ ਲੈਂਦੇ ਹਾਂ ਕਿਉਂਕਿ ਅਸੀਂ ਕੇਵਲ ਰੂਹ ਸ਼ਬਦ ਹੀ ਸੁਣਿਆ ਹੋਇਆ ਹੈ ਤੇ “ਰੂ” ਸ਼ਬਦ ਬਾਰੇ ਅਸੀਂ ਕਦੇ ਜਾਣਨ ਦੀ ਕੋਸ਼ਸ਼ ਹੀ ਨਹੀਂ ਕਰਦੇ ਜਦਕਿ ਰੂ ਤੋਂ ਹੀ ਬਣੇ ਹੋਏ ਸ਼ਬਦਾਂ: ਰੂਪੋਸ਼ (ਸਾਮ੍ਹਣੇ ਨਾ ਹੋਣਾ/ਲੁਕ-ਛੁਪ ਕੇ ਰਹਿਣਾ) ਅਤੇ ਰੂਨੁਮਾ ਹੋਣਾ (ਸਾਮ੍ਹਣੇ ਆ ਜਾਣਾ/ ਪ੍ਰਗਟ ਹੋਣਾ) ਆਦਿ ਸ਼ਬਦਾਂ ਦੀ ਵਰਤੋਂ ਅਸੀਂ ਆਮ ਹੀ ਕਰਦੇ ਹਾਂ।
—- ਸਾਨੂੰ ਕਿਸੇ ਸ਼ਬਦ ਵਿਚਲੇ ਵੱਖ-ਵੱਖ ਸ਼ਬਦਾਂ ਦੇ ਅਰਥਾਂ ਨੂੰ ਸਮਝ ਕੇ ਹੀ ਉਹਨਾਂ ਦੇ ਅਰਥਾਂ ਅਨੁਸਾਰ , ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਹੁਦਰੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
—-ਉਂਞ ਰੂ-ਬਰੂ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਜਿਸ ਵਿੱਚ ਬ ਅੱਖਰ (ਅਰਬੀ ਭਾਸ਼ਾ ਦਾ) ਇੱਕ ਅਗੇਤਰ ਦਾ ਕੰਮ ਕਰ ਰਿਹਾ ਹੈ ਜਿਸ ਦੇ ਅਰਥ ਹਨ- ਵੱਲ; ਭਾਵ “ਮੂੰਹ ਵੱਲ ਮੂੰਹ” ਅਰਥਾਤ ਆਮ੍ਹੋ-ਸਾਮ੍ਹਣੇ ਹੋਣਾ।
—-ਯਾਦ ਰੱਖਣਯੋਗ ਗੱਲ ਇਹ ਹੈ ਕਿ ਰੂ-ਬਰੂ ਸ਼ਬਦ ਵਿੱਚ ਰੂ ਕੋਈ ਧੁਨੀ ਨਹੀਂ ਹੈ ਜਾਂ ਰੂਹ (ਫ਼ਾਰਸੀ) ਸ਼ਬਦ ਨਹੀਂ ਹੈ ਸਗੋਂ ਰੂ ਇੱਕ ਸੰਪੂਰਨ ਸ਼ਬਦ ਹੈ ਜਿਸ ਦੇ ਅਰਥ ਹਨ- ਸਾਮ੍ਹਣੇ ਜਾਂ ਸਾਮ੍ਹਣੇ ਹੋਣਾ।
—-ਰੂ-ਬਰੂ ਸ਼ਬਦ ਵਿਚਲੇ ਇਸੇ ਬ ਅਗੇਤਰ ਨਾਲ਼ ਹੀ ਬਖ਼ੂਬੀ=ਬ+ਖ਼ੂਬੀ (“ਬਾਖ਼ੂਬੀ” ਨਹੀਂ), ਬਜ਼ਿਦ (ਬ+ਜ਼ਿਦ), ਬਕੌਲ, ਬਤੌਰ, ਬਰਾਸਤਾ, ਬਦੌਲਤ, ਬਨਿਸਬਤ, ਬਦਸਤੂਰ=ਬ+ਦਸਤੂਰ (ਬਾਦਸਤੂਰ ਨਹੀਂ); ਦਿਨ-ਬਦਿਨ, ਰਾਤ-ਬਰਾਤੇ, ਰੰਗ-ਬਰੰਗਾ, ਖ਼ੁਦ-ਬਖ਼ੁਦ ਆਦਿ ਸ਼ਬਦ ਬਣੇ ਹੋਏ ਹਨ।
—ਫ਼ਾਰਸੀ ਭਾਸ਼ਾ ਵਿੱਚ ਭਾਵੇਂ ਇਸ ਸ਼ਬਦ ਨੂੰ ਜੋੜ ਕੇ ਰੂਬਰੂ (روبرو) ਹੀ ਲਿਖਿਆ ਜਾਂਦਾ ਹੈ ਪਰ ਪੰਜਾਬੀ ਵਿੱਚ ਇਸ ਨੂੰ ਪੰਜਾਬੀ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਜੋੜਨੀ ਪਾ ਕੇ ਲਿਖਿਆ ਜਾਣਾ ਹੀ ਇਸ ਦਾ ਸ਼ੁੱਧ ਰੂਪ ਹੈ। ਉਦਾਹਰਨ ਦੇ ਤੌਰ ‘ਤੇ ਪੰਜਾਬੀ ਵਿੱਚ ਜੇਕਰ ਕਿਸੇ ਇੱਕ ਹੀ ਸ਼ਬਦ ਨੂੰ ਕੋਈ ਵਿਸ਼ੇਸ਼ ਪ੍ਰਭਾਵ ਸਿਰਜਣ ਤੇ ਕੁਝ ਵੱਖਰੇ ਅਰਥ ਦੇਣ ਲਈ ਲਈ ਦੋ ਵਾਰ ਲਿਖਿਆ ਜਾਵੇ ਤਾਂ ਵਿਚਕਾਰ ਜੋੜਨੀ ਪਾਈ ਜਾਂਦੀ ਹੈ, ਜਿਵੇਂ: ਵੱਖ-ਵੱਖ, ਵਾਰ-ਵਾਰ- ਘਰ-ਘਰ ਆਦਿ। ਇਸੇ ਤਰ੍ਹਾਂ ਰੂ-ਬਰੂ ਸ਼ਬਦ ਵਿੱਚ ਵੀ ਰੂ ਸ਼ਬਦ ਨੂੰ ਦੋ ਵਾਰ ਵਰਤਿਆ ਗਿਆ ਹੈ ਜਿਸ ਕਾਰਨ ਇਸ ਸ਼ਬਦ ਵਿੱਚ ਵੀ ਜੋੜਨੀ ਦੀ ਵਰਤੋਂ ਕੀਤੀ ਜਾਣੀ ਜ਼ਰੂਰੀ ਹੈ। ਰੂ ਆਦਿ ਸ਼ਬਦਾਂ ਨੂੰ ਜਦੋਂ ਕਿਸੇ ਇੱਕ ਹੀ ਸ਼ਬਦ ਵਿੱਚ ਦੂਜੀ ਵਾਰ ਵਰਤਿਆ ਜਾਣਾ ਹੈ ਤਾਂ ਉਸ ਅੱਗੇ ਬ ਅਗੇਤਰ ਨੂੰ ਰੂ ਸ਼ਬਦ ਨਾਲ਼ ਜੋੜ ਕੇ ਲਿਖਿਆ ਜਾਣਾ ਚਾਹੀਦਾ ਹੈ, ਜਿਵੇਂ: ਰੂ-ਬਰੂ, ਦਿਨ-ਬਦਿਨ, ਰਾਤ-ਬਰਾਤੇ ਆਦਿ।
ਆਸ ਹੈ ਕਿ ਪੰਜਾਬੀ ਭਾਸ਼ਾ ਦੇ ਇਸ ਵਿਆਕਰਨਿਕ ਨਿਯਮ ਨੂੰ ਸਮਝਣ ਉਪਰੰਤ ਅਸੀਂ ਕਦੇ ਵੀ “ਰੂ-ਬਰੂ” ਸ਼ਬਦ ਨੂੰ “ਰੂਬਰੂ”, “ਰੂਹ-ਬਰੂ” ਜਾਂ “ਰੂਬ-ਰੂ”  ਆਦਿ ਬਿਲਕੁਲ ਹੀ ਨਹੀਂ ਲਿਖਾਂਗੇ।
                      ………………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੱਚਿਆਂ ਦੀ ਮਾਨਸਿਕ ਸਥਿੱਤੀ ਤੇ ਭਾਰੂ ਹੁੰਦਾ ਦਿਖਾਵਾ
Next articleਰਾਜਸਥਾਨ ਦਾ ਲੋਕ ਨ੍ਰਿਤ-ਕੱਚੀ ਘੋੜੀ