HOME ਕਿਵੇਂ ਬੋਲੀਏ ਕੋਇਲ ਜਿਹਾ ਮਿੱਠਾ 

ਕਿਵੇਂ ਬੋਲੀਏ ਕੋਇਲ ਜਿਹਾ ਮਿੱਠਾ 

1
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
   (ਸਮਾਜ ਵੀਕਲੀ)  ਪਾਠਕੋ ,ਕੀ ਤੁਸੀਂ ਕਦੀ ਰਿਕਾਰਡ ਕੀਤੀ ਹੋਈ ਆਵਾਜ਼ ਸੁਣੀ ਹੈ ? ਕਿ ਉਹ ਤੁਹਾਨੂੰ ਚੰਗੀ ਲੱਗੀ ? ਲੋਕ ਤੁਹਾਡੇ ਪਹਿਰਾਵੇ, ਅਦਾਵਾਂ ਅਤੇ ਉੱਠਣ- ਬੈਠਣ ਦੇ ਢੰਗ ਦੇ ਨਾਲ- ਨਾਲ ਆਪਦੇ ਬੋਲਣ ਤੋਂ ਵੀ ਪ੍ਰਭਾਵਿਤ ਹੁੰਦੇ ਹਨ। ਜਦੋਂ ਤੁਸੀਂ ਕਿਸੇ ਬੱਚੇ ਨਾਲ ਗੱਲ ਕਰ ਰਹੇ ਹੁੰਦੇ ਹੋ, ਤਦ ਕੀ ਤੁਹਾਡਾ ਸੁਰ ਖ਼ੁਦ ਤੇਜ਼ ਹੋ ਜਾਂਦਾ, ਜਿਵੇਂ ! ਓਏ ਮਨੂੰ ਇੱਥੇ ਆ ।’ਦੂਜੇ ਪਾਸੇ ਕਿਸੇ ਵੱਡੇ ਆਦਮੀ ਨਾਲ ਬੋਲਣ ਵੇਲੇ ਸੁਰ ਗੰਭੀਰ ਹੋ ਜਾਂਦਾ ਹੈ, ਜਿਵੇਂ ‘ਭਰਾ ਜੀ’ ਜ਼ਰਾ ਇੱਥੇ ਆਓ।’ ਸੁਰਾਂ ਦੇ ਵਿੱਚ ਫਰਕ ਦਾ ਸਮਝਦਾਰੀ ਨਾਲ ਪ੍ਰਯੋਗ ਕਰਕੇ ਬਾਣੀ ਨੂੰ ਰੋਚਕ ਅਤੇ ਅਸਰਦਾਰ ਬਣਾਇਆ ਜਾ ਸਕਦਾ ਹੈ। ਗਲਤ ਬੋਲਣ ਨਾਲ ਗੱਲ ਦਾ ਮਤਲਬ ਇਹ ਬਦਲ ਜਾਂਦਾ ਹੈ। ਉਦਾਹਰਨ ਦੇ ਤੌਰ ‘ਤੇ ਹੇਠ ਲਿਖੇ ਵਾਕ ਨੂੰ ਵੇਖੋ।
‘ਮੈਨੂੰ ਆਪਣੇ ਘਰ ਬੁਲਾਉਣ ਲਈ ਧੰਨਵਾਦ’ ਸੁਰ ਦੀ ਬਦਲੀ ਨਾਲ ਇਹੀ ਵਾਕ ਪੰਜਾਂ ਭਾਵਾਂ ਵਿੱਚ ਕਿਹਾ ਜਾ ਸਕਦਾ ਹੈ। ਸ਼ੁੱਧ ਹਿਰਦੇ ਨਾਲ ਬੋਲ ਕੇ ਵਿਅੰਗ ਭਰਿਆ ਤਾਨ੍ਹਾ ਮਾਰਦੇ ਹੋਏ, ਹੈਰਾਨੀ ਨਾਲ, ਗੁੱਸੇ ਨਾਲ ਅਤੇ ਬਹੁਤ ਸ਼ੁਕਰਗੁਜ਼ਾਰੀ ਨਾਲ।
ਉਚਾਰਨ ਦੇ ਮਾਮਲੇ ਵਿੱਚ ਜ਼ਿਆਦਾਤਰ ਲੋਕਾਂ ਦੀ ਪਹਿਲੀ ਸਮੱਸਿਆ ਇਹ ਹੁੰਦੀ ਕਿ ਸੁਰਾਂ ਵਿੱਚ ਬਹੁਤ ਘੱਟ ਤਬਦੀਲੀ ਲਿਆਉਂਦੇ ਹਨ ।ਇਸ ਨਾਲ ਉਹਨਾਂ ਦਾ ਬੋਲਣਾ ਬੋਰ ਜਿਹਾ ਲੱਗਣ ਲੱਗਦਾ ਹੈ। ਆਓ ਉਚਾਰਨ ਬਦਲਣ ਦੀਆਂ ਬਰੀਕੀਆਂ ਨੂੰ ਸਮਝਣ ਦਾ ਯਤਨ ਕਰੀਏ।
ਸੁਰ ਦਾ ਅਭਿਆਸ—-
ਕਿਸੇ ਵਾਕ ਦੇ ਮੁੱਖ ਸ਼ਬਦਾਂ ਦੀਆਂ ਮਾਤਰਾਵਾਂ ਤੇ ਜ਼ੋਰ ਦੇਣ ਦਾ ਅਭਿਆਸ ਕਰੀਏ ।ਚੁਣੋ ਕਿ ਕਿਹੜਾ ਸ਼ਬਦ ਜ਼ੋਰ ਨਾਲ ਕਿਹਾ ਜਾਵੇ। ਮਿਸਾਲ ਦੇ ਤੌਰ ‘ਤੇ ਜੇਕਰ ਕਿਹਾ ਜਾਵੇ — ‘ਇਹ ਪੁਸਤਕ ਮੇਰੀ ਹੈ’ ਪਹਿਲਾਂ ‘ਇਹ’ ਸ਼ਬਦ ‘ਤੇ ਜ਼ੋਰ ਪਾਓ, ਫੇਰ ‘ਮੇਰੀ’ ਤੇ ਅਤੇ ਅੰਤ ਵਿੱਚ ‘ਹੈ’ ‘ਤੇ। ਤੁਹਾਨੂੰ ਮਹਿਸੂਸ ਹੋਵੇਗਾ ਕਿ ਹਰ ਵਾਰ ਵਾਕ ਦਾ ਅਸਰ ‘ਭਿੰਨ’ ਹੋ ਜਾਂਦਾ ਹੈ। ਉੱਥੇ ਹੀ ‘ਮੇਰੀ’ ‘ਤੇ ਜ਼ੋਰ ਪਾਉਣਾ ਬੱਚਿਆਂ ਵਰਗਾ ਨਜ਼ਰ ਆਉਂਦਾ ਹੈ। ‘ਪੁਸਤਕ’ ਜਾਂ ‘ਹੈ’ ਸ਼ਬਦ ‘ਤੇ ਜ਼ੋਰ ਪਾਉਣ ਨਾਲ ਅਜੀਬ ਜਿਹੀ ਭੱਦੀ ਭਾਵਨਾ ਪੈਦਾ ਹੁੰਦੀ ਹੈ ।ਇਸੇ ਤਰ੍ਹਾਂ ਹੋਰ ਵਾਕਾਂ ਦਾ ਅਭਿਆਸ ਕਰੋ ਅਤੇ ਆਪਣੀ ਰੋਜ਼ ਦੀ ਗੱਲਬਾਤ ਵਿੱਚ ਇਸ ਪ੍ਰਭਾਵ ਨੂੰ ਦਰਸਾਉਣ ਦੀ ਕੋਸ਼ਿਸ਼ ਕਰੋ ।ਕੁਝ ਕਵਿਤਾਵਾਂ ਨੂੰ ਜ਼ੋਰ ਨਾਲ ਪੜ੍ਹੋ । ਤੁਸੀਂ ਇੱਕ ਹੀ ਸੁਰ ਵਿੱਚ ਕਵਿਤਾਵਾਂ ਨੂੰ ਨਹੀਂ ਪੜ੍ਹ ਸਕਦੇ। ਬਾਣੀ ਵਿੱਚ ਆਪਣੇ ਆਪ ਉਤਾਰ- ਚੜ੍ਹਾਅ ਆ ਜਾਂਦਾ ਹੈ ।ਚਾਲ ਹੌਲੀ -ਹੌਲੀ ਜਾਂ ਤੇਜ਼ ਹੋ ਜਾਂਦੀ ਹੈ । ਲਹਿਜੇ਼ ਵਿੱਚ ਵੀ ਬਦਲਾਅ ਆ ਜਾਂਦਾ ਹੈ। ਇਹੀ ਖੂਬਸੂਰਤੀ ਸਾਨੂੰ ਵਾਰਤਕ ਵਿੱਚ ਵੀ ਲਿਆਉਣੀ ਚਾਹੀਦੀ ਹੈ। ਇਹਦੇ ਲਈ ਸ਼ਬਦਾਂ ਨੂੰ ਪੇਟ ਵਿੱਚੋਂ ਕੱਢੋ ਨਾ ਕੇ ਨਾਸਾਂ ਵਿੱਚੋਂ । ਹਾਂ  ਫਾ ਭਾ ਜਿਹੇ ਵਰਨਾਂ ਦਾ ਉਚਾਰਨ ਪੇਟ ਦੀ ਹਵਾ ਨੂੰ ਜੋ਼ਰ ਨਾਲ ਬਾਹਰ ਸੁੱਟ ਕੇ ਕਰੋ।
ਬੋਲਣ ਦੀ ਰਫ਼ਤਾਰ ——
ਸੁਰ ਦੇ ਬਾਅਦ ਅਗਲੀ ਸਮੱਸਿਆ ਹੈ ,ਬੋਲਣ ਦੀ ਰਫ਼ਤਾਰ। ਯਾਦ ਰੱਖੋ ਕਿ ਬੋਲਣ ਦੀ ਕਿਰਿਆ ਵਿੱਚ ਹਵਾ ਦਾ ਉਹੀ ਮਹੱਤਵ ਹੈ ਜਿਹੜਾ ਕਾਰ ਵਿੱਚ ਪੈਟਰੋਲ ਦਾ ਹੁੰਦਾ ਹੈ। ਜਿੰਨੀ ਵੱਧ ਹਵਾ ਹੋਵੇਗੀ ਉਹਨੀ ਹੀ ਆਵਾਜ਼ ਉੱਚੀ ਹੋਵੇਗੀ। ਗੁਬਾਰਾ ਫੈਲਾਉਣਾ ਇੱਕ ਉੱਤਮ ਅਭਿਆਸ ਹੈ। ਇਹਦੇ ਨਾਲ ਤੁਹਾਡੀ ਸਿਹਤ ਵੀ ਬਣੇਗੀ ਅਤੇ ਉਚਾਰਨ ਵੀ ਸਹੀ ਹੋਵੇਗਾ।
ਵਿਰਾਮ ਦਾ ਮਹੱਤਵ———-
ਪੜ੍ਹਦੇ ਵੇਲੇ ਪੂਰਨ ਵਿਰਾਮ ਤੇ ਇੱਕ ਸਕਿੰਟ ਰੁਕੋ, ਅਰਧ- ਵਿਰਾਮ ਤੇ ਇੱਕ ਪਲ ਲਈ ਰੁਕੋ । ਵਿਰਾਮ ਜਾਂ ਅਰਧ – ਵਿਰਾਮ ਤੇ ਰੁਕਣਾ ਆਪ ਦੇ ਬੋਲਣ ਦੀ ਸ਼ੈਲੀ ਨੂੰ ਪ੍ਰਭਾਵਸ਼ਾਲੀ ਬਣਾ ਸਕਦਾ ਹੈ।
ਕੁਝ ਦੂਜੇ ਅਭਿਆਸ—-
ਆਪਣਾ ਚਿਹਰਾ ਉੱਪਰ ਕਰਕੇ ਸੁਣਨ ਵਾਲਿਆਂ ਵੱਲ ਮੂੰਹ ਕਰਕੇ ਖਾਸ ਤਰੀਕੇ ਨਾਲ ਬੋਲਣ ਦੀ ਕੋਸ਼ਿਸ਼ ਕਰੋ। ਅਸੀਂ ਉਸ ਲੈਕਚਰ ਤੋਂ ਜਾਣੂ ਹਾਂ, ਜਿਹੜੇ ਆਪਣਾ ਸਾਰਾ ਲੈਕਚਰ ਬਲੈਕ ਬੋਰਡ ਤੇ ਹੀ ਦੇ ਦਿੰਦਾ ਹੈ। ਜਾਂ ਉਹ ਅਫ਼ਸਰ, ਜਿਹੜਾ ਕਿਸੇ ਮੀਟਿੰਗ ਵਿੱਚ ਆਪਣੀ ਬੋਲੀ ਆਪਣੇ ਪੈਨ (ਕਲਮ) ਨੂੰ ਹੀ ਦੇ ਦਿੰਦਾ ਹੈ। ਨਜ਼ਰਾਂ ਮਿਲਾ ਕੇ ਗੱਲ ਨਾ ਕਰਨ ਨਾਲ ਇਹੋ ਜਿਹੇ ਲੋਕਾਂ ਦਾ ਪ੍ਰਭਾਵ ਅੱਧਾ ਰਹਿ ਜਾਂਦਾ ਹੈ। ਟੀ.ਵੀ. ‘ਤੇ ਸਮਾਚਾਰ ਪੜ੍ਹਣ ਵਾਲੇ ਨਿਊਜ਼ ਰੀਡਰਜ਼ ਦੇ ਬੋਲਣ ਦਾ ਤਰੀਕਾ ਦੇਖੋ। ਉਹਨਾਂ ਦੀ ਤਰ੍ਹਾਂ ਉਚਾਰਨ ਕਰਨ ਦੀ ਕੋਸ਼ਿਸ਼ ਕਰੋ । ਨਿਊਜ਼ ਰੀਡਰਜ਼ ਤਾਂ ਆਪਣੀ ਬਾਣੀ ਨੂੰ ਅਸਰਦਾਰ ਬਣਾ ਕੇ ਆਪਣਾ ਕੈਰੀਅਰ ਬਣਾ ਚੁੱਕੇ ਹਨ। ਆਪ ਵੀ ਆਪਣੇ ਵਾਕਾਂ , ਉਤਾਰ- ਚੜ੍ਹਾਅ ਲਿਆ ਕੇ ਅਤੇ ਵਿਸ਼ਵਾਸ ਪੂਰਵਕ ਬੋਲ ਕੇ ਆਪਣੇ ਉਚਾਰਨ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹੋ।
ਸ਼ੁਭ ਚਿੰਤਕ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਤੇ ਡਾਕਖਾਨਾ ਝਬੇਲਵਾਲੀ,  ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਣੋ ਨੌਜਵਾਨੋ
Next articleਭਾਈ, ਹੜਾਂ ਵਾਲਿਓ ਆਹਾ ਨਵਾਂ ਉਡਣ ਖਟੋਲਾ ਕਿਸੇ ਦਾ ਕੁਝ ਸੰਵਾਰ ਕੇ ਵੀ ਗਿਆ…?