ਅੰਗਰੇਜ਼ੀ ਦਾ ‘ਕਾਰ’ (Car) ਸ਼ਬਦ ਕਿਵੇਂ ਬਣਿਆ?

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

ਪਿਛਲੇ ਮਹੀਨੇ ਆਪਣੀ ਨਾਰਵੇ-ਫੇਰੀ ਤੋਂ ਵਾਪਸੀ ਦੇ ਇੱਕ ਦਿਨ ਪਹਿਲਾਂ ਜਿਸ ਹੋਟਲ ਵਿੱਚ ਮੈਂ ਪੰਜਾਬੀ ਸਕੂਲ ਨਾਰਵੇ (ਓਸਲੋ) ਦੀ ਪ੍ਰਬੰਧਕ ਕਮੇਟੀ ਵੱਲੋਂ ਠਹਿਰਾਇਆ ਗਿਆ ਸੀ, ਦੇ ਮਾਲਕ ਅਤੇ ਓਸਲੋ ਦੇ ਪ੍ਰਸਿੱਧ ਹੋਟਲ-ਕਾਰੋਬਾਰੀ ਸ. ਗੁਰਪ੍ਰੀਤ ਸਿੰਘ ਰੰਧਾਵਾ (ਬਟਾਲ਼ਾ) ਜੀ ਨਾਲ਼ ਉਹਨਾਂ ਦੇ ਘਰ ਜਾਣ ਅਤੇ ਸ਼ਾਮ ਦਾ ਸਮਾਂ ਬਤੀਤ ਕਰਨ ਦਾ ਮੌਕਾ ਮਿਲ਼ਿਆ। ਘਰੋਂ ਚਾਹ-ਪਾਣੀ ਪੀਣ ਉਪਰੰਤ ਅਸੀਂ ਉਹਨਾਂ ਦੀ ਬੇਟੀ ਨੂੰ ਓਸਲੋ (ਨਾਰਵੇ) ਦੀ ਸਭ ਤੋਂ ਵੱਡੀ ਲਾਇਬ੍ਰੇਰੀ ਤੋਂ ਲਿਆਉਣ ਲਈ ਚੱਲ ਪਏ। ਮਾਪਿਆਂ ਦੇ ਦੱਸਣ ਅਨੁਸਾਰ ਬੇਟੀ ਹਰ ਰੋਜ਼ ਸਕੂਲ ਤੋਂ ਛੁੱਟੀ ਹੋਣ ਉਪਰੰਤ ਉੱਥੋਂ ਦੀ ਲਾਇਬ੍ਰੇਰੀ ਵਿੱਚ ਪੜ੍ਹਨ ਚਲੇ ਜਾਂਦੀ ਸੀ ਕਿਉਂਕਿ ਉਸ ਨੂੰ ਸ਼ਾਂਤ ਮਾਹੌਲ ਵਿੱਚ ਪੜ੍ਹਨਾ ਵਧੇਰੇ ਪਸੰਦ ਸੀ। ਇਸ ਦੌਰਾਨ ਉਹਨਾਂ ਦਾ ਬੇਟਾ ਅਤੇ ਮਿਸਜ਼ ਰੰਧਾਵਾ ਵੀ ਸਾਡੇ ਨਾਲ਼ ਸਨ।

ਬੇਟੀ ਨਾਲ਼ ਮੇਰੀ ਜਾਣ-ਪਛਾਣ ਕਰਵਾਉਂਦਿਆਂ ਮਿਸਜ਼ ਰੰਧਾਵਾ ਨੇ ਦੱਸਿਆ ਕਿ ਇਹ ਹਿੰਦੀ/ਪੰਜਾਬੀ ਸ਼ਬਦਾਂ ਦੀ ਸ਼ਬਦ-ਵਿਉਤਪਤੀ (etymology) ਦੇ ਵਿਸ਼ੇ ‘ਤੇ ਇੱਕ ਨਵੇਂ ਨੁਕਤੇ ਤੋਂ ਖੋਜ ਕਰ ਰਹੇ ਹਨ। ਏਨਾ ਸੁਣਦਿਆਂ ਹੀ ਉਸ ਨੇ ਝੱਟ ਮੈਨੂੰ ਪ੍ਰਸ਼ਨ ਕਰ ਦਿੱਤਾ, “ਅੰਕਲ, ਅੰਗਰੇਜ਼ੀ ਦਾ ਕਾਰ (Car) ਸ਼ਬਦ ਕਿਵੇਂ ਬਣਿਆ ਹੈ?” ਮੈਨੂੰ ਉਸ ਦੇ ਸਵਾਲ ਤੋਂ ਜਾਪਿਆ, ਜਿਵੇਂ ਇਸ ਸ਼ਬਦ ਬਾਰੇ ਉਹ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਜਾਣਨ ਬਾਰੇ ਉਤਸੁਕ ਰਹੀ ਹੋਵੇ। ਤੇਰ੍ਹਵੀਂ ਜਮਾਤ (ਨਵੇਂ ਸਿਸਟਮ ਅਨੁਸਾਰ) ਵਿੱਚ ਪੜ੍ਹਦੀ ਇੱਕ ਸਕੂਲ-ਵਿਦਿਆਰਥਣ ਦੀ ਇਸ ਵਿਸ਼ੇ ਵਿੱਚ ਏਨੀ ਦਿਲਚਸਪੀ ਦੇਖ ਕੇ ਮੈਨੂੰ ਬਹੁਤ ਹੈਰਾਨੀ ਵੀ ਹੋਈ ਅਤੇ ਖ਼ੁਸ਼ੀ ਵੀ।

ਖ਼ੈਰ, ਇਸ ਸ਼ਬਦ ਬਾਰੇ ਮੈਂ ਪਹਿਲਾਂ ਵੀ ਥੋੜ੍ਹਾ-ਬਹੁਤ ਅਧਿਐਨ ਕੀਤਾ ਹੋਇਆ ਸੀ ਤੇ ਉਸ ਸਮੇਂ ਜਿੰਨੀ ਕੁ ਜਾਣਕਾਰੀ ਮੇਰੇ ਕੋਲ਼ ਸੀ, ਮੈਂ ਉਹਨਾਂ ਨਾਲ਼ ਸਾਂਝੀ ਕੀਤੀ ਅਤੇ ਉਹਨਾਂ ਨਾਲ਼ ਵਾਇਦਾ ਕੀਤਾ ਕਿ ਘਰ ਪੁੱਜ ਕੇ ਸਭ ਤੋਂ ਪਹਿਲਾ ਲੇਖ ਮੈਂ ‘ਕਾਰ’ ਸ਼ਬਦ ਦੀ ਵਿਉਤਪਤੀ ‘ਤੇ ਹੀ ਲਿਖਾਂਗਾ। ਮੈਂ ਉਹਨਾਂ ਨੂੰ ਦੱਸਿਆ ਕਿ ਭਾਵੇਂ ਅੰਗਰੇਜ਼ੀ ਸ਼ਬਦਾਂ ਦੀ ਵਿਉਤਪਤੀ ਸੰਬੰਧੀ ਖੋਜ ਕਰਨਾ ਮੇਰੇ ਖੋਜ-ਕਾਰਜ ਵਿੱਚ ਸ਼ਾਮਲ ਨਹੀਂ ਹੈ ਪਰ ਕਿਉਂਕਿ ਅੰਗਰੇਜ਼ੀ ਭਾਸ਼ਾ ਵੀ ਹਿੰਦ-ਯੂਰਪੀ ਭਾਸ਼ਾਵਾਂ ਸਮੇਤ ਇੱਕ ਹੀ ਭਾਸ਼ਾ-ਪਰਿਵਾਰ (ਆਰੀਆਈ) ਨਾਲ਼ ਜੁੜੀ ਹੋਈ ਹੈ ਜਿਸ ਕਾਰਨ ਇਹਨਾਂ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਆਪਸ ਵਿੱਚ ਕਾਫ਼ੀ ਹੱਦ ਤੱਕ ਮਿਲ਼ਦੇ-ਜੁਲ਼ਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਸਾਰੀਆਂ ਭਾਸ਼ਾਵਾਂ ਦਾ ਪਿਛੋਕੜ ਪੁਰਾਤਨ ਸੰਸਕ੍ਰਿਤ ਜਾਂ ਮੂਲ ਆਰੀਅਨ ਭਾਸ਼ਾ ਹੀ ਹੈ। ਇਸ ਉਪਰੰਤ ਮੇਰੇ ਕੋਲ਼ ਸੰਸਕ੍ਰਿਤ -ਮੂਲ ਦੇ ਇਸ ਸ਼ਬਦ ‘ਗਰਤ’ (गर्त) ਬਾਰੇ ਜਿੰਨੀ ਕੁ ਜਾਣਕਾਰੀ ਸੀ, ਮੈਂ ਉਹਨਾਂ ਨਾਲ਼ ਸਾਂਝੀ ਕੀਤੀ।

ਕਾਰ ਸ਼ਬਦ ਦੀ ਵਿਉਤਪਤੀ ਬਾਰੇ ਹੋਰ ਅਧਿਐਨ ਕਰਦਿਆਂ ਪਤਾ ਲੱਗਾ ਕਿ ਯੂਰਪੀ ਵਿਦਵਾਨਾਂ ਅਨੁਸਾਰ ਅੰਗਰੇਜ਼ੀ ਦਾ ਕਾਰ (Car) ਸ਼ਬਦ ਲੈਟਿਨ ਦੇ ਕੈਰਸ ਜਾਂ ਕੈਰਮ (carrus or carrum) ਸ਼ਬਦਾਂ ਤੋਂ ਹੋਂਦ ਵਿੱਚ ਆਇਆ ਹੈ। ਇੱਕ ਹੋਰ ਮਿਥ ਅਨੁਸਾਰ ਇਹ ਸ਼ਬਦ ‘ਮਿਡਲ ਇੰਗਲਿਸ਼’ ਦੇ ਕੈਰੇ (Carre) ਸ਼ਬਦ ਤੋਂ ਬਣਿਆ ਹੈ ਜਿਨ੍ਹਾਂ ਦੋੰਹਾਂ ਦਾ ਅਰਥ ਹੈ- ਦੋ ਪਹੀਆਂ ਵਾਲ਼ਾ ਛਕੜਾ ਜਾਂ ਗੱਡੀ/ਗੱਡਾ ਆਦਿ।

ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਯੂਰਪ ਵਾਲ਼ੇ ਹਰ ਸ਼ਬਦ ਦਾ ਪਿਛੋਕੜ ਲੈਟਿਨ ਜਾਂ ਹੋਰ ਯੂਰਪੀ ਭਾਸ਼ਾਵਾਂ ਨਾਲ਼ ਹੀ ਕਿਉਂ ਜੋੜ ਦਿੰਦੇ ਹਨ ਜਦਕਿ ਇਹਨਾਂ ਵਿੱਚੋਂ ਜ਼ਿਆਦਾਤਰ ਸ਼ਬਦਾਂ ਦਾ ਸੰਬੰਧ ਪਿੱਛੋਂ ਮੁਢਲੀ ਸੰਸਕ੍ਰਿਤ ਜਾਂ ਆਰੀਅਨ ਭਾਸ਼ਾ ਨਾਲ਼ ਹੀ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਪਿੱਛੇ ਜਿਹੇ ਮੈਂ ਸੁਰੱਖਿਆ ਸ਼ਬਦ ਦੀ ਵਿਉਤਪਤੀ ਬਾਰੇ ਜਾਣਨ ਦੀ ਕੋਸ਼ਸ਼ ਕਰ ਰਿਹਾ ਸੀ ਤਾਂ ਅਚਾਨਕ ਇਸ ਵਿਸ਼ੇ ਨਾਲ਼ ਸੰਬੰਧਿਤ ਇੱਕ ਪੁਸਤਕ ਮੇਰੇ ਹੱਥ ਲੱਗੀ ਜਿਸ ਦੇ ਸ਼ੁਰੂ ਵਿੱਚ ਹੀ ਲਿਖਿਆ ਹੋਇਆ ਸੀ ਕਿ ਇਹ ਸ਼ਬਦ (सुरक्षा) ਲਾਤੀਨੀ ਭਾਸ਼ਾ ਦੇ ਸੈਕੂਰਸ (sacurus) ਸ਼ਬਦ ਤੋਂ ਬਣਿਆ ਹੈ ਜਦਕਿ ਦੇਖਿਆ ਜਾਵੇ ਤਾਂ ਇਹ ਸ਼ਬਦ ਸਾਡੀਆਂ ਹਿੰਦੀ/ਪੰਜਾਬੀ/ਸੰਸਕ੍ਰਿਤ ਭਾਸ਼ਾਵਾਂ ਦੇ ਵਧੇਰੇ ਨੇੜੇ ਹੈ।

security, sacurus ਅਤੇ ਸੁਰਕਸ਼ਾ (सुरक्षा)/ਸੁਰੱਖਿਆ ਸ਼ਬਦਾਂ ਦੀ ਸ਼ਬਦ-ਬਣਤਰ ਜਾਂ ਧੁਨੀਆਂ ਵਿੱਚ ਕਿੰਨਾ ਕੁ ਅੰਤਰ ਹੈ? ਯੂਰਪ ਵਾਲ਼ਿਆਂ ਨੇ ਤਾਂ ਸ਼ਬਦ-ਵਿਉਤਪਤੀ ਦਾ ਵੱਧ ਤੋਂ ਵੱਧ ਸਿਹਰਾ ਆਪਣੇ ਖਿੱਤੇ ਦੀਆਂ ਭਾਸ਼ਾਵਾਂ ਦੇ ਸਿਰ ‘ਤੇ ਬੰਨ੍ਹਣਾ ਹੀ ਹੈ ਹੋਣਗੇ ਪਰ ਘੱਟੋ-ਘੱਟ ਭਾਰਤੀ ਵਿਦਵਾਨਾਂ ਨੂੰ ਤਾਂ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਦੁਨੀਆ ਨੂੰ ਦੱਸਣਾ ਚਾਹੀਦਾ ਹੈ ਕਿ ਯੂਰਪੀ ਬੋਲੀਆਂ ਦੇ ਵੀ ਵਧੇਰੇ ਸ਼ਬਦਾਂ ਦਾ ਮੂਲ ਸੰਸਕ੍ਰਿਤ ਜਾਂ ਆਰੀਅਨ ਭਾਸ਼ਾ ਹੀ ਹੈ। ਮੈਨੂੰ ਜਾਪਦਾ ਹੈ ਕਿ ਇਸ ਵਿਸ਼ੇ ‘ਤੇ ਅੱਜ ਤੱਕ ਨਿੱਠ ਕੇ ਖੋਜ ਹੀ ਨਹੀਂ ਕੀਤੀ ਗਈ ਤੇ ਨਾ ਹੀ ਇਸ ਸੰਬੰਧੀ ਕੋਈ ਠੋਸ ਤੱਥ ਹੀ ਇਕੱਠੇ ਕੀਤੇ ਗਏ ਹਨ।

ਸੋ, ਮੇਰੇ ਖ਼ਿਆਲ ਅਨੁਸਾਰ ਪੱਛਮੀ ਵਿਦਵਾਨਾਂ ਦੁਆਰਾ ‘ਕਾਰ’ ਸ਼ਬਦ ਦੀ ਉਪਰੋਕਤ ਢੰਗ ਨਾਲ਼ ਦੱਸੀ ਗਈ ਵਿਉਤਪਤੀ ਠੀਕ ਨਹੀਂ ਹੈ। ਅੰਗਰੇਜ਼ੀ ਦਾ ਇਹ ਸ਼ਬਦ ਲੈਟਿਨ ਜਾਂ ਕਿਸੇ ਹੋਰ ਭਾਸ਼ਾ ਤੋਂ ਨਹੀਂ, ਸਗੋਂ ਕਾਰ ਸਮੇਤ ਇਹ ਸਾਰੇ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਗਰਤ (गर्त) ਸ਼ਬਦ ਜਾਂ ਮੂਲ ਆਰੀਅਨ ਭਾਸ਼ਾ ਤੋਂ ਹੀ ਹੋਂਦ ਵਿੱਚ ਆਏ ਹਨ। ਸੰਸਕ੍ਰਿਤ-ਕੋਸ਼ਾਂ ਅਨੁਸਾਰ ਇਸ ਸ਼ਬਦ ਦੇ ਅਰਥ ਭਾਵੇਂ ਗਾਰ, ਖੁੰਦਕ, ਗੁਫ਼ਾ ਆਦਿ ਵੀ ਹਨ ਪਰ ਨਾਲ਼ ਹੀ ਇਸ ਦੇ ਇੱਕ ਅਰਥ ਗੱਡੀ (ਗਾੜੀ) ਵੀ ਦੱਸੇ ਗਏ ਹਨ। ਸੰਸਕ੍ਰਿਤ-ਕੋਸ਼ਾਂ ਅਨੁਸਾਰ ‘ਰਥ’ ਸ਼ਬਦ ਵੀ ਇਸੇ ‘ਗਰਤ’ ਸ਼ਬਦ ਦੀ ਹੀ ਦੇਣ ਹੈ।

ਕਾਰ (Car) ਸ਼ਬਦ ਦੀ ਵਿਉਤਪਤੀ ਬਾਰੇ ਸੰਭਾਵਨਾ ਇਹ ਹੈ ਕਿ ਗਰਤ ਸ਼ਬਦ ਵਿੱਚੋਂ ਪਹਿਲਾਂ ਸਮੇਂ ਦੇ ਗੇੜ ਨਾਲ਼ ਗ ਧੁਨੀ ਕ ਵਿੱਚ ਬਦਲ ਗਈ ਅਤੇ ਕੰਨਾ ਲਾ ਕੇ ਅੰਗਰੇਜ਼ੀ ਸ਼ਬਦ ‘ਕਾਰਟ’ (ਦੋ ਪਹੀਆਂ ਵਾਲ਼ਾ ਛਕੜਾ ਜਾਂ ਗੱਡਾ ਆਦਿ) ਬਣ ਗਿਆ। ਫਿਰ ਜਦੋਂ ਪਿਛਲੀ ਸਦੀ ਦੇ ਅਰੰਭ ਦੇ ਆਸ-ਪਾਸ, ਆਧੁਨਿਕ ਕਾਰਾਂ ਹੋਂਦ ਵਿੱਚ ਆਈਆਂ, ਉਦੋਂ ਇਸ ਦਾ ਨਾਂ ਅੰਗਰੇਜ਼ੀ ਦਾ ਆਖ਼ਰੀ ਅੱਖਰ ਟੀ (T) ਹਟਾ ਕੇ ਕਾਰਟ (cart) ਤੋਂ ਕਾਰ (car) ਬਣਾ ਦਿੱਤਾ ਗਿਆ (ਬੋਲਣ ਸਮੇਂ ਵੀ T ਅੱਖਰ ਦੀ ਅਵਾਜ਼ ਘੱਟ ਹੀ ਆਉਂਦੀ ਹੈ) ਅਤੇ ਇਸ ਪ੍ਰਕਾਰ ਇਸ ਚਾਰ ਪਹੀਆਂ ਵਾਲ਼ੇ ਵਾਹਨ ਦਾ ਨਾਂ “ਕਾਰ” ਰੱਖ ਦਿੱਤਾ ਗਿਆ। ਚਾਰ ਪਹੀਆ਼ਂ ਵਾਲ਼ੀ ਗੱਡੀ ਨੂੰ ਅੰਗਰੇਜ਼ੀ ਵਿੱਚ ਚੈਰੀਅਟ ਵੀ (Chariot) ਕਿਹਾ ਜਾਂਦਾ ਹੈ।

ਹਿੰਦੀ/ਪੰਜਾਬੀ ਭਾਸ਼ਾਵਾਂ ਦੇ “ਰਥ” ਸ਼ਬਦ ਦੀ ਵਿਉਤਪਤੀ ਵੀ ਇਸੇ ਗਰਤ ਸ਼ਬਦ ਤੋਂ ਕੁਝ ਉਪਰੋਕਤ ਢੰਗ ਨਾਲ਼ ਹੀ ਹੋਈ ਹੈ। ਰਥ ਸ਼ਬਦ ਦੇ ਹੋਂਦ ਵਿੱਚ ਆਉਣ ਸਮੇਂ ਪਹਿਲਾਂ ਮੂਹਰਲਾ ਅੱਖਰ ਗ ਬੋਲ-ਚਾਲ ਦੀ ਬੋਲੀ ਵਿੱਚੋਂ ਗ਼ਾਇਬ ਹੋ ਗਿਆ ਅਤੇ ਫਿਰ ਆਖ਼ਰੀ ਅੱਖਰ ਤ ਦੀ ਧੁਨੀ ਥ ਵਿੱਚ ਬਦਲ ਗਈ। ਇਸ ਪ੍ਰਕਾਰ ਜਿਹੜਾ ਸ਼ਬਦ ਹੋਂਦ ਵਿੱਚ ਆਇਆ, ਉਹ ‘ਰਥ’ ਸੀ ਭਾਵ ਸਮੇਂ ਦੇ ਗੇੜ ਨਾਲ਼ ਪੰਜਾਬੀ/ਹਿੰਦੀ ਵਾਲ਼ਿਆਂ ਨੇ ਗਰਤ ਸ਼ਬਦ ਨੂੰ ਗਾੜੀ/ਗੱਡੀ ਜਾਂ ਰਥ ਵਿੱਚ ਤਬਦੀਲ ਕਰ ਲਿਆ ਅਤੇ ਅੰਗਰੇਜ਼ੀ ਵਾਲ਼ਿਆਂ ਨੇ ਇਸੇ ਗਰਤ ਸ਼ਬਦ ਨੂੰ ‘ਕਾਰ’ (Car) ਵਿੱਚ।

ਇਸੇ ਤਰ੍ਹਾਂ ਸੰਸਕ੍ਰਿਤ ਦੇ ਇਸੇ (गर्त) ਸ਼ਬਦ ਤੋਂ ਹੀ ਹਿੰਦੀ/ਪੰਜਾਬੀ ਭਾਸ਼ਾਵਾਂ ਦੇ ਗਾੜੀ ਜਾਂ ਗੱਡੀ ਸ਼ਬਦਾਂ ਨੇ ਵੀ ਜਨਮ ਲਿਆ ਹੈ। ਹਿੰਦੀ-ਭਾਸ਼ੀਆਂ ਨੇ ਰ ਅਤੇ ਤ ਅੱਖਰਾਂ ਨੂੰ ੜ ਵਿੱਚ ਬਦਲ ਕੇ ਗਾੜੀ ਸ਼ਬਦ ਬਣਾ ਲਿਆ ਅਤੇ ਪੰਜਾਬੀ ਵਾਲ਼ਿਆਂ ਨੇ ਆਪਣੇ ਉਚਾਰਨ ਅਨੁਸਾਰ ੜ ਨੂੰ ਡ ਵਿੱਚ ਬਦਲ ਕੇ ਗੱਡੀ ਵਿੱਚ ਤਬਦੀਲ ਕਰ ਦਿੱਤਾ। ਮੂਹਰਲੀ ਗ ਧੁਨੀ ਨਾਲ਼ੋਂ ਕੰਨਾ ਹਟਾ ਕੇ ਉਸ ਨੂੰ ਆਪਣੇ ਉਚਾਰਨ ਅਨੁਸਾਰ ਅਧਕ ਵਿੱਚ ਬਦਲ ਲਿਆ ਹੈ।

ਉੱਞ ਫ਼ਾਰਸੀ ਭਾਸ਼ਾ ਵਿੱਚ ਵੀ ਗੱਡੀ ਨੂੰ ‘ਗਾਰੀ’ ਹੀ ਆਖਿਆ ਜਾਂਦਾ ਹੈ। ਯਾਦ ਰਹੇ ਕਿ ਸੰਸਕ੍ਰਿਤ ਵਾਂਗ ਇਸ ਭਾਸ਼ਾ ਦੀ ਲਿਪੀ ਵਿੱਚ ਵੀ ੜ ਨਾਂ ਦਾ ਅੱਖਰ ਨਦਾਰਦ ਹੈ। ਫ਼ਾਰਸੀ ਭਾਸ਼ਾ ਦਾ ਆਗਮਨ ਭਾਰਤ ਵਿੱਚ ਅੰਗਰੇਜ਼ਾਂ ਤੋਂ ਵੀ ਸੈਂਕੜੇ ਸਾਲ ਪਹਿਲਾਂ ਹੀ ਹੋ ਗਿਆ ਸੀ। ਪਰ ਫ਼ਾਰਸੀ ਅਤੇ ਅੰਗਰੇਜ਼ੀ ਕਿਉਂਕਿ ਇੱਕ ਹੀ ਭਾਸ਼ਾ-ਪਰਿਵਾਰ (ਆਰੀਅਨ ਭਾਸ਼ਾ-ਪਰਿਵਾਰ) ਦੀਆਂ ਦੋ ਵੱਖ-ਵੱਖ ਸ਼ਾਖਾਵਾਂ ਦੀਆਂ ਬੋਲੀਆਂ ਹਨ ਇਸ ਲਈ ਹੋ ਸਕਦਾ ਹੈ ਕਿ ਇਹਨਾਂ ਦੋਂਹਾੱ ਹੀ ਭਾਸ਼ਾਵਾਂ ਨਾਲ਼ ਸੰਬੰਧਿਤ ਉਪਰੋਕਤ ਸ਼ਬਦਾਂ ਦੀ ਵਿਉਤਪਤੀ ਸੰਸਕ੍ਰਿਤ ਦੇ ‘ਗਰਤ’ ਸ਼ਬਦ ਤੋਂ ਹੀ ਹੋਈ ਹੋਵੇ। ਉਂਞ ਫ਼ਾਰਸੀ ਦਾ ਗਾਰੀ ਜਾਂ ਹਿੰਦੀ/ਪੰਜਾਬੀ ਦੇ ਗਾੜੀ/ਗੱਡੀ ਸ਼ਬਦ ਅੰਗਰੇਜ਼ੀ ਦੇ ਕਾਰ ਸ਼ਬਦ ਤੋਂ ਬਹੁਤ ਪੁਰਾਣੇ ਸ਼ਬਦ ਹਨ ਕਿਉਂਕਿ ਕਬੀਰ ਜੀ (15 ਵੀਂ ਸਦੀ) ਦੇ ਨਾਂ ਨਾਲ਼ ਜੁੜੇ ਇੱਕ ਦੋਹੇ ਵਿੱਚ ਵੀ ਗਾੜੀ ਸ਼ਬਦ ਦੀ ਵਰਤੋਂ ਕੀਤੀ ਹੋਈ ਮਿਲ਼ਦੀ ਹੈ:
ਰੰਗੀ ਕੋ ਨਾਰੰਗੀ ਕਹੇ, ਕਹੇ ਦੂਧ ਕੋ ਖੋਇਆ,
ਚਲਤੀ ਕੋ ਗਾੜੀ ਕਹੇ, ਦੇਖ ਕਬੀਰਾ ਰੋਇਆ।

ਇਸ ਪ੍ਰਕਾਰ ਇਹਨਾਂ ਸਾਰੇ ਨਾਂਵਾਂ ਵਿਚਲੀਆਂ ਧੁਨੀਆਂ ਤੋਂ ਇੱਕ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਆਰੀਅਨ ਭਾਸ਼ਾ-ਪਰਿਵਾਰ ਦੇ ਇਹਨਾਂ ਸਾਰੇ ਸ਼ਬਦਾਂ ਵਿੱਚ (ਫ਼ਾਰਸੀ ਸਮੇਤ) ਇੱਕ ਗੱਲ ਦੀ ਸਾਂਝ ਪੱਕੀ ਹੈ ਕਿ ਧੁਨੀਆਂ ਦੇ ਬਾਕਾਇਦਾ ਅਰਥ ਹੁੰਦੇ ਹਨ ਅਤੇ ਧੁਨੀਆਂ ਦੇ ਉਹਨਾਂ ਅਰਥਾਂ ਨੂੰ ਨਵੇਂ ਸ਼ਬਦਾਂ ਦੀ ਸਿਰਜਣਾ ਸਮੇਂ ਕਿਸੇ ਭਾਸ਼ਾ ਨੇ ਵੱਧ ਮਾਤਰਾ ਵਿੱਚ ਅਪਣਾ ਲਿਆ ਹੋਵੇਗਾ ਅਤੇ ਕਿਸੇ ਨੇ ਕੁਝ ਘੱਟ ਮਾਤਰਾ ਵਿੱਚ।

ਜਿੱਥੋਂ ਤੱਕ ਗਰਤ ਸ਼ਬਦ ਵਿਚਲੀਆਂ ਧੁਨੀਆਂ ਤੇ ਉਹਨਾਂ ਦੇ ਅਰਥਾਂ ਦਾ ਸੰਬੰਧ ਹੈ, ਦੇ ਅਨੁਸਾਰ ਇਸ ਸ਼ਬਦ ਦੇ ਅਰਥ ਬਣਦੇ ਹਨ- ਜੋ ਸਾਨੂੰ ਅੰਤਲੇ ਸਿਰੇ/ਸਾਡੀ ਮੰਜ਼ਲ ਤੱਕ ਆਪਣੇ ਨਾਲ਼ ਲੈ ਜਾਵੇ। ਗ ਧੁਨੀ ਦਾ ਅਰਥ ਹੈ- ਗਮਨ ਕਰਨਾ, ਅੱਗੇ ਵੱਲ ਵਧਣਾ। ਸੰਸਕ੍ਰਿਤ ਭਾਸ਼ਾ ਦੇ ਵਿਦਵਾਨਾਂ ਅਨੁਸਾਰ ਗ ਧੁਨੀ ਦਾ ਮੂਲ ‘ਗਮ’ (ਜਾਣਾ) ਧਾਤੂ ਹੈ। ‘ਗਮ’ ਧਾਤੂ ਤੋਂ ਹੀ ਗਮਨ (ਗਮਨ ਕਰਨਾ/ਜਾਣਾ) ਸ਼ਬਦ ਦੀ ਵਿਉਤਪਤੀ ਹੋਈ ਹੈ।

ਹੁਣ ਜੇਕਰ ਵਾਹਨ (ਗੱਡੀ) ਸ਼ਬਦ ਵੱਲ ਝਾਤੀ ਮਾਰੀਏ ਤਾਂ ਅੰਗਰੇਜ਼ੀ ਵਿੱਚ ਇਸ ਦੇ ਅਰਥਾਂ ਵਾਲ਼ਾ ਸ਼ਬਦ ਵਹੀਕਲ (vehicle) ਵੀ ਸ਼ਾਮਲ ਹੈ। ਵਾਹਨ ਸ਼ਬਦ ਸੰਸਕ੍ਰਿਤ ਦੇ ਵਹਿ (वह) ਧਾਤੂ ਤੋਂ ਬਣਿਆ ਹੋਇਆ ਹੈ। ਵ ਧੁਨੀ ਦੇ ਅਰਥ ਹਨ- ਦੂਜੇ ਪਾਸੇ (ਵੱਲ) ਅਤੇ ਵਹਿ ਸ਼ਬਦ ਦੇ ਅਰਥ ਹਨ- ਜਾਣਾ, ਰਵਾਨਾ ਹੋਣਾ, ਅੱਗੇ ਵਧਣਾ। ਵਹਿ ਧਾਤੂ ਤੋਂ ਹਿੰਦੀ/ਪੰਜਾਬੀ ਦੇ ਹੋਰ ਵੀ ਅਨੇਕਾਂ ਸ਼ਬਦ ਬਣੇ ਹਨ, ਜਿਵੇਂ : ਵਹਿਣ, ਵਹੀਣ, ਪ੍ਰਵਾਹ (ਪ੍ਰ+ਵਾਹ) ਆਦਿ। ਵਾਹਨ ਅਤੇ ਵਹੀਕਲ ਸ਼ਬਦਾਂ ਦੀਆਂ ਧੁਨੀਆਂ ਵਿੱਚ ਵੀ ਕੋਈ ਬਹੁਤਾ ਵੱਡਾ ਅੰਤਰ ਨਹੀਂ ਹੈ। ਸਮੇਂ ਅਤੇ ਸਥਾਨਾਂ ਦੇ ਵਖਰੇਵਿਆਂ ਕਾਰਨ ਸ਼ਬਦ-ਬਣਤਰ ਵਿੱਚ ਏਨਾ ਕੁ ਅੰਤਰ ਤਾਂ ਅਕਸਰ ਆ ਹੀ ਜਾਂਦਾ ਹੈ। ਇਸੇ ਕਾਰਨ ਅੰਗਰੇਜ਼ੀ ਦਾ ਵ ਧੁਨੀ ਵਾਲ਼ਾ ਵੈਨ (Van) ਸ਼ਬਦ ਵੀ ਸੰਸਕ੍ਰਿਤ ਦੇ ਵਾਹਨ ਸ਼ਬਦ ਤੋਂ ਹੀ ਹੋਂਦ ਵਿੱਚ ਆਇਆ ਪ੍ਰਤੀਤ ਹੁੰਦਾ ਹੈ।

ਇਸ ਤੋਂ ਬਿਨਾਂ ਅੰਗਰੇਜ਼ੀ ਦਾ ਵੈਗਨ (Wagon) ਸ਼ਬਦ ਵੀ ਸੰਸਕ੍ਰਿਤ ਦੇ ਵੇਗ ਸ਼ਬਦ ਤੋਂ ਹੀ ਬਣਿਆ ਜਾਪਦਾ ਹੈ। ਵੇਗ ਦਾ ਅਰਥ ਹੈ- ਪ੍ਰਵਾਹ ਜਾਂ ਅੱਗੇ ਵਧਣਾ (ਗ ਅਤੇ ਵ ਧੁਨੀਆਂ ਦੇ ਉਪਰੋਕਤ ਅਰਥਾਂ ਅਨੁਸਾਰ)। ਵ ਧੁਨੀ ਦੇ ਅਰਥਾਂ ਅਨੁਸਾਰ ਵੇ ਦੇ ਅਰਥ ਹਨ- ਦੂਜੀ ਥਾਂ ਵੱਲ। ਵ ਅਤੇ ਗ ਧੁਨੀਆਂ ਦੇ ਉਪਰੋਕਤ ਅਰਥਾਂ ਕਾਰਨ ਹੀ ‘ਵਗ’ ਸ਼ਬਦ ਦੇ ਅਰਥ ਅੱਗੇ ਵਧਣਾ/ਅੱਗੇ ਵੱਲ ਜਾਣਾ ਬਣੇ ਹਨ। ਇਸੇ ਤਰ੍ਹਾਂ ਗਤੀ ਸ਼ਬਦ ਵਿੱਚ ਗ ਦੀ ਧੁਨੀ ਸ਼ਾਮਲ ਹੋਣ ਕਾਰਨ ਇਸ ਦੇ ਅਰਥ ਹਨ- ਅੱਗੇ ਵੱਲ ਵਧਣ ਦੀ ਪ੍ਰਕਿਰਿਆ ਜਾਂ ਕਾਰਜ। ਅੰਗਰੇਜ਼ੀ ਦੇ ਗੋ (Go) ਸ਼ਬਦ ਵਿੱਚ ਵੀ ਗ ਧੁਨੀ ਸ਼ਾਮਲ ਹੋਣ ਕਾਰਨ ਹੀ ਇਸ ਦੇ ਅਰਥ ਜਾਣਾ ਜਾਂ ਅੱਗੇ ਵਧਣਾ ਹਨ। ਇਹੋ ਹੀ ਕਾਰਨ ਹੈ ਕਿ ਗੋ ਤੋਂ ਬਣੇ ਸ਼ਬਦ ਗੇਟ (Gait) ਅਰਥਾਤ ‘ਚਾਲ’ (ਤੁਰਨ ਦਾ ਢੰਗ) ਦੇ ਅਰਥਾਂ ਵਿੱਚ ਵੀ ਜਾਣ ਅਰਥਾਤ ਅੱਗੇ ਵਧਣ ਦੇ ਅਰਥ ਸ਼ਾਮਲ ਹਨ।

ਪਿਛਲੇ ਲੇਖ ਵਿੱਚ ਅਸੀਂ ਦੇਖਿਆ ਸੀ ਕਿ ਧੁਨੀਆਂ ਦੇ ਅਰਥਾਂ ਕਾਰਨ ‘ਵਸਾਖੀ’ ਸ਼ਬਦ ਦੇ ਦੋ ਅਰਥ (ਇੱਕ ਤਿਉਹਾਰ ਅਤੇ ਦੂਜਾ ਪਹੌੜੀ) ਕਿਵੇਂ, ਕਦੋਂ ਅਤੇ ਕਿਉਂ ਬਣਦੇ ਹਨ? ਇਸੇ ਤਰ੍ਹਾਂ ਗੱਡੀ ਜਾਂ ਗਾੜੀ ਸ਼ਬਦ ਦੇ ਵੀ ਦੋ ਅਰਥ ਹਨ- ਪਹਿਲਾ: ਗੱਡੀ/ਗਾੜੀ ਅਰਥਾਤ ਇੱਕ ਥਾਂ ਗੱਡੀ ਗਈ ਕੋਈ ਚੀਜ਼ ਅਤੇ ਦੂਜਾ ਗਾੜੀ/ਗੱਡੀ ਜੋ ਅੱਗੇ ਵੱਲ ਚੱਲਦੀ ਹੋਵੇ। ਇਹਨਾਂ ਸ਼ਬਦਾਂ ਵਿੱਚ ਗ ਧੁਨੀ ਦਾ ਅਰਥ ਹੈ- ਕਿਸੇ ਥਾਂ ‘ਤੇ ਅੱਗੇ ਵੱਲ ਚੱਲਣਾ ਜਾਂ ਵਧਣਾ। ਦੇਖਿਆ ਜਾਵੇ ਤਾਂ ਕੋਈ ਵਾਹਨ ਜਾਂ ਗੱਡੀ ਆਦਿ ਵੀ ਅੱਗੇ ਵੱਲ ਹੀ ਵਧਦੀ ਹੈ ਅਤੇ ਕਿਸੇ ਥਾਂ ‘ਤੇ ਗੱਡੀ (ਕਿਰਿਆ-ਰੂਪ: ਕਿਸੇ ਥਾਂ ‘ਤੇ ਗੱਡੀ ਗਈ ਜਾਂ ਗੱਡੀ ਜਾ ਰਹੀ) ਗਈ ਕੋਈ ਚੀਜ਼ ਵੀ ਗੱਡੇ ਜਾਣ ਸਮੇਂ ਅੱਗੇ ਵੱਲ ਹੀ ਵਧਦੀ ਹੈ; ਫ਼ਰਕ ਕੇਵਲ ਦਿਸ਼ਾ ਦਾ ਹੀ ਹੈ। ਇਸ ਪ੍ਰਕਾਰ ਧੁਨੀਆਂ ਸ਼ਬਦਾਂ ਦੇ ਇੱਕ ਤੋਂ ਵੱਧ ਅਰਥ ਹੋਣ ਦੇ ਖ਼ੁਲਾਸੇ ਵੀ ਬੜੀ ਸਹਿਜ ਨਾਲ਼ ਹੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਗ‍ਾੜੀ (ਗੱਡੀ) ਸ਼ਬਦ ਦੇ ਉੋਪਰੋਕਤ ਆਪਾ-ਵਿਰੋਧੀ ਦਿਖਾਈ ਦਿੰਦੇ ਦੋ ਅਰਥਾਂ ਬਾਰੇ ਕਬੀਰ ਜੀ ਤੱਕ ਨੇ ਵੀ ਉਪਰੋਕਤ ਦੋਹੇ ਵਿੱਚ ਆਪਣੀ ਅਵਾਜ਼ ਉਠਾਈ ਸੀ।

ਇਸ ਦੋਹੇ ਵਿਚਲੇ ਰੰਗੀ/ਨਾਰੰਗੀ ਅਤੇ ਦੁੱਧ/ਖੋਏ ਵਰਗੇ ਸ਼ਬਦਾਂ ਤੋਂ ਬਿਨਾਂ ਹੋਰ ਵੀ ਅਨੇਕਾਂ ਦੋ-ਅਰਥੀ ਸ਼ਬਦਾਂ ਦੇ ਰਾਜ਼ ‘ਵਸਾਖੀ’ ਸ਼ਬਦ ਦੇ ਦੋ ਅਰਥਾਂ ਵਾਂਗ ਧੁਨੀਆਂ ਅਤੇ ਉਹਨਾਂ ਦੇ ਵੱਖ-ਵੱਖ ਅਰਥ ਹੀ ਖੋਲ੍ਹ ਰਹੇ ਹਨ। ਅਜਿਹੇ ਸ਼ਬਦਾਂ ਅਤੇ ਧੁਨੀਆਂ ਦਾ ਜ਼ਿਕਰ ਗਾਹੇ-ਬਗਾਹੇ ਇਹਨਾਂ ਲੇਖਾਂ ਵਿੱਚ ਬਦਸਤੂਰ ਜਾਰੀ ਰਹੇਗਾ।

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052.

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਭਾਰਤ ‘ਚ ਵੱਖਵਾਦ ਤੇ ਧਰਮ ‘ਤੇ ਆਧਾਰਿਤ ਰਾਸ਼ਟਰ ਬਣਾਉਣ ਦਾ ਏਜੰਡਾ ਕਦੇ ਕਾਮਯਾਬ ਨਹੀਂ ਹੋ ਸਕਦਾ: ਸੁਲਤਾਨੀ*
Next articleਗਾਇਕ ਲੇਖਕ ਤੇ ਐਕਟਰ ਬਲਜਿੰਦਰ ਜਿੰਦ ਦਾ ਨਵਾਂ ਗੀਤ (ਜ਼ਿੰਦਗੀ ਨੂੰ ਚੈਲੇਂਜ) ਹਰੇਕ ਦੀ ਜ਼ੁਬਾਨ ਤੇ