ਬੁੱਧ ਧੰਮ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾ ਸਕਦਾ ਹੈ ?

ਬੁੱਧ ਧੰਮ ਵਿੱਚ ਹਾਨੀਆਂ ਪੈਦਾ ਹੋਣ ਦੇ ਕੀ ਕਾਰਨ ਹਨ ?
ਇਨ੍ਹਾਂ ਹਾਨੀਆਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ ?
ਬੁੱਧ ਧੰਮ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾ ਸਕਦਾ ਹੈ ?

(ਸਮਾਜ ਵੀਕਲੀ)

ਇਜ: ਵਿਸ਼ਾਲ ਖੈਹਿਰਾ 

ਧੰਮ ਅਤੇ ਧੰਮ ਦੇ ਤੱਤ ਵਿਦਵਾਨਾਂ ਲਈ ਹੁੰਦੇ ਹਨ। ਸਧਾਰਨ ਲੋਕਾਂ ਲਈ ਮੰਦਰ ਜਾਂ ਵਿਹਾਰ ਹੁੰਦੇ ਹਨ, ਜਿੱਥੇ ਜਾ ਕੇ ਜਨਤਾ ਆਪਣੇ ਸ੍ਰੇਸ਼ਠ ਵਿਅਕਤੀਆਂ ਦੀ ਪੂਜਾ ਕਰਦੀ ਹੈ – ਮਹਾਂਵਿਦਵਾਨ ਭਿਖੂ ਨਾਗਸੇਨ।

                        ਇਜ: ਵਿਸ਼ਾਲ ਖੈਹਿਰਾ

ਸ਼ੁਰੂਆਤ – ਇਸ ਲੇਖ ਨੂੰ ਲਿਖਣ ਦਾ ਮੁੱਖ ਕਾਰਨ ਇਹ ਸੀ ਕਿ ਬੁੱਧ ਧੰਮ ਵਿੱਚ ਮੌਜੂਦਾ ਹਾਲਾਤਾਂ ਦੌਰਾਨ ਪੈਦਾ ਹੋਈਆਂ ਹਾਨੀਆਂ ਦਾ ਕਾਰਨ ਪਤਾ ਕਰਨਾ, ਇਨ੍ਹਾਂ ਹਾਨੀਆਾ ਨੂੰ ਦੂਰ ਕਰਨ ਦੇ ਕਾਰਨਾਂ ਨੂੰ ਪੈਦਾ ਕਰਨਾ ਹੈ ਅਤੇ ਬੁੱਧ ਧੰਮ ਨੂੰ ਪ੍ਰਚਾਰ-ਪ੍ਰਸਾਰ ਰਾਹੀਂ ਦੁਨੀਆ ਦੇ ਕੋਨੇ – ਕੋਨੇ ਤੇ ਲੈ ਕੇ ਜਾਣਾ ਹੈ। ਇਸ ਚਿੱਤਨ -ਮੰਥਨ ਅਤੇ ਘੋਖ ਦੌਰਾਨ ਮੈਂ ਬਾਬਾ ਸਾਹਿਬ ਡਾ਼ ਅੰਬੇਡਕਰ ਜੀ ਦਾ 14 ਅਕਤੂਬਰ ਨਾਗਪੁਰ ਦਾ ਭਾਸ਼ਣ ਪੜਿਆ ਜਿਸ ਵਿੱਚ ਮਹਾਂਵਿਦਵਾਨ/ਧੰਮ ਦੇ ਮਾਹਿਰ ਭਿੱਖੂ ਨਾਗਸੇਨ ਅਤੇ ਯੂਨਾਨੀ ਰਾਜਾ ਮਲਿੰਦ ਵਿੱਚਕਾਰ ਧਰਮ ਦੇ ਵਿਸ਼ੇ ਤੇ ਹੋਈ ਵਿਆਖਿਆ/ਪ੍ਰਸ਼ਨ ਉੱਤਰ ਤੇ ਗੌਰ ਕਰਨ ਤੇ ਪਤਾ ਚੱਲਿਆ ਕਿ ਧਰਮ ਦੀਆਂ ਕੀ ਹਾਨੀਆਂ ਹੋ ਸਕਦੀਆਂ ? ਅਤੇ ਇਨ੍ਹਾ ਹਾਨੀਆ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ।

ਉਦਾਹਰਣ ਦੇ ਨਾਲ- ਨਾਲ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਆਪਣੇ ਖੁੱਦ ਦੇ ਤਜੁਰਬੇ ਨੂੰ ਵੀ ਆਪ ਜੀ ਨਾਲ ਸਾਂਝੇ ਕਰਾਂਗਾ, ਜਿਸ ਵਿੱਚ ਉਪਾਸਕਾਂ ਅਤੇ ਭਿਖੂੱਆਂ ਵੱਲੋਂ ਅਗਿਆਨਤਾ ਰਾਹੀਂ ਕੀਤੇ ਪ੍ਰਚਾਰ-ਪ੍ਰਸਾਰ ਦੌਰਾਨ ਬੁੱਧ ਧੰਮ ਵਿੱਚ ਕੀ-ਕੀ ਹਾਨੀਆ ਪੈਦਾ ਹੋ ਰਹੀਆਂ ਹਨ, ਬਾਰੇ ਗੱਲ ਕਰਾਂਗੇ, ਜਿਸ ਤੇ ਚਿੰਤਨ ਮੰਥਨ ਕਰਨ ਦੀ ਸਮੇਂ ਦੀ ਲੋੜ੍ਹ ਵੀ ਹੈ।

(1) ਧੰਮ ਵਿੱਚ ਹਾਨੀਆਂ ਪੈਦਾ ਹੋਣ ਦੇ ਕੀ ਕਾਰਨ ਹਨ – ਇੱਥੇ ਇੱਕ ਗੱਲ ਤਾਂ ਮੰਨਣਯੋਗ ਹੋਵੇਗੀ ਕਿ ਜੇਕਰ ਤਥਾਗਤ ਬੁੱਧ ਤੋਂ ਬਾਅਦ ਬੁੱਧ ਧੰਮ ਦੇ ਪ੍ਰਚਾਰਕਾਂ ਨੇ ਆਪਣੀ ਜਿਮੇਂਵਾਰੀ ਇਮਾਨਦਾਰੀ ਨਾਲ ਨਿਭਾਈ ਹੁੰਦੀ ਤਾਂ ਸ਼ਾਇਦ ਅੱਜ ਭਾਰਤ ਦੇਸ਼ ਬਾਬਾ ਸਾਹਿਬ ਡਾ਼ ਅੰਬੇਡਕਰ ਜੀ ਦੇ ਸੁਪਨਿਆ ਦਾ ਪ੍ਰਬੁੱਧ ਭਾਰਤ ਹੁੰਦਾ ਪਰ ਇਸ ਤਰ੍ਹਾਂ ਹੋ ਸਕਿਆ ਨਹੀਂ ਕਿਉਂਕਿ ਧੰਮ ਦੇ ਪ੍ਰਚਾਰਕਾਂ ਵੱਲੋਂ ਧੰਮ ਦਾ ਪ੍ਰਚਾਰ-ਪ੍ਰਸਾਰ ਕਰਨ ਅਤੇ ਉਸ ਤੇ ਅਮਲ ਕਰਨ ਦੀ ਬਜਾਏ ਤਥਾਗਤ ਬੁੱਧ ਨੂੰ ਪੂਜਣ ਅਤੇ ਉਨ੍ਹਾ ਦੇ ਜੀਵਨ ਤੇ ਪ੍ਰੋਗਰਾਮ ਕਰਨ ਤੇ ਹੀ ਜਿਆਦਾ ਜੋਰ ਦਿੱਤਾ ਹੈ। ਇਸ ਲਈ ਪਹਿਲਾ ਮੁੱਖ ਕਾਰਨ ਤਾਂ ਇਹ ਹੀ ਹੈ। ਜਿਸ ਕਾਰਨ ਬੁੱਧ ਧੰਮ ਵਿੱਚ ਬਹੁਤ ਸਾਰੀਆਂ ਕਮੀਆਂ ਪੈਦਾ ਹੋ ਗਈਆਂ ਹਨ।

(2) ਬੁੱਧ ਧੰਮ ਵਿੱਚ ਕਮੀਆਂ ਪੈਦਾ ਹੋਣ ਦੇ ਕਾਰਨ – ਅੱਜ ਕੁੱਝ ਉਪਾਸਕ/ਪ੍ਰਚਾਰਕ ਧੰਮ ਨੂੰ ਧਿਆਨ ਸਾਧਨਾ (ਭਗਤੀ) ਜਾਂ ਮੈਡੀਟੇਸ਼ਨ ਤੱਕ ਹੀ ਸੀਮੀਤ ਰੱਖ ਰਹੇ ਹਨ ਜਦੋਂ ਕਿ ਧਿਆਨ ਸਾਧਨਾ ਦਾ ਮਤਲੱਬ ਭਗਤੀ ਨਹੀ ਸੀ ਧਿਆਨ ਸਾਧਨਾ ਦਾ ਸਹੀ ਮਤਲੱਭ ਧਿਆਨ ਨੂੰ ਸੋਧਣਾ ਸੀ ਜਿਵੇਂ ਕਿ ਚੌਵੀਂ ਘੰਟਿਆ ਦੌਰਾਨ ਅਸੀ ਕੀ ਸਹੀ ਕੀਤਾ ?ਅਤੇ ਕੀ ਗਲਤ ਕੀਤਾ ? ਇਸ ਬੀਤ ਚੁੱਕੇ ਕੱਲ ਤੇ ਘੋਖ ਕਰਨਾ ਸੀ ਤਾਂ ਜੋ ਸਾਡੇ ਵੱਲੋਂ ਬੀਤ ਚੁੱਕੇ ਕੱਲ ਵਿੱਚ ਜੋ ਮਾੜ੍ਹਾ ਕੀਤਾ ਗਿਆ ਸੀ ਵਾਸਤੇ ਧਿਆਨ ਦੇਣਾ ਸੀ ਅਤੇ ਭਵਿੱਖ ਵਿੱਚ ਹੋਰ ਚੰਗਾ ਕਰਮ ਕਰਨਾ ਸੀ।

(3) ਬੁੱਧ ਧੰਮ ਵਿੱਚ ਕਮੀਆਂ ਪੈਦਾ ਹੋਣ ਦੇ ਕਾਰਨ- ਇਸ ਤੋਂ ਇਲਾਵਾ ਉਪਾਸਕਾਂ ਜਾਂ ਭਿਖੂੱਆਂ ਦੁਆਰਾ ਧਰਮ ਅਤੇ ਧੰਮ ਵਿੱਚ ਅੰਤਰ ਸਪੱਸ਼ਟ ਨਹੀਂ ਕੀਤਾ ਗਿਆ ਜੋ ਕਿ ਅੱਜ ਸਮੇਂ ਦੀ ਮੰਗ ਹੈ।

(4) ਬੁੱਧ ਧੰਮ ਵਿੱਚ ਕਮੀਆਂ ਪੈਦਾ ਹੋਣ ਦੇ ਕਾਰਨ – ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਨੇਤਾਵਾਂ ਵੱਲੋਂ ਵੀ ਧੰਮ ਦੇ ਪ੍ਰਚਾਰ-ਪ੍ਰਸਾਰ ਨੂੰ ਗੰਭੀਰਤਾ ਨਾਲ ਨਹੀ ਲਿਆ ਜਾ ਰਿਹਾ ਬਲਕਿ ਉਹਨਾਂ ਦੁਆਰਾ ਆਪਣੇ-ਆਪਣੇ ਮਿਸ਼ਨ ਅਨੁਸਾਰ ਧੰਮ ਅਤੇ ਹੋਰ ਧਰਮਾਂ ਨੂੰ ਖੁੱਦ ਦੇ ਸੁਆਰਥ ਲਈ ਹੀ ਵਰਤਿਆ ਜਾ ਰਿਹਾ ਹੈ ਜਿਸ ਕਾਰਨ ਅੱਜ ਬਹੁਜਨ ਸਮਾਜ ਆਪਣੇ ਇਤੀਹਾਸ ਅਤੇ ਬਹੁਜਨ ਸਮਾਜ ਰਹਿਬਰਾਂ ਬਾਰੇ ਸਹੀ ਢੰਗ ਨਾਲ ਜਾਣੂ ਨਹੀ ਹੋ ਸਕਿਆ ਅਤੇ ਬਹੁਜਨ ਸਮਾਜ ਭੁਲਿੱਆ ਭੱਟਕਿਆ ਹੀ ਅੰਧ-ਵਿਸ਼ਵਾਸ ਵਿੱਚ ਆਪਣਿਆ ਨਾਲ ਹੀ ਲੜਾਈ ਲੜੀ ਜਾ ਰਿਹਾ ਹੈ। ਇੱਕ ਕਹਾਵਤ ਹੈ ਕਿ ਜੇਕਰ ਕੋਈ ਭੁਲਿਆ ਭਟਕਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀ ਕਹਿੰਦੇ ਪਰ ਮੈਨੂੰ ਬਹੁਜਨ ਸਮਾਜ ਦੀ ਸ਼ਾਮ ਬਹੁਤ ਦੂਰ ਦਿਖਾਈ ਦੇ ਰਹੀ ਹੈ। ਕੁੱਝ ਸੁਆਰਥੀ ਤਾਂ ਸ਼ਾਮ ਹੋਣ ਨੂੰ ਵੀ ਜਾਣ ਬੁੱਝ ਕੇ ਸਵੇਰ ਹੀ ਦੱਸੀ ਜਾ ਰਹੇ ਹਨ ਉਹ ਘਰ ਆਉਣਾ ਹੀ ਨਹੀ ਚਹੁੰਦੇ, ਜਿਹਨਾ ਨੂੰ ਘੇਸਲੇ ਹੀ ਕਿਹਾ ਜਾ ਸਕਦਾ ਹੈ।

( ਯੂਨਾਨੀ ਰਾਜ ਕੁਮਾਰ ਮਲਿੰਦ ਅਤੇ ਧੰਮ ਦੇ ਮਾਹਿਰ ਭਿੱਖੂ ਨਾਗਸੇਨ ਜੀ ਦੇ ਧੰਮ ਸਬ਼ੰਧੀ ਕੀਤੇ ਗਏ ਵਿਚਾਰ-ਵਟਾਂਦਰਾ )

ਬੁੱਧ ਧੰਮ ਵਿੱਚ ਕਮੀਆਂ ਪੈਦਾ ਹੋਣ ਦੇ ਕਾਰਨ – ਬਾਬਾ ਸਾਹਿਬ ਡਾ਼ ਅੰਬੇਡਕਰ ਜੀ 14 ਅਕਤੂਬਰ ਦੇ ਭਾਸ਼ਣ ਵਿੱਚ ਬੁੱਧ ਧੰਮ ਵਿੱਚ ਹਾਨੀਆਂ ਬਾਰੇ ਯੂਨਾਨੀ ਰਾਜ ਕੁਮਾਰ ਮਲਿੰਦ ਅਤੇ ਧੰਮ ਦੇ ਮਾਹਿਰ ਭਿੱਖੂ ਨਾਗਸੇਨ ਜੀ ਦੇ ਧੰਮ ਸਬ਼ੰਧੀ ਕੀਤੇ ਗਏ ਵਿਚਾਰ-ਵਟਾਂਦਰੇ ਰਾਹੀਂ ਉਦਾਹਰਣ ਦਿੰਦੇ ਹੋਏ ਸਮਝਾਉਂਦੇ ਹੋਏ ਲਿਖਦੇ ਸਨ ਕਿ “ ਉੱਤਰ-ਪੱਛਮ ਪ੍ਰਾਂਤ ਵਿੱਚ ਇੱਕ ਯੂਨਾਨੀ ਰਾਜਾ ਸੀ, ਉਸਦਾ ਨਾਂਮ ਮਲਿੰਦ ਸੀ, ਉਸਨੂੰ ਧਰਮ ਚਰਚਾ ਵਿੱਚ ਬਹੁਤ ਰੂਚੀ ਸੀ। ਉਹ ਤਰਕ ਵਿੱਚ ਵੀ ਵਿਦਵਾਨ ਸੀ। ਉਸਨੇ ਹਿੰਦੂ ਧਰਮ- ਸ਼ਾਸਤਰਾਂ ਦੇ ਪੰਡਿਤਾਂ ਨਾਲ ਕਈ ਵਾਰ ਬਹਿਸ ਕਰਕੇ ਉਨ੍ਹਾਂ ਨੂੰ ਵੀ ਹਰਾ ਦਿੱਤਾ ਸੀ ਅਤੇ ਕਈਆਂ ਨੂੰ ਆਪਣੀ ਤਰਕ ਅਤੇ ਗਿਆਨ ਨਾਲ ਹੈਰਾਨ ਵੀ ਕਰ ਦਿੱਤਾ ਸੀ। ਇੱਕ ਦਿਨ ਉਸ ਦੀ ਇੱਛਾ ਹੋਈ ਕਿ ਬੁੱਧ ਧੰਮ ਦੇ ਵਿਦਵਾਨਾਂ ਨਾਲ ਵੀ ਵਾਦ-ਵਿਵਾਦ ਕੀਤਾ ਜਾਵੇ। ਇਸ ਲਈ ਉਸਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਜਦੋਂ ਕਦੀ ਵੀ ਉਨ੍ਹਾਂ ਦੇ ਰਾਜ ਵਿੱਚ ਕੋਈ ਬੁੱਧ ਧੰਮ ਦਾ ਵਿਦਵਾਨ ਨਜ਼ਰ ਆਵੇ ਤਾਂ ਉਸ ਨੂੰ ਉਸ ਦੇ ਕੋਲ ਲਿਆਂਦਾ ਜਾਵੇ। ਫਿਰ ਉੱਥੋਂ ਦੇ ਬੁੱਧ ਧੰਮ ਦੇ ਪੈਰੋਕਾਰਾਂ ਨੇ ਮਹਾਂ-ਵਿਦਵਾਨ ਅਤੇ ਧੰਮ ਦੇ ਮਾਹਿਰ ਭਿੱਖੂ ਨਾਗਸੇਨ ਜੀ ਨੂੰ ਪ੍ਰਾਰਥਨਾ ਕੀਤੀ ਕਿ ਉਹ ਰਾਜਾ ਦੇ ਕੋਲ ਜਾ ਕੇ ਵਾਦ-ਵਿਵਾਦ ਵਿੱਚ ਬੁੱਧ ਧੰਮ ਦੀ ਵਿਆਖਿਆ ਕਰਨ। ਭਿੱਖੂ ਨਾਗਸੇਨ ਅਤੇ ਮਲਿੰਦ ਦੇ ਵਿਚਕਾਰ ਜੋ ਆਪਸੀ ਵਿਚਾਰ ਵਟਾਂਦਰਾ ਹੋਇਆ, ਉਸ ਨੂੰ ਪੁਸਤਕ (ਮਲਿੰਦ ਪ੍ਰਸ਼ਨ) ਦੇ ਰੂਪ ਵਿੱਚ ਛਾਪਿਆ ਗਿਆ ਹੈ। ਜਿਸ ਵਿੱਚ ਮਲਿੰਦ ਨੇ ਇੱਕ ਸਵਾਲ ਕੀਤਾ ਕਿ ਧਰਮ ਦੀ ਹਾਨੀ ਕਿਉਂ ਹੁੰਦੀ ਹੈ ? ਭਿੱਖੂ ਨਾਗਸੇਨ ਨੇ ਇਸ ਦਾ ਉੱਤਰ ਦਿੰਦੇ ਹੋਏ ਇਸਦੇ ਤਿੰਨ ਕਾਰਨ ਹੇਠ ਲਿਖੇ ਅਨੁਸਾਰ ਦੱਸੇ :-

1. ਧੰਮ ਦੀ ਹਾਨੀ ਦਾ ਪਹਿਲਾ ਕਾਰਨ :- ਸੱਚਾ ਧਰਮ ਹੀ ਸਦਾ ਬਣਿਆ ਰਹਿੰਦਾ ਹੈ ਜਿਸ ਧਰਮ ਦੇ ਮੂਲ ਵਿੱਚ ਗੰਭੀਰਤਾ ਨਹੀਂ ਹੁੰਦੀ, ਉਹ ਕੇਵਲ ਤੱਤ-ਕਲੀਨ ਧਰਮ ਹੁੰਦਾ ਹੈ ਅਤੇ ਸਮਾਂ ਬੀਤਣ ਨਾਲ ਅਜਿਹਾ ਧਰਮ ਟਿਕਿਆ ਨਹੀਂ ਰਹਿੰਦਾ।
(ਜਿਨ੍ਹਾਂ ਧਰਮਾਂ ਦੇ ਮੂਲ ਵਿੱਚ ਸੱਚ, ਨੈਤਿਕਤਾ ਅਤੇ ਤਰਕ ਹੋਵੇ ਉਹ ਹਮੇਸ਼ਾ ਸਥਾਈ ਰਹਿੰਦਾ ਹੈ ਪਰ ਜਿਨ੍ਹਾਂ ਧਰਮਾਂ ਦੇ ਮੂਲ ਵਿੱਚ ਕੋਈ ਗੰਭੀਰਤਾ ਨਾ ਹੋਵੇ, ਨਾ ਹੀ ਤਰਕ ਦਲੀਲ ਹੋਵੇ, ਨਾ ਹੀ ਲੋਕਾਂ ਨੂੰ ਸਵਾਲ ਕਰਨ ਦੀ ਇਜਾਜਤ ਹੋਵੇ ਅਤੇ ਨਾ ਹੀ ਉਂਗਲ ਚੁੱਕਣ ਦੀ ਇਜਾਜਤ ਹੋਵੇ ਉਨ੍ਹਾਂ ਦਾ ਵਜੂਦ ਹਮੇਸ਼ਾ ਸ਼ੱਕ ਨਾਲ ਘਿਰਿਆ ਰਹਿੰਦਾ ਹੈ। ਅਜਿਹਾ ਧਰਮ ਲੋਕਾਂ ਦੇ ਅਗਿਆਨ ਤੇ ਹੀ ਨਿਰਭਰ ਰਹਿੰਦਾ ਹੈ ਅਤੇ ਜਦੋਂ ਲੋਕ ਜਾਗਰੂਕ ਹੋ ਜਾਂਦੇ ਹਨ ਤਾਂ ਉਸ ਧਰਮ ਦਾ ਪਤਨ ਨਿਸ਼ਚਿੱਤ ਹੈ, ਕਿਉਂਕਿ ਸੱਚ ਜਿਆਦਾ ਦੇਰ ਛੁਪਿਆ ਨਹੀ ਰਹਿੰਦਾ। ਇਸ ਲਈ ਬੁੱਧ ਧੰਮ ਹੀ ਸਥਾਈ ਹੈ। ਖਾਸ ਗੱਲ ਇਹ ਹੈ ਕਿ ਇਸਦਾ ਸਬੰਧ ਸਿਰਫ ਮਨੁੱਖ ਅਤੇ ਕੁਦਰੱਤ ਨਾਲ ਹੈ। ਇੱਥੇ ਆਤਮਾ -ਪ੍ਰਮਾਤਮਾ ਲਈ ਕੋਈ ਥਾਂ ਨਹੀਂ ਹੈ, ਜੋ ਕਿ ਸੱਚ ਦਾ ਮਾਰਗ ਹੈ, ਕੋਈ ਜਾਤਪਾਤ ਨਹੀ ਹੈ। ਬੁੱਧ ਧੰਮ ਹਰ ਮਨੁੱਖ ਨੂੰ ਖੁੱਦ ਤੇ ਉਂਗਲ ਚੁੱਕਣ ਦੀ ਇਜਾਜਤ ਵੀ ਦਿੰਦਾ ਹੈ ਅਤੇ ਤਰਕ ਦਲੀਲ ਤੇ ਨਿਰਧਾਰਿਤ ਹੈ।)

2. ਜਦੋਂ ਧਰਮ ਦੇ ਪ੍ਰਚਾਰ ਕਰਨ ਵਾਲੇ ਵਿਦਵਾਨ ਨਹੀਂ ਰਹਿੰਦੇ ਉਦੋਂ ਧਰਮ ਦੀ ਹਾਨੀ ਹੁੰਦੀ ਹੈ। ਗਿਆਨਵਾਨ ਲੋਕਾਂ ਨੂੰ ਧਰਮ ਦੀ ਚਰਚਾ ਕਰਨੀ ਚਾਹੀਦੀ ਹੈ। ਵਿਰੋਧੀਆਂ ਦੇ ਵਾਦ-ਵਿਵਾਦ ਦਾ ਖੰਡਨ ਕਰਨ ਲਈ ਧਰਮ ਦੇ ਪ੍ਰਚਾਰਕ ਨਾ ਹੋਣ, ਤਾਂ ਵੀ ਧਰਮ ਦੀ ਹਾਨੀ ਹੁੰਦੀ ਹੈ।
(ਹਰ ਖੇਤਰ ਵਿੱਚ ਧਰਮ ਦੇ ਪ੍ਰਚਾਰ – ਪ੍ਰਸਾਰ ਕਰਨ ਲਈ ਉਸ ਖੇਤਰ ਦੇ ਹੀ ਖੇਤਰੀ ਭਾਸ਼ਾ ਦੇ ਬੋਲਣ ਵਾਲੇ ਬੋਧ ਭਿੱਖੂ ਹੋਣੇ ਚਾਹਿਦੇ ਹਨ ਤਾਂ ਜੋ ਲੋਕ ਅਸਾਨੀ ਨਾਲ ਆਪਣੀ ਭਾਸ਼ਾ ਵਿੱਚ ਧੰਮ ਦੇ ਸਾਰ ਅਤੇ ਸਿਖਿਆਵਾਂ ਨੂੰ ਸਮਝ ਸਕਣ ਪਰ ਇਹ ਜਿੰਮੇਵਾਰੀ ਸਿਰਫ ਭਿੱਖੂ ਦੀ ਹੀ ਨਹੀ ਬਲਕਿ ਇੱਕ ਜਿੰਮੇਵਾਰ ਉਪਾਸਕ ਦੀ ਵੀ ਓਨੀ ਹੀ ਹੈ ਕਿ ਉਹ ਧੰਮ ਦੀਕਸ਼ਾ ਲੈ ਕੇ ਸਮਾਜ ਨੂੰ ਵਿਗਿਆਨਕ ਧੰਮ ਪ੍ਰਤੀ ਜਾਗਰੂਕ ਕਰਨ ਵਿੱਚ ਆਪਣੀ ਨਿੱਜੀ ਜਿਮੇਵਾਰੀ ਸਮਝੇ। ਪੰਜਾਬ ਰਾਜ ਵਿੱਚ ਸੱਭ ਤੋਂ ਵੱਡੀ ਹਾਨੀ ਇਹ ਹੀ ਰਹੀ ਹੈ। ਇੱਥੇ ਕਰੀਬ ਨੜਿਨਵੇਂ ਪ੍ਰਤੀਸ਼ਤ ਬੋਧ ਭਿੱਖੂ ਦੂਜੇ ਰਾਜਾਂ ਵਿੱਚੋਂ ਹੀ ਆ ਕੇ ਪ੍ਰਚਾਰ ਕਰਨ ਰਹੇ ਹਨ, ਜਿਸਦਾ ਫਾਇਦਾ ਤਾਂ ਹੈ ਚੰਗੀ ਗੱਲ ਵੀ ਹੈ ਪਰ ਉਸ ਪੱਧਰ ਤੱਕ ਫਾਇਦਾ ਨਹੀ ਹੋ ਸਕਦਾ ਜਿਸ ਪੱਧਰ ਤੱਕ ਪੰਜਾਬੀ ਭਿੱਖੂ ਕਰ ਸਕਦੇ ਹੋਣ। ਜੇਕਰ ਪੰਜਾਬ ਵਿੱਚ ਪੰਜਾਬੀ ਭਿੱਖੂ ਤਿਆਰ ਹੋਣ ਤਾਂ ਇੱਥੇ ਬਾਕੀ ਰਾਜਾਂ ਨਾਲੋ ਜਲਦੀ ਲੋਕ ਧੰਮ ਨੂੰ ਸਮਝ/ਗ੍ਰਹਿਣ ਕਰ ਸਕਦੇ ਹਨ ਕਿਉਂਕਿ ਇੱਥੇ ਦੇ ਲੋਕ ਵਿੱਤੀ ਪੱਧਰ ਤੇ ਠੀਕ ਹਨ ਅਤੇ ਸੁਭਾਅ ਵੀ ਇਹਨਾ ਦਾ ਹਰ ਧਰਮ ਨੂੰ ਸਮਝਣ ਤੇ ਜੋਰ ਦੇਣ ਵਾਲਾ ਹੈ ਕਿਉਂਕਿ ਭਾਰਤ ਦੇਸ਼ ਦਾ ਮਹਾਨ ਸੰਵਿਧਾਨ ਵੀ ਲੋਕਤੰਤਰਿਕ ਹੋਣ ਕਾਰਨ ਇੱਥੇ ਲੋਕ ਕਿਸੇ ਧਰਮ ਨੂੰ ਸਮਝਣ ਅਤੇ ਸੁਣਨ ਵਿੱਚ ਦਿਲਚੱਸਪੀ ਰੱਖਦੇ ਹਨ)

3. ਧਰਮ ਅਤੇ ਧਰਮ ਦੇ ਤੱਤ ਵਿਦਵਾਨਾਂ ਲਈ ਹੁੰਦੇ ਹਨ। ਸਧਾਰਨ ਲੋਕਾਂ ਲਈ ਮੰਦਰ ਜਾਂ ਵਿਹਾਰ ਹੁੰਦੇ ਹਨ, ਜਿੱਥੇ ਜਾ ਕੇ ਜਨਤਾ ਆਪਣੇ ਸ੍ਰੇਸ਼ਠ ਵਿਅਕਤੀਆਂ ਦੀ ਪੂਜਾ ਕਰਦੀ ਹੈ ”।
(ਭਾਰਤ ਦੇਸ਼ ਵਿੱਚ ਧੰਮ ਦੇ ਪ੍ਰਚਾਰ- ਪ੍ਰਸਾਰ ਲਈ ਚੌਵੀ ਘੰਟੇ (Fully-Hearted) ਕੰਮ ਕਰਨ ਵਾਲੇ ਵਿਦਵਾਨ ਲੋਕਾਂ ਦੀ ਘਾਟ ਕਾਰਨ ਧੰਮ ਦਾ ਪ੍ਰਚਾਰ-ਪ੍ਰਸਾਰ ਨਹੀਂ ਹੋ ਰਿਹਾ। ਮੁੱਖ ਕਾਰਨ ਇੱਥੇ ਲੋਕ ਪਾਰਟ ਟਾਇਮ ਹੀ ਧੰਮ ਦਾ ਪ੍ਰਚਾਰ-ਪ੍ਰਸਾਰ ਕਰਨਾ ਉਚਿੱਤ ਸਮਝਦੇ ਹਨ ਜਾਂ ਖਾਸ ਤੌਰ ਤੇ ਸਿਰਫ ਮੀਡੀਆ ਦਾ ਸਹਾਰਾ ਲੈ ਕੇ ਪ੍ਰਚਾਰ-ਪ੍ਰਸਾਰ ਕਰਨਾ ਠੀਕ ਸਮਝਦੇ ਹਨ । ਪੰਜਾਬ ਵਿੱਚ ਬੁਧਿਸ਼ਟ ਲੋਕ ਧਰਮ ਦੇ ਤੱਤਾਂ ਨੂੰ ਸਮਝਣ ਤੇ ਜੋਰ ਨਹੀ ਦਿੰਦੇ ਸਿਰਫ ਵਿਹਾਰਾਂ ਅਤੇ ਮੰਦਰਾਂ ਵਿੱਚ ਪ੍ਰੋਗਰਾਮਾਂ ਦੁਆਰਾ ਹੀ ਧਰਮ ਦੀ ਪਾਲਣਾ ਕਰਨ ਨੂੰ ਹੀ ਫਰਜ ਸਮਝਦੇ ਹਨ ਜਿਸ ਕਾਰਨ ਵੱਖ- ਵੱਖ ਵਿਹਾਰ ਤਾਂ ਬਣ ਗਏ ਹਨ ਪਰ ਸ਼ੀਲ ਅਤੇ ਤੱਤਾਂ ਨੂੰ ਸਮਜਣ ਅਤੇ ਪ੍ਰਚਾਰ-ਪ੍ਰਸਾਰ ਕਰਨ ਤੇ ਜਿਆਦਾ ਜੋਰ ਨਹੀ ਲਗਾ ਰਹੇ ਹਨ ਜੋ ਕਿ ਅੱਜ ਸਮੇਂ ਦੀ ਮੰਗ ਹੈ। ਇਸ ਲਈ ਜਿਥੋਂ ਤੱਕ ਹੋ ਸਕੇ ਸਾਨੂੰ ਆਪਣੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ ਧੰਮ ਦਾ ਪ੍ਰਚਾਰ- ਪ੍ਰਸਾਰ ਕਰਨ ਲਈ ਬਾਬਾ ਸਾਹਿਬ ਡ਼ ਅੰਬੇਡਕਰ ਜੀ ਦੁਆਰਾ ਦੱਸੇ ਬੁੱਧ ਧੰਮ ਨੂੰ ਦਿਲੋਂ ਪੜ੍ਹਨਾ ਸਮਝਣਾ ਚਾਹਿਦਾ ਹੈ ਅਤੇ ਇਸਦੇ ਪ੍ਰਚਾਰ- ਪ੍ਰਸਾਰ ਕਰਨ ਲਈ ਵੱਧ ਤੋਂ ਵੱਧ ਯਤਨ ਕਰਦੇ ਰਹਿਣਾ ਚਾਹਿਦਾ ਹੈ। ਦੂਜੀ ਗੱਲ ਆਪਣੇ ਪ੍ਰੀਵਾਰਿਕ ਕਾਰ ਵਿਹਾਰ ਧੰਮ ਅਨੁਸਾਰ ਕਰਨੇ ਚਾਹਿਦੇ ਹਨ ਤੀਜੀ ਅਤੇ ਸੱਭ ਤੋਂ ਅਹਿਮ ਗੱਲ ਹੈ ਸ਼ੀਲ, ਜਿਸ ਤੇ ਅਮਲ ਕਰਨ ਸੱਭ ਤੋਂ ਜਿਆਦਾ ਜਰੂਰੀ ਹੈ ਨਹੀਂ ਤਾਂ ਸੱਭ ਯਤਨ ਕਰਨੇ ਬੇ-ਅਰਥ ਹਨ।)

ਧੱਮ ਸਬੰਧੀ ਵਿਗਿਆਨਕ ਦ੍ਰਿਸ਼ਿਟੀਕੋਣ ਅਤੇ ਪ੍ਰਚਾਰ-ਪਰਸਾਰ ਹੀ ਸਾਰੀਆਂ ਹਾਨੀਆਂ ਦਾ ਹੱਲ:- ਉਪਰੋਕਤ ਤਿੰਨ ਕਥਨਾ ਦੌਰਾਨ ਆਪਣੇ ਭਾਸ਼ਣ ਵਿੱਚ ਬਾਬਾ ਸਾਹਿਬ ਡਾ਼ ਅੰਬੇਡਕਰ ਜੀ ਨੇ ਇਹ ਵੀ ਸਪੱਸ਼ਟ ਕਿਹਾ ਹੈ “ਕਿ ਦੂਸਰੇ ਧਰਮਾਂ ਅਤੇ ਬੁੱਧ ਧੰਮ ਵਿੱਚ ਇੱਕ ਵੱਡਾ ਅੰਤਰ ਹੈ। ਬੁੱਧ ਧੰਮ ਦੀਆਂ ਮਹਾਨ ਗੱਲਾਂ ਤੁਹਾਨੂੰ ਦੁਸਰੇ ਧਰਮਾਂ ਵਿੱਚ ਨਹੀਂ ਮਿਲਣਗੀਆਂ, ਕਿਉਂਕਿ ਦੂਸਰੇ ਧਰਮ ਮਨੁੱਖ ਅਤੇ ਪ੍ਰਮਾਤਮਾ ਦੇ ਅਜਿਹੇ ਸੰਬੰਧ ਨੂੰ ਬਿਆਨ ਕਰਦੇ ਹਨ ਕਿ ਧਰਮ ਕਹਿੰਦੇ ਹਨ ਕਿ ਈਸ਼ਵਰ ਨੇ ਸੰਸਾਰ ਦੀ ਰਚਨਾ ਕੀਤੀ ਹੈ। ਉਸਨੇ ਹੀ ਆਕਾਸ਼, ਹਵਾ, ਚੰਦ, ਸੂਰਜ ਪੈਦਾ ਕੀਤੇ ਹਨ। ਪ੍ਰਮਾਤਮਾ ਨੇ ਸੱਭ ਕੁੱਝ ਸਾਡੇ ਲਈ ਕਰ ਦਿੱਤਾ ਹੈ। ਕੁੱਝ ਵੀ ਕਰਨਾ ਬਾਕੀ ਨਹੀਂ ਰੱਖਿਆ। ਇਸ ਲਈ ਅਸੀਂ ਪ੍ਰਮਾਤਮਾਂ ਦੀ ਭਜਨ ਬੰਦਗੀ ਹੀ ਕਰਦੇ ਰਹੀਏ। ਇਸਾਈ ਧਰਮ ਦੇ ਅਨੁਸਾਰ ਮਰਨ ਦੇ ਬਾਅਦ ਇੱਕ ਫੈਸਲੇ ਦਾ ਦਿਨ ਹੋਵੇਗਾ। ਉਸਦੇ ਫੈਸਲੇ ਅਨੁਸਾਰ ਸੱਭ ਕੁੱਝ ਨਿਰਭਰ ਹੋਵੇਗਾ ।ਈਸ਼ਵਰ ਅਤੇ ਆਤਮਾ ਲਈ ਬੁੱਧ ਧੰਮ ਵਿੱਚ ਕੋਈ ਜਗ੍ਹਾ ਨਹੀਂ ਹੈ। ਤਥਾਗਤ ਬੁੱਧ ਨੇ ਕਿਹਾ ਹੈ ਕਿ ਸੰਸਾਰ ਵਿੱਚ ਸਭ ਜਗ੍ਹਾ ਦੁੱਖ ਹਨ। ਨੱਬੇ ਪ੍ਰਤੀਸ਼ਤ ਲੋਕ ਦੁੱਖੀ ਹਨ, ਪੀੜਤ ਹਨ। ਦੁੱਖ ਨਾਲ ਪੀੜਤ ਗਰੀਬ ਲੋਕਾਂ ਦਾ ਕਲਿਆਣ ਕਰਨਾ ਹੀ ਬੁੱਧ ਧੰਮ ਦਾ ਮੁੱਖ ਉਦੇਸ਼ ਹੈ। ਕਾਰਲ ਮਾਰਕਸ ਨੇ ਤਥਾਗਤ ਬੁੱਧ ਤੋਂ ਜ਼ਿਆਦਾ ਕੁੱਝ ਨਹੀਂ ਕਿਹਾ। ਤਥਾਗਤ ਬੁੱਧ ਨੇ ਜੋ ਕੁੱਝ ਕਿਹਾ ਹੈ ਉਹ ਸਭ ਸਰਲ ਅਤੇ ਸਿੱਧਾ ਮਾਰਗ ਹੈ।ਭਰਾਵੋ ਅਤੇ ਭੈਣੋ ! ਜੋ ਕੁੱਝ ਮੈਂ ਕਹਿਣਾ ਸੀ, ਉਹ ਸੱਭ ਕੁੱਝ ਮੈਂ ਕਹਿ ਦਿੱਤਾ। ਬੁੱਧ ਧੰਮ ਸਭ ਤੋਂ ਚੰਗਾ ਧੰਮ ਹੈ। ਉਸ ਵਿੱਚ ਕੋਈ ਦੋਸ਼ ਨਹੀਂ ਹੈ ” ।

ਅੰਤ:- ਰਨਾਡੇ ਗਾਂਧੀ ਅਤੇ ਜਿਨਾਹ ਵਿੱਚ ਬਾਬਾ ਸਾਹਿਬ ਮੈਜ਼ੀਨੀ ਦੀ ਉਦਾਹਰਣ ਦਿੰਦੇ ਹੋਏ ਲਿਖਦੇ ਹਨ ਕਿ ਮੈਜ਼ੀਨੀ ਨੇ ਇਕ ਵਾਰ ਕਿਹਾ ਸੀ “ ਤੁਸੀਂ ਵਿਅਕਤੀ ਨੂੰ ਮਾਰ ਸਕਦੇ ਹੋ ਪਰ ਉਸਦੇ ਉੱਚੇ ਵਿਚਾਰ ਨੂੰ ਨਹੀਂ” ਮੇਰੇ ਵਿਚਾਰ ਵਿੱਚ ਤਾਂ ਇਹ ਬਹੁਤ ਗ਼ਲਤ ਖਿਆਲ ਹੈ ! ਆਦਮੀ ਫ਼ਾਨੀ ਹੈ ਅਤੇ ਉਵੇਂ ਹੀ ਵਿਚਾਰ ਵੀ ਫ਼ਾਨੀ ਹੁੰਦੇ ਹਨ! ਇਹ ਵਿਸ਼ਵਾਸ ਗ਼ਲਤ ਹੈ ਕਿ ਵਿਚਾਰ ਅਤੇ ਵਿਸ਼ਵਾਸ ਆਪਣੇ ਆਪ ਜੜ੍ਹ ਫੜ੍ਹ ਲੈਣਗੇ, ਕਿਸੇ ਵਿਚਾਰ ਦੀ ਉੱਨਤੀ ਲਈ ਪ੍ਰਚਾਰ ਦੀ ਉੱਨੀ ਹੀ ਲੋੜ ਹੈ ਜਿੰਨੀ ਕਿਸੇ ਬੂਟੇ ਨੂੰ ਪਾਣੀ ਦੀ, ਜੇਕਰ ਉਨ੍ਹਾਂ ਦੀ ਦੇਖ- ਰੇਖ ਨਹੀਂ ਹੋਵੇਗੀ, ਤਾਂ ਦੋਵੇਂ ਕੁਮਲਾ ਜਾਣਗੇ।”  ਇਸ ਲਈ ਬੁੱਧੀਮਾਨ ਵਿਦਵਾਨਾ ਅਤੇ ਪ੍ਰਚਾਰਕਾਂ ਨੂੰ ਧੰਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹਿਦਾ ਹੈ ਅਤੇ ਵਿਰੋਧੀਆਂ ਦੇ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹਿਣਾਂ ਚਾਹਿਦਾ ਹੈ ਇਸ ਪਰਿਆਸ ਨਾਲ ਧੰਮ ਦੀ ਹਾਨੀ ਨਹੀ ਬਲਕਿ ਲਾਭ ਹੀ ਹੋਵੇਗਾ।

ਇੱਕ ਲੇਖਕ ਦੇ ਨਾ ਤੇ ਫਿਰ ਕਹਾਂਗਾ ਕਿ ਮੈਨੂੰ ਧੰਮ ਦੇ ਲਾਭ ਲਈ ਸਿਰਫ ਸੋਚਣਾ ਅਤੇ ਲਿਖਣਾ ਹੀ ਨਹੀ ਬਲਕਿ ਧੰਮ ਦੇ ਲਾਭ ਲਈ ਸਮਝਣਾ ਅਤੇ ਬੋਲਣਾ ਵੀ ਚਾਹਿਦਾ ਹੈ। ਇੱਕ ਉਪਾਸਕ ਅਤੇ ਭਿੱਖੂ ਨੂੰ ਇਹ ਆਪਣੀ ਨੈਤਿਕ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਉਹ ਉੱਪਰ ਦਿੱਤੇ ਗਏ ਘੱਟੋ-ਘੱਟ ਤਿੰਨ ਕਾਰਨਾ ਨੂੰ ਸਮਝੇ ਅਤੇ ਧੰਮ ਦੇ ਪ੍ਰਚਾਰ-ਪ੍ਰਸਾਰ ਦੇ ਵੱਧ ਤੋਂ ਵੱਧ ਯਤਨ ਕਰੇ ਤਾਂ ਕਿ ਧੰਮ ਵਿੱਚ ਨਿਰੰਤਰ ਪੈਦਾ ਹੋ ਰਹੀਆਂ ਹਾਨੀਆ ਨੂੰ ਖਤਮ ਕੀਤਾ ਜਾ ਸਕੇ ਅਤੇ ਧੰਮ ਵਿੱਚ ਉਸਦੇ ਮੂਲ ਸਿਧਾਂਤਾਂ ਨੂੰ ਸਥਿਰ ਰੱਖਿਆ ਜਾ ਸਕੇ। ਇਨ੍ਹਾ ਤੋਂ ਇਲਾਵਾ ਤਥਾਗਤ ਬੁੱਧ ਦੁਆਰਾ ਧੰਮ ਵਿੱਚ ਦਿੱਤੇ ਪੰਜ ਸ਼ੀਲਾਂ (ਸਮਯੱਕ ਵਿਵਹਾਰ-ਚਰਿੱਤਰ) ਦੀ ਪਾਲਣਾ ਕਰਨੀ ਜਰੂਰੀ ਹੈ। ਗਿਆਨਵਾਨ ਲੋਕਾਂ ਨੂੰ ਧੰਮ ਦੀ ਚਰਚਾ ਨਿਰੰਤਰ ਕਰਦੇ ਹੀ ਰਹਿਣਾ ਚਾਹਿਦਾ ਹੈ। ਇੱਕ ਬੁੱਧੀਮਾਨ ਵਿਆਕਤੀ ਉਹ ਹੀ ਹੁੰਦਾ ਹੈ ਜੋ ਅੱਛਾ ਸੋਚ ਸਕਦਾ ਹੈ , ਅੱਛਾ ਸਮਝ ਸਕਦਾ, ਅੱਛਾ ਲਿੱਖ ਸਕਦਾ ਅਤੇ ਜੋ ਅੱਛਾ ਬੋਲ ਸਕਦਾ। ਉਸ ਨੂੰ ਆਪਣੇ ਧੰਮ ਦੀਆਂ ਹਾਨੀਆ ਨੂੰ ਦੂਰ ਕਰਨ ਲਈ ਯਤਨਸ਼ੀਲ ਰਹਿਣਾ ਚਾਹਿਦਾ ਹੈ ਨਾ ਕਿ ਬੁੱਧ ਧੰਮ ਦੀ ਦੀਕਸ਼ਾ ਲੈ ਕੇ ਆਪਣੇ ਨਿੱਜੀ ਕੰਮਾਂ ਕਾਰਾਂ ਵਿੱਚ ਵਿਅਸਥ ਰਹਿਣਾ ਚਾਹਿਦਾ ਹੈ।

ਇੰਜ: ਵਿਸ਼ਾਲ ਖੈਹਿਰਾ 9988913417 ਵਾਸਤਵਿਕ ਕਲਮ ਤੋਂ

Previous articleਬੁੱਧ ਚਿੰਤਨ /   ਤੰਦ ਨੀ, ਤਾਣੀ ਉਲਝੀ 
Next articleSunday Samaj Weekly = 17/12/2023