ਸ਼ਹਿਦੋ ਮਿੱਠੀ ਮਾਂ ਬੋਲੀ…

ਡਾ. ਲਵਪ੍ਰੀਤ ਕੌਰ "ਜਵੰਦਾ"

(ਸਮਾਜ ਵੀਕਲੀ)

ਸ਼ਹਿਦ ਤੋਂ ਵੀ ਮਿੱਠੇ ਬੋਲ ਮੇਰੀ ਮਾਂ ਬੋਲੀ ਪੰਜਾਬੀ ਦੇ।

ਪਰਦੇਸਾਂ ਵਿੱਚ ਵੀ ਵੱਜਦੇ ਸੱਜਣੋ ਢੋਲ ਪੰਜਾਬੀ ਦੇ।
ਅੰਬ ਨੂੰ ਜਦ ਮੈਂ ਅੰਬ ਕਹਾ ਮੂੰਹ ਸੁਆਦ ਨਾਲ ਭਰ ਜਾਂਦਾ।
ਮੈਂਗੋ ਕਹਿਕੇ ਸੁਆਦ ਨਾ ਰੋਲ ਪੰਜਾਬੀ ਦੇ।

ਮਿਠੀਆਂ ਮਿਠੀਆਂ ਝਿੜਕਾਂ ਨੇ ਦਿਲਾ ਨੂੰ ਟੁੰਬਦੀਆਂ
ਜਦ ਨਾਨੀ ਆਖੇ ਦਾਦੇ ਮੂੰਹ-ਹਘਣਾ ਗਲੋਚ ਪੰਜਾਬੀ ਦੇ ।
ਖਿੱਚ ਕੇ ਫੇਰ ਨਾਨੀ ਨੇ ਜਦ ਸੀਨੇ ਲਾ ਲੈਣਾ,
ਬਾਲਪਨ ਮਸ਼ਕਰੀਆਂ ਲਗਦੇ ਨੇ ਕਲੋਲ ਪੰਜਾਬੀ ਦੇ।

ਗਿੱਧਾ ਭੰਗੜਾ ਘੋਲ ਕਬੱਡੀ ਸਾਡੇ ਸ਼ੌਕ ਨਿਰਾਲੇ ਨੇ,
ਜਿੰਦਾ ਦਿਲੀ ਤੇ ਠੁੱਕ ਨਾਲ ਜੀਣਾ ਰੋਅਬ ਪੰਜਾਬੀ ਦੇ।
ਗਿਲੇ ਸ਼ਿਕਵੇ ਕੀਤੇ ਜਾਂਦੇ ਦੇ ਕੇ ਸਿੱਠਣੀਆਂ,
ਹਾਸੇ ਠੱਠੇ ਗਾਏ ਜਾਂਦੇ ਵਿੱਚ ਮਖੌਲ ਪੰਜਾਬੀ ਦੇ।

ਸਾਫ਼ ਸੁਥਰੀ ਕੋਰੀ ਕਰਾਰੀ ਗੁੜ ਦੇ ਸ਼ੀਰ ਜਿਹੀ,
ਦਿਲ ਦਾ ਖੋਟਾ ਖੜ੍ਹ ਨਹੀਂ ਸਕਦਾ ਕੋਲ ਪੰਜਾਬੀ ਦੇ।
ਮਾਂ ਬੋਲੀ ਤੋਂ ਸਿਖਿਆ ਭਲਾ ਮੰਗਣਾ ਹਰ ਇੱਕ ਦਾ,
ਸਰਬੱਤ ਦਾ ਮੰਗੋ ਭਲਾ, ਦੱਸੇ ਐਸੇ ਸਲੋਕ ਪੰਜਾਬੀ ਦੇ।

ਗੁਰੂਆਂ ਪੀਰਾਂ ਫ਼ਕੀਰਾਂ ਲਿਖਿਆ ਮਾਂ ਬੋਲੀ ਵਿੱਚ
ਭਰੇ ਹੋਏ ਖਜਾਨੇ ਪਏ ਅਨਮੋਲ ਪੰਜਾਬੀ ਦੇ।
ਗੁਰੂਆਂ ਦੀ ਬਾਣੀ ਜੇਹਾ ਹੋਰ ਕੁਝ ਵੀ ਨਾ ਇੱਥੇ,
ਪੜਦੇ ਗੁਰੂਬਾਣੀ ਸਿੱਖੀ ਸਿਦਕ ਰਹੇ ਅਡੋਲ ਪੰਜਾਬੀ ਦੇ।

ਬੁੱਲਾ ਵਾਰਿਸ ਸ਼ਾਹ,ਪੀਲੂ ,ਸ਼ਿਵ ਸ਼ਾਇਰ ਅਣਮੁੱਲੇ,
ਸੁਰਿੰਦਰ ਕੌਰ ਵਾਂਗ ਕੋਇਲ ਹੈ ਕੋਲ ਪੰਜਾਬੀ ਦੇ,
ਜੱਗੋਂ ਤੁਰਗੇ ਹੀਰੇ ਜੇਹੇ ਇਹ ਲੋਕੀ ਭਾਵੇਂ ਨੇ,
ਅਜ ਵੀ ਵਸਦੇ ਸਚਮੁੱਚ ਦਿਲ ਦੇ ਕੋਲ ਪੰਜਾਬੀ ਦੇ।

ਬਾਬੇ ਨਾਨਕ ਜਿਸ ਨੇ ਸੋਧੀ ਕੁੱਲ ਲੁਕਾਈ ਸੀ,
ਸਭ ਲਈ ਮਾਰਗ ਦਰਸ਼ਨ ਉਹਦੇ ਬੋਲ ਪੰਜਾਬੀ ਦੇ।
ਗੁਰੂ ਗ੍ਰੰਥ ਵਿੱਚ ਭਰੇ ਖਜਾਨੇ ਆਤਮ ਪਰਮਾਤਮ ਦੇ,
ਸੁਰ ਬੱਧ ਕੀਤੇ ਨਾਨਕ ਦੇ ਬੋਲ ਮਰਦਾਨੇ ਰਬਾਬੀ ਦੇ।

ਗਊ ਗ਼ਰੀਬ ਦੀ ਰਖਿਆ ਕਰਨੋਂ ਪੰਜਾਬੀਓ ਟੱਲਿਓ ਨਾ,
ਲਿਖੇ ਸੁਨਹਿਰੀ ਅੱਖਰਾਂ ਦੇ ਵਿੱਚ ਘੋਲ ਪੰਜਾਬੀ ਦੇ।
ਕੁਰਬਾਨੀ ਦਾ ਜਜ਼ਬਾ ਕੁੱਟ ਕੁੱਟ ਭਰਿਐ ਇਹਨਾਂ ਦੇ ਬੋਲਾਂ ਵਿਚ,
ਕਦੇ ਕਿਸ ਨੇ ਵੇਖੇ ਜਿਗਰੇ ਨੇ ਡਾਵਾਂ ਡੋਲ ਪੰਜਾਬੀ ਦੇ।

ਨੀਹਾਂ ਵਿੱਚ ਚਿਣਵਾਏ ਬੱਚੇ ਦਿਲਾਂ ਚ ਵਸਦੇ ਨੇ,
ਵਿਰਸੇ ਦੇ ਵਿੱਚ ਹੀਰੇ ਨੇ ਅਣਮੋਲ ਪੰਜਾਬੀ ਦੇ।
ਦਿਲ ਰੱਖੀਏ ਦਿਲਾਂ ਵਿੱਚ ਦਮ ਵੀ ਰੱਖੀਏ ਸਿੰਘਾਂ ਜੇਹਾ,
“ਪ੍ਰੀਤ” ਫਿਰ ਵੀ ਹਿਰਦੇ ਸੋਹਲ ,ਅਨਮੋਲ ਪੰਜਾਬੀ ਦੇ।।

ਡਾ. ਲਵਪ੍ਰੀਤ ਕੌਰ “ਜਵੰਦਾ”
9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਭਾਜਪਾ ਸਰਕਾਰ ਦੇ ਪੁਤਲੇ ਫੂਕੇ।
Next articleਆਪ ਵੱਲੋਂ ਕੇਂਦਰ ਦੁਆਰਾ ਬੀ.ਐਸ.ਐਫ ਦਾ ਦਾਇਰਾ ਵਧਾਉਣ ਲਈ ਸਖ਼ਤ ਸ਼ਬਦਾਂ ਵਿੱਚ ਨਿਖੇਧੀ