ਲੋਕਾਂ ਨੇ ਕੀਤਾ ਫੈਸਲੇ ਦਾ ਸਵਾਗਤ___ਅਰਸ਼ ਵਿਰਕ
ਭਲੂਰ ਤੋਂ ਬੇਅੰਤ ਗਿੱਲ
ਮੋਗਾ (ਸਮਾਜ ਵੀਕਲੀ): ਪਿਛਲੇ ਲੰਬੇ ਸਮੇਂ ਦੌਰਾਨ ਸੜਕ ਦੁਰਘਟਨਾਵਾਂ ਵਿਚ ਵੱਡਾ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਨਸ਼ਾ ਮੰਨਿਆ ਜਾ ਰਿਹਾ ਹੈ। ਨਸ਼ਾ ਕਰਕੇ ਡਰਾਈਵਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਭਗਵੰਤ ਮਾਨ ਸਰਕਾਰ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਹੁਣ ਬਾਜ ਆ ਜਾਓ। ਜਿਹੜਾ ਵੀ ਸ਼ਰਾਬੀ ਹਾਲਤ ਵਿਚ ਗੱਡੀ ਡਰਾਇਵ ਕਰਦਾ ਪੁਲਿਸ ਦੇ ਹੱਥੇ ਆ ਗਿਆ, ਬਖਸ਼ਿਆ ਨਹੀਂ ਜਾਵੇਗਾ। ਆਮ ਆਦਮੀ ਪਾਰਟੀ ਦੀ ਇਸ ਮੁਹਿੰਮ ਦੀ ਸਮਾਜ ਸੇਵੀ ਲੋਕਾਂ ਵੱਲੋਂ ਸਲਾਹੁਤਾ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਉੱਪਰ ਭਾਵੇਂ ਪਹਿਲਾਂ ਵੀ ਕਾਨੂੰਨ ਬਣਿਆ ਹੋਇਆ ਹੈ ਅਤੇ ਅਜਿਹਾ ਕਰਨ ‘ਤੇ ਬਕਾਇਦਾ ਜ਼ੁਰਮਾਨਾ ਫੀਸ ਵੀ ਨਿਰਧਾਰਤ ਕੀਤੀ ਹੋਈ ਹੈ ਪਰੰਤੂ ਅਫਸੋਸ ਕਿ ਇਹ ਕਾਨੂੰਨ ਹੁਣ ਤੱਕ ਕਾਗਜ਼ਾਂ ਦੀ ਜੇਬ ਵਿੱਚ ਹੀ ਸੀਮਿਤ ਹੋ ਕੇ ਰਿਹਾ ਹੈ।
ਪਿਛਲੇ ਲੰਬੇ ਅਰਸੇ ਤੋਂ ਨਸ਼ੇ ਦਾ ਸੇਵਨ ਕਰਕੇ ਸੜਕਾਂ ਉੱਪਰ ਖਰੂਦ ਮਚਾਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਹੈ। ਸੂਝਵਾਨ ਲੋਕ ਸੜਕਾਂ ਤੋਂ ਗੁਜ਼ਰਦਿਆਂ ਵੱਡੇ ਭੈਅ ਵਿਚ ਰਹਿੰਦੇ ਹਨ, ਕਿਉਂਕਿ ਪਤਾ ਨਹੀਂ ਕਿਹੜੀ ਸਾਇਡ ਤੋਂ ਕਿਸੇ ਨਸ਼ਈ ਡਰਾਈਵਰ ਨੇ ਉਨ੍ਹਾਂ ਦਾ ਪਲਾਂ ਵਿਚ ਨੁਕਸਾਨ ਕਰ ਜਾਣਾ ਹੈ। ਸਰਕਾਰ ਨੇ ਹੁਣ ਮੈਰਿਜ ਪੈਲਿਸਾਂ ਮੂਹਰੇ ਵੀ ਪੁਲਿਸ ਨਾਕੇ ਲਗਾਉਣ ਦੀ ਗੱਲ ਆਖੀ ਹੈ ਤਾਂ ਜੋ ਕੋਈ ਵੀ ਵਿਆਹ ਸਮਾਗਮ ਦੌਰਾਨ ਸ਼ਰਾਬ ਪੀ ਕੇ ਗੱਡੀ ਦੇ ਸਟੇਰਿੰਗ ਉੱਪਰ ਨਾ ਆਣ ਬੈਠੇ। ਪੈਲੇਸ ਚੋਂ ਬਾਹਰ ਨਿਕਲਦਿਆਂ ਦੀ ਬਕਾਇਦਾ ਚੈਕਿੰਗ ਹੋਵੇਂਗੀ, ਜਿਹੜਾ ਵੀ ਸ਼ਰਾਬ ਪੀ ਕੇ ਸਟੇਰਿੰਗ ਫੜੀ ਬੈਠਾ ਹੋਇਆ, ਉਸਨੂੰ ਕਸੂਰਵਾਰ ਮੰਨਦਿਆਂ ਚਲਾਨ ਕੱਟਕੇ ਜ਼ੁਰਮਾਨਾ ਕੀਤਾ ਜਾਵੇਗਾ। ਇਸ ਬਾਬਤ ਆਮ ਆਦਮੀ ਪਾਰਟੀ ਭਲੂਰ ਦੇ ਪ੍ਰਧਾਨ ਅਰਸ਼ ਵਿਰਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਫੈਸਲੇ ਦਾ ਲੋਕਾਂ ਨੇ ਸਵਾਗਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਸਮਾਜ ਦੀ ਬਿਹਤਰੀ ਲਈ ਹੈ, ਲੋਕਾਂ ਦੇ ਬਚਾਅ ਲਈ ਅਜਿਹੇ ਫੈਸਲੇ ਹੋਣੇ ਬੇਹੱਦ ਜਰੂਰੀ ਹੁੰਦੇ ਹਨ। ਨੌਜਵਾਨ ਆਗੂ ਅਰਸ਼ ਵਿਰਕ ਭਲੂਰ ਨੇ ਕਿਹਾ ਕਿ ਸਾਨੂੰ ਸਭ ਨੂੰ ਸਰਕਾਰ ਦੀ ਇਸ ਮੁਹਿੰਮ ਦਾ ਸਾਥ ਦੇਣਾ ਚਾਹੀਦਾ ਹੈ। ਪਿਛਲੇ ਸਮੇਂ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਦੀ ਅਣਗਹਿਲੀ ਕਾਰਨ ਹਜ਼ਾਰਾਂ ਬੇਕਸੂਰ ਵਿਆਕਤੀ ਜਿੰਦਗੀ ਤੋਂ ਦੂਰ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਆਪਾਂ ਸਾਰੇ ਇਹ ਕਹਿੰਦੇ ਤਾਂ ਆਏ ਹਾਂ ਕਿ ਸ਼ਰਾਬ ਤੇ ਡਰਾਈਵਰੀ ਦਾ ਕੋਈ ਮੇਲ ਨਹੀਂ ਪਰ ਅਮਲ ਅਸੀਂ ਤਿਣਕਾ ਵੀ ਨਹੀਂ ਕੀਤਾ। ਇਹੀ ਕਾਰਨ ਹੈ ਕਿ ਅੱਜ ਸੜਕ ਦੁਰਘਟਨਾਵਾਂ ਨੇ ਲੋਕਾਂ ਦੇ ਘਰਾਂ ਵਿਚ ਸੱਥਰ ਵਿਛਾ ਦਿੱਤੇ ਹਨ। ਸੋ ਆਓ ਆਪਾਂ ਸਾਰੇ ਇਸ ਮੁਹਿੰਮ ਦਾ ਹਿੱਸਾ ਬਣੀਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly