(ਸਮਾਜ ਵੀਕਲੀ) ਮੈਨੂੰ ਇੱਕ ਹਫਤਾ ਹੋਇਆ ਹੈ ਹੌਲੈਂਡ ਤੇ ਆਏ ਨੂੰ। ਮੈਂ ਪੰਜਾਬ ਲਈ ਡੇੜ ਕੁ ਲੱਖ ਰੂਪੈ ਖ਼ਰਚਣ ਲਈ ਲਿਆਇਆ ਹਾਂ। ਇਹ ਖਰਚਾ ਮੈਂ ਟਰੈਵਲ,ਖਾਣ ਪੀਣ, ਤੇ ਹੋਰ ਨਿੱਕ ਸੁੱਕ ਤੇ ਖਰਚਨਾ ਹੈ। ਮੇਰਾ ਕੁੱਲ ਖਰਚਾ ਦੇਸ ਫੇਰੀ ਦਾ ਇੱਕ ਲੱਖ ਸੱਤਰ ਕੁ ਹਜ਼ਾਰ ਹੋਵੇਗਾ ਤਿੰਨ ਹਫ਼ਤਿਆਂ ਦਾ ਸਣੇ ਹਵਾਈ ਟਿਕਟ। ਸੱਤਰ ਹਜ਼ਾਰ ਕਿਰਾਏ ਭਾੜੇ ਤੇ ਲੱਖ ਕੁ ਖਾਣ ਪੀਣ ਤੇ ਹੋਰ ਖ਼ਰਚ। ਮੈਂ ਬਾਹਰੋਂ ਕੰਮਾਂ ਕੇ ਡੇੜ ਕੁ ਲੱਖ ਰੁਪੈ ਪੰਜਾਬ ਦੀ ਇਕਨੌਮੀ ਵਿੱਚ ਪਾ ਚੱਲਿਆ ਹਾਂ ਇਹ ਮੈਂ ਹੀ ਨਹੀਂ ਮੇਰੇ ਵਰਗੇ ਹੋਰ ਲੱਖਾਂ ਪੰਜਾਬ ਦੇ ਪੁੱਤ ਧੀਆਂ ਵੀ ਇਸੇ ਤਰਾਂ ਬਾਹਰੋਂ ਪੈਸਾ ਕੰਮਾਂ ਪੰਜਾਬ ਦੀ ਇਕਨੌਮੀ ਵਿੱਚ ਪਾਉਂਦੇ ਹਨ।ਇਹ ਉਹ ਪੈਸਾਂ ਜਿਸ ਨੂੰ ਕਮਾਉਣ ਲਈ ਅਸੀਂ ਪੰਜਾਬ ਦਾ ਕੋਈ ਵੀ ਸੋਰਸ ਨਹੀਂ ਵਰਤਿਆ ਪੰਜਾਬ ਨੂੰ ਸਾਡੇ ਵਰਗਿਆਂ ਬਾਹਰ ਰਹਿੰਦਿਆਂ ਤੋਂ ਇਹ ਪੱਕੀ ਇੱਟ ਵਰਗੀ ਕਮਾਈ ਹੈ। ਜੇ ਐਸ ਵਕਤ ਪੰਜਾਬ ਵਿੱਚ ਦਸ ਲੱਖ ਬਾਹਰ ਰਹਿੰਦਾ ਪੰਜਾਬੀ ਵੀ ਹੋਇਆ ਤਾਂ ਲਗਾ ਲੋ ਜੋੜ ਕਿੰਨਾ ਬਾਹਰਲਾ ਪੈਸਾ ਪੰਜਾਬ ਵਿੱਚ ਆ ਰਿਹਾ ਹੈ। ਮੈਂ ਇੱਕ ਸਾਲ ਬਾਦ ਆਇਆ ਹਾਂ।
ਤੇ ਪੂਰੇ ਇੱਕ ਸਾਲ ਬਾਦ ਹੀ ਸਾਡਾ ਭੱਈਆ ਕਾਲੂ ਵੀ ਬਿਹਾਰ ਜਾ ਰਿਹਾ ਹੈ। ਕਾਲੂ ਸਾਡੀਆਂ ਮੱਝਾਂ ਸਾਂਭਦਾ ਹੈ ਉਸ ਦੀ ਪੰਦਰਾਂ ਹਜ਼ਾਰ ਮਹੀਨਾ ਤਨਖਾਹ ਹੈ। ਕਾਲੂ ਦਾ ਕੰਮ ਚਾਰ ਘੰਟੇ ਸਵੇਰੇ ਤੇ ਸਾਢੇ ਤਿੰਨ ਘੰਟੇ ਸ਼ਾਮ ਨੂੰ ਹੈ ਬਾਕੀ ਉਸ ਦਾ ਟਾਇਮ ਖ਼ਾਲੀ ਹੈ। ਖਾਲੀ ਟਾਇਮ ਨਹਾ ਧੋ ਕੇ ਬਿਹਾਰ ਘਰ ਫੋਨ ਕਰਨਾ, ਗੀਤ ਸੁਨਣਾ,ਤੇ ਫੋਨ ਤੇ ਰੀਲਾਂ ਵੇਖਣਾ ਕਾਲੂ ਦਾ ਸ਼ੌਕ ਹੈ ਕਦੇ ਕਦੇ ਬੋਦੇ ਬਾਦੇ ਵਾਹ ਕੇ ਸਾਡੇ ਸ਼ਹਿਰ ਦੇ ਅਤਰ ਫੁਲੇਲਾਂ ਵਾਲੇ ਸਭ ਤੋਂ ਬਿੱਜੀ ਭੀੜੀ ਮੋਰੀ,ਤੇ ਚੌੜੇ ਬਜ਼ਾਰ ਵਿੱਚ ਭਲਵਾਨੀ ਗੇੜਾ ਮਾਰਨਾ ਕਾਲੂ ਦੀ ਉਮਰ ਤੇਰੀ ਸਾਲ ਹੈ ਦਸ ਕੁ ਸਾਲ ਦਾ ਸੀ ਜਦ ਉਹ ਪੰਜਾਬ ਆ ਗਿਆ ਸੀ ਆਪਣੇ ਵੱਡੇ ਬਾਈ ਨਾਲ। ਕਾਲੂ,ਦਾ ਰਹਿਣਾ ਤਿੰਨ ਟਾਇਮ ਖਾਣਾ ਪੀਣਾ ਸਭ ਸਾਡੇ ਘਰ ਹੈ ਅੱਧਾ ਕਿੱਲੋ ਦੁੱਧ ਉਸ ਨੂੰ ਫਰੀ ਹੈ ਸ਼ਾਮ ਨੂੰ ਪੀਣ ਲਈ। ਕਾਲੂ ਦਾ ਹੋਰ ਕੋਈ ਵਾਫਰ ਦੁੱਕੀ ਖ਼ਰਚਾ ਨਹੀਂ।
ਕਾਲੂ ਅੱਜ ਪੂਰਾ ਖੁਸ਼ ਸੀ ਬਾਹੂਬਲੀ ਵਿੱਚ ਘਰ ਲਿਜਾਣ ਲਈ ਖ਼ਰੀਦੇ ਸਮਾਨ ਦੀਆਂ ਬੋਰੀਆਂ ਪੀਪੇ, ਬਾਲਟੀਆਂ ਲੱਦੀਆਂ ਜਾ ਰਹੀਆਂ ਹਨ। ਕਾਲੂ ਨੇ ਬਿਹਾਰ ਵਿਚ ਧੰਨਬਾਦ ਪਹੁੰਚਣਾ ਹੈ। ਮੋਗੇ ਤੋਂ ਫਿਰੋਜਪੁਰ ਜਾਣਾ ਹੈ ਤੇ ਉੱਥੋਂ ਧੰਨਬਾਧ ਵਾਲੀ ਗੱਡੀ ਫੜਨੀ। ਫਿਰੋਜ਼ ਪੁਰ ਗੱਡੀ ਖਾਲੀ ਹੁੰਦੀ ਖਾਣਾ ਪੀਣਾ ਸੱਭ ਨਾਲ ਬੰਨਿਆ ਹੈ ਸਣੇ ਤਿੰਨ ਬੋਤਲਾਂ ਸ਼ਰਾਬ ਦੀਆਂ ਜੋਂ ਰਾਹ ਵਿੱਚ ਫੰਨ ਸੰਨ ਕਰਨਾ ਹੈ ਯੂ ਪੀ ਆਉਣ ਤੋਂ ਪਹਿਲਾਂ ਪਹਿਲਾਂ ਸ਼ਾਇਦ ਬਿਹਾਰ ਵਿੱਚ ਸ਼ਰਾਬ ਬੰਦੀ ਹੈ। ਦੋਵੇਂ ਭਰਾ ਕੱਠੇ ਚੱਲੇ ਹਨ ਕਾਲੂ ਦਾ ਵੱਡਾ ਭਰਾ ਸਾਡੇ ਤਾਏ ਕੇ ਕੰਮ ਕਰਦਾ ਹੈ। ਇਸ ਵਾਰ ਸ਼ਾਇਦ ਨਾ ਜਾਂਦੇ ਪਰ ਚਾਚੇ ਦੀ ਕੁੜੀ ਦਾ ਵਿਆਹ ਹੈ ਇਸ ਕਰਕੇ ਜਾਣਾ ਜ਼ਰੂਰੀ ਹੈ। ਦੋਹਵੇਂ ਭਰਾ ਚਾਰ ਲੱਖ ਦੇ ਕਰੀਬ ਡੇੜ ਸਾਲ ਵਿੱਚ ਬਚਾ ਕੇ ਘਰ ਲਿਚੱਲੇ ਹਨ। ਫਿਰੋਜ਼ ਪੁਰ ਤੋਂ ਧੰਨਬਾਦ ਦੀ ਟਿਕਟ ਹੈ 600 ਰੁਪਏ ਹਨ। ਕਮਾਲ ਦਾ ਇਤਫ਼ਾਕ ਹੈ ਮੇਰਾ ਨਾਂਅ ਵੀ ਬਚਪਣ ਦਾ ਕਾਲੂ ਹੈ ਤੇ ਜਾਣ ਵਾਲੇ ਦਾ ਵੀ ਕਾਲੂ। ਕਾਲੂ ਤਿੰਨ ਮਹੀਨੇ ਆਪਣੇ ਦੇਸ ਰਹੇਗਾ ਤੇ ਮੈਂ ਸਿਰਫ ਤਿੰਨ ਹਫ਼ਤੇ। ਕਾਲੂ ਡੇੜ ਲੱਖ ਪੰਜਾਬ ਵਿੱਚੋਂ ਬਿਹਾਰ ਲੈ ਚੱਲਿਆ ਹੈ ਤੇ ਮੈਂ ਇਨਾਂ ਕੁ ਪੰਜਾਬ ਨੂੰ ਦੇ ਚੱਲਿਆ ਹਾਂ। ਕਾਲੂਆਂ ਦਾ ਹਿਸਾਬ ਕਿਤਾਬ ਬਰਾਬਰ। ਥੋਡਾ ਉਹੀ ਹਰ ਸਮਾਜਿਕ ਵਰਤਾਰੇ ਨੂੰ ਖੁਦ ਨਾਲ ਨਾਲ ਜੋੜ ਕੇ ਦੱਸਣ ਵਾਲਾ।
ਜੋਗਿੰਦਰ ਬਾਠ ਹੌਲੈਂਡ ਬਨਾਮ “ਕਾਲੂ”।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj