(ਸਮਾਜ ਵੀਕਲੀ)
ਜੰਗਲ਼ ,ਬਾਗ-ਬਗੀਚੇ, ਕੱਟ ਕੇ, ਕਿੱਡੇ-ਕਿੱਡੇ ਪਾਏ ਘਰ।
ਪੱਥਰ, ਲੋਹੇ ,ਲੱਕੜਾਂ ਦੇ ਸੰਗ, ਵੇਖੋ ਕਿੰਝ ਸਜ਼ਾਏ ਘਰ।
ਦਰਾਂ ‘ਚੋਂ, ਟਾਹਲੀ, ਬੋਹੜ ਨੇ ਪੁੱਟੇ, ਨਕਲ਼ੀ ਰੁੱਖ ਲਗਾਏ ਘਰ,
ਘਰਾਂ ‘ਚੋਂ,ਘੁੱਗੀਆਂ,ਚਿੱੜੀਆਂ,ਕੱਢ ਕੇ,ਆਲ੍ਹਣੇ,ਨਕਲੀ ਲਾਏ ਘਰ।
ਚੌਹ, ਚੁਫੇਰਿਓ, ਵੱਢੇ, ਰੁੱਖ ਤੂੰ, ਮਿਲੋ-ਮੀਲ ਵਿਖਾਏ ਘਰ,
ਗਰਮੀ,ਸਰਦੀ,ਸਹਿਣ ਨਾ ਕਰਦੇ,ਬੇਢੰਗੇ ਇੰਝ ਪਾਏ ਘਰ।
ਬੂਟਿਆਂ ਤੋਂ, ਬਿਨ੍ਹਾਂ,ਸੱਖਣੇ ਲੱਗਦੇ, ਵੱਡੇ-ਵੱਡੇ ਪਾਏ ਘਰ,
ਗਰਮੀਆਂ ਵਿੱਚ, ਤੰਦੂਰ, ਨੇ ਬਣਦੇ, ਰੋਹੀਆਂ ਦੇ ਵਿੱਚ,ਪਾਏ ਘਰ।
ਲੱਕੜਾਂ, ਨਾਲ ਸਜਾਏ ਘਰ, ਵੇਖੋ ਕਿੱਦਾਂ ਪਾਏ ਘਰ,
ਧਰਤੀ, ਮਾਂ ਦੀ ਕੁੱਖ ਉਜਾੜੀ , ਆਪਾਂ ਫਿਰ ਨੇ ਪਾਏ ਘਰ।
ਫੁੱਲ, ਫਲ਼,ਪੱਤੀਆਂ,ਰੁੱਖ ,ਉਜਾੜੇ, ਕਿੱਦਾਂ ਵੇਖ ਸਜਾਏ ਘਰ,
ਪੰਛੀਆਂ ਦੇ ਘਰ, ਢਾਹ ਕੇ ਆਪਾਂ,ਆਪਣੇ ਕਿੰਝ ਬਣਾਏ ਘਰ।
ਇੱਕ ਵੀ ਰੁੱਖ ਨਾ ਵਿਹੜੇ,ਦਿਖਿਆ,ਲੋਕੀ ਵੇਖਣ ਆਏ ਘਰ,
ਸਾਥੋਂ ਗਰਮੀ-ਸਰਦੀ ਰੁੱਸ ਗਈ,ਕਾਹਦੇ ਵੱਡੇ ਪਾਏ ਘਰ।
ਚੁੱਲਾ-ਚੌਂਕਾ, ਹਾਰੇ, ਖੋ ਗਏ, ਜਦੋਂ ਦੇ ਪੱਕੇ ਪਾਏ ਘਰ,
ਧੂੜ-ਮਿੱਟੀ ਤੋਂ ,ਹੋਈ ਐਲਰਜੀ, ਜਦੋਂ ਦੇ ਪੱਕੇ ਪਾਏ ਘਰ।
ਕਿੱਥੇ, ਧੀਆਂ, ਧਰੇਕਾਂ, ਗਈਆਂ,ਚਿਪਸਾਂ ਸੰਗ ਸਜਾਏ ਘਰ,
ਵਿਹੜੇ-ਵਿੱਚ ਨਾ,ਬਾਲ ਖੇਡਦੇ ,ਵੱਡੇ ਸੰਦ, ਖੜਾਏ ਘਰ।
ਕਿਹੜਾ,ਲਿੱਪੇ,ਕੰਧਾਂ ਕੌਲੇ, ਕਦੋਂ ਦੇ ਕੱਚੇ ਢਾਹੇ ਘਰ
ਪ੍ਰਕਿਰਤੀ, ਨੂੰ ਸੂਲੀ ਟੰਗ ਕੇ, ਬੰਦਾ ਵੇਖ ਬਣਾਏ ਘਰ।
ਪਾਣੀ, ਬਾਰੇ ਕੁਝ ਨਾ ਸੋਚੇ, ਟੂਟੀਆਂ, ਸਾਵਰ, ਲਾਏ ਘਰ,
ਕਿੰਨੀ,ਵੇਖੋ ਗਰਮੀ ਹੋ ਗਈ, ਏਸੀਆਂ ਸੰਗ ਸਜਾਏ ਘਰ।
ਲੱਖਾਂ ਦੇ ਘਰ ਏ.ਸੀ ਲਾਉਂਦਾ,ਇੱਕ ਵੀ ਰੁੱਖ ਨਾ ਲਾਏ ਘਰ
‘ਸੰਦੀਪ’ ਜੇ ਬੰਦਾ ਬਣਿਆ ਨਾ ਤੂੰ, ਫਿਰ ਝੱਖੜਾਂ ਵੇਖ ਉਡਾਏ ਘਰ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly