” ਸ੍ਰੀ ਅਨੰਦਪੁਰ ਸਾਹਿਬ ਦਾ ਪਾਵਨ ਹੋਲਾ – ਮਹੱਲਾ “

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਧੰਨ – ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਖ਼ਾਲਸੇ ਦੇ ਜਾਹੋ – ਜਲਾਲ ਦੇ ਪ੍ਰਤੀਕ ਹੋਲੇ – ਮਹੱਲੇ ਦੀ ਆਰੰਭਤਾ ਗੁਰੂ ਨਗਰੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਰਚ ਮਹੀਨੇ ਦੇ ਦੌਰਾਨ ਹਰ ਸਾਲ ਬਹੁਤ ਹੀ ਧੂਮਧਾਮ , ਉਤਸ਼ਾਹ , ਖ਼ੁਸ਼ੀ , ਉਮੰਗ ਅਤੇ ਹੌਸਲੇ ਦੇ ਨਾਲ ਹੁੰਦੀ ਹੈ। ਇਸ ਪਾਵਨ ਅਫ਼ਸਰ ਦੇ ਮੌਕੇ ‘ਤੇ ਸਮੂਹ ਇਲਾਕਾ ਨਿਵਾਸੀਆਂ , ਸੰਗਤਾਂ , ਪੰਜਾਬ ਅਤੇ ਦੇਸ਼ – ਦੁਨੀਆ ਦੇ ਲੋਕਾਂ ਤੇ ਸੰਗਤਾਂ ਨੂੰ ਬਹੁਤ – ਬਹੁਤ ਵਧਾਈ ਹੋਵੇ। ਹੋਲੇ – ਮਹੱਲੇ ਦਾ ਪਾਵਨ – ਪਵਿੱਤਰ ਮਹਾਨ ਤਿਉਹਾਰ ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ , ਖੁਸ਼ਹਾਲੀ , ਉੱਚੀ – ਸੁੱਚੀ ਤੇ ਨੇਕ ਸੋਚ , ਨਿਡਰਤਾ ਅਤੇ ਹੱਕ – ਸੱਚ ‘ਤੇ ਪਹਿਰਾ ਦੇਣ ਦੀ ਗਵਾਹੀ ਤੇ ਪ੍ਰਤੀਕ ਹੈ।

ਇਸ ਪਾਵਨ – ਪਵਿੱਤਰ ਸ਼ੁਭ ਦਿਹਾਡ਼ੇ ‘ਤੇ ਦੇਸ਼ਾਂ – ਵਿਦੇਸ਼ਾਂ ਅਤੇ ਦੂਰੋਂ – ਦੁਰਾਡਿਓਂ ਸੰਗਤਾਂ ਬਹੁਤ ਹੀ ਖ਼ੁਸ਼ੀ ਤੇ ਉਮੰਗ ਦੇ ਨਾਲ ਗੁਰੂ ਦੀ ਨਗਰੀ ਪਾਵਨ – ਪਵਿੱਤਰ , ਮਹਾਨ , ਇਤਿਹਾਸਕ ਧਰਤੀ ਅਤੇ ਅਨੰਦਾਂ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ( ਰੂਪਨਗਰ ) ਵਿਖੇ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੁੰਦੀ ਹੈ ਅਤੇ ਇਸ ਮਹਾਨ ਧਰਤੀ ਦੇ ਦਰਸ਼ਨ ਦੀਦਾਰ ਕਰਦੀ ਹੈ। ਹੋਲੇ – ਮਹੱਲੇ ਦਾ ਪਾਵਨ – ਪਵਿੱਤਰ ਤਿਉਹਾਰ ਸਾਨੂੰ ਗੁਰੂ ਸਾਹਿਬਾਨ ਜੀ ਵੱਲੋਂ ਦੱਸੇ ਗਏ ਹੱਕ – ਸੱਚ ਤੇ ਧਰਮ ਦੇ ਮਾਰਗ ‘ਤੇ ਚੱਲਣ ਦਾ ਸੁਨੇਹਾ ਦਿੰਦਾ ਹੈ ਅਤੇ ਇਹ ਵੀ ਯਾਦ ਦਿਵਾਉਂਦਾ ਹੈ ਕਿ ਸਾਨੂੰ ਅੰਧ – ਵਿਸ਼ਵਾਸਾਂ , ਊਚ – ਨੀਚ , ਜਾਤ – ਪਾਤ ਅਤੇ ਵਹਿਮਾਂ – ਭਰਮਾਂ ਤੋਂ ਮੁਕਤ ਹੋ ਕੇ ਆਪਣਾ ਜੀਵਨ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਅਨੁਸਾਰ ਬਤੀਤ ਕਰਨਾ ਚਾਹੀਦਾ ਹੈ।

ਹੋਲੇ – ਮਹੱਲੇ ਦੇ ਪਾਵਨ – ਪਵਿੱਤਰ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ‘ਤੇ ਕਵੀ ਦਰਬਾਰ , ਢਾਡੀ ਦਰਬਾਰ , ਕੀਰਤਨ ਸਮਾਗਮ , ਗੱਤਕਾ ਮੁਕਾਬਲੇ ਅਤੇ ਹੋਰ ਅਨੇਕਾਂ ਮਹਾਨ ਧਾਰਮਿਕ ਕਾਰਜ ਕੀਤੇ ਜਾਂਦੇ ਹਨ।ਨਿਹੰਗ ਸਿੰਘਾਂ ਵੱਲੋਂ ਵੀ ਵੱਖ – ਵੱਖ ਤਰ੍ਹਾਂ ਦੇ ਹੈਰਤਅੰਗੇਜ਼ ਕਰਤੱਬ ਬਹੁਤ ਹੀ ਬਹਾਦਰੀ , ਨਿਡਰਤਾ ਅਤੇ ਦਲੇਰੀ ਨਾਲ ਕੀਤੇ ਜਾਂਦੇ ਹਨ। ਹੋਲੇ – ਮਹੱਲੇ ਦੇ ਪਾਵਨ ਦਿਹਾਡ਼ੇ ‘ਤੇ ਸਿਵਲ ਪ੍ਰਸ਼ਾਸਨ , ਪੁਲਿਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸੇਵਾਦਾਰਾਂ ਤੇ ਸੰਗਤਾਂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਸਮੁੱਚੇ ਪ੍ਰੋਗਰਾਮ ਦੀ ਵਿਉਂਤਬੰਦੀ ਕੀਤੀ ਜਾਂਦੀ ਹੈ ਅਤੇ ਨੇਪਰੇ ਵੀ ਚਾੜ੍ਹਿਆ ਜਾਂਦਾ ਹੈ।ਸੰਗਤਾਂ ਗੁਰੂ ਕੇ ਅਤੁੱਟ ਵਰਤਾਏ ਜਾਂਦੇ ਲੰਗਰਾਂ ਦਾ ਵੀ ਆਨੰਦ ਉਠਾਉਂਦੀਆਂ ਹਨ ਅਤੇ ਮੇਲੇ ਦੇ ਵੰਨ – ਸੁਵੰਨੇ ਰੰਗਾਂ ਅਤੇ ਦ੍ਰਿਸ਼ਾਂ ਦਾ ਅਨੰਦ ਵੀ ਮਾਣਦੀਆਂ ਹਨ। ਕਈ ਥਾਵਾਂ ‘ਤੇ ਪੁਸਤਕ ਪ੍ਰਦਰਸ਼ਨੀਆਂ ਤੇ ਖੇਡ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।

ਸਭ ਤੋਂ ਵੱਡੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਇਸਦੇ ਆਲੇ – ਦੁਆਲੇ ਦੇ ਪਿੰਡਾਂ ਦੇ ਲੋਕ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਆਈਆਂ ਹੋਈਆਂ ਸੰਗਤਾਂ ਦੇ ਲਈ ਲੰਗਰ , ਚਾਹ , ਪਾਣੀ ਅਤੇ ਹੋਰ ਵੰਨ – ਸੁਵੰਨੇ ਖਾਧ ਪਦਾਰਥਾਂ ਦੀ ਖੁੱਲ੍ਹਦਿਲੀ ਦੇ ਨਾਲ ਸੇਵਾ /ਉਪਲੱਬਧਤਾ ਕਰਵਾਉਂਦੇ ਹਨ। ਦੂਰੋਂ – ਨੇਡ਼ਿਓਂ ਆਈਆਂ ਹੋਈਆਂ ਸੰਗਤਾਂ ਨੂੰ ਲਾਊਡ ਸਪੀਕਰਾਂ ਦੀਆਂ ਆਵਾਜ਼ਾਂ ਵਾਰ – ਵਾਰ ਗੁਰੂ ਕੇ ਲੰਗਰ ਛਕਣ , ਚਾਹ – ਪਕੌੜਾ ਛਕਣ ਦੀਆਂ ਬੇਨਤੀਆਂ ਕਰਦੀਆਂ ਹਨ , ਜੋ ਕਿ ਇੱਕ ਬਹੁਤ ਵੱਡਾ ਤੇ ਮਹਾਨ ਉਪਰਾਲਾ ਹੈ।ਇਸ ਪਾਵਨ ਦਿਹਾੜੇ ‘ਤੇ ਗੁਰੂ ਘਰਾਂ ਵਿੱਚ ਅੰਮ੍ਰਿਤ ਦਾ ਸੰਚਾਰ ਵੀ ਕੀਤਾ ਜਾਂਦਾ ਹੈ। ਸੰਗਤਾਂ ਗੁਰੂ – ਘਰਾਂ ਵਿੱਚ ਰੱਬੀ ਇਲਾਹੀ ਬਾਣੀ ਦਾ ਅਨੰਦ ਵੀ ਬਹੁਤ ਸ਼ਰਧਾ ਨਾਲ ਮਾਣਦੀਆਂ ਹਨ।

ਸਾਨੂੰ ਹੋਲੇ – ਮਹੱਲੇ ਦੇ ਪਾਵਨ ਤਿਉਹਾਰ ਨੂੰ ਮਨਾਉਂਦੇ ਸਮੇਂ ਕੁਦਰਤੀ ਰੰਗਾਂ ਜਾਂ ਫੁੱਲਾਂ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਰਸਾਇਣਾਂ ਵਾਲੇ ਰੰਗ ਸਾਡੇ ਸਰੀਰ , ਸਾਡੀਆਂ ਅੱਖਾਂ , ਸਾਡੇ ਕੰਨ ਆਦਿ ਨੂੰ ਨੁਕਸਾਨ ਨਾ ਪਹੁੰਚਾ ਸਕਣ। ਇਸ ਮੌਕੇ ਸਾਨੂੰ ਹੱਕ – ਸੱਚ ਦੀ ਕਮਾਈ ਕਰਨ , ਸ਼ਾਂਤੀ , ਸਾਦਗੀ ਅਤੇ ਦੂਸਰਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਆਪਣੇ ਅੰਦਰ ਲਿਆਉਣ ਦਾ ਅਹਿਦ ਵੀ ਲੈਣਾ ਚਾਹੀਦਾ ਹੈ। ਸਾਨੂੰ ਇਹ ਵੀ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਖੁਦ ਅਤੇ ਆਪਣੇ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਰੱਖੀਏ। ਇਸ ਪਾਵਨ ਦਿਹਾਡ਼ੇ ਮੌਕੇ ਹੋ ਸਕੇ ਤਾਂ ਲੋੜਵੰਦਾਂ ਦੀ ਯਥਾਸੰਭਵ ਯੋਗ ਸਹਾਇਤਾ ਕਰ ਦੇਣੀ ਚਾਹੀਦੀ ਹੈ।

ਪ੍ਰਮਾਤਮਾ ਕਰੇ ! ਗੁਰੂ ਮਹਾਰਾਜ ਜੀ ਦੀ ਕ੍ਰਿਪਾ ਨਾਲ ਹਰ ਸਾਲ ਸੁੱਖ – ਸ਼ਾਂਤੀ , ਖ਼ੁਸ਼ੀ , ਉਮੰਗ – ਤਰੰਗ ਅਤੇ ਹਰ ਤਰ੍ਹਾਂ ਦੇ ਭੇਦਭਾਵ ਤੇ ਮਨ – ਮੁਟਾਵ ਮਿਟਾ ਕੇ ਸਮੁੱਚੀ ਦੁਨੀਆ ਸ੍ਰੀ ਅਨੰਦਪੁਰ ਸਾਹਿਬ ਦੇ ਇਸ ਮਹਾਨ , ਪਾਵਨ ਅਤੇ ਦੁਨੀਆ ਵਿੱਚ ਵਿਸ਼ੇਸ਼ ਮਹੱਤਤਾ ਰੱਖਣ ਵਾਲੇ ਤਿਓਹਾਰ ਹੋਲਾ – ਮਹੱਲਾ ਨੂੰ ਬਹੁਤ ਹੀ ਖੁਸ਼ੀ ਨਾਲ ਅਤੇ ਆਪਸ ਵਿੱਚ ਰਲ਼ – ਮਿਲ਼ ਕੇ ਮਨਾਉਂਦੇ ਰਹਿਣ ਤੇ ਸਾਰੇ ਰਲ਼ – ਮਿਲ਼ ਕੇ ਰਹਿਣ ਜੀ।
ਵਾਹਿਗੁਰੂ ਜੀ ਕਾ ਖਾਲਸਾ ,
ਵਾਹਿਗੁਰੂ ਜੀ ਕੀ ਫਤਹਿ।
ਸਤਿਨਾਮ – ਵਾਹਿਗੁਰੂ ਜੀ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੋਲੀਂ ਬਾਹਾਂ
Next articleਜਗਤ ਤਮਾਸ਼ਾ