(ਸਮਾਜ ਵੀਕਲੀ)
ਹੋਲੀ ਦਾ ਤਿਉਹਾਰ ਲਗਭਗ ਪੂਰੇ ਭਾਰਤ ਭਰ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ।ਇਹ ਬਹੁਤ ਹੀ ਪ੍ਰਾਚੀਨ ਤਿਉਹਾਰ ਹੈ।ਹਰ ਸਾਲ ਫੱਗਣ ਦੀ ਪੁੰਨਿਆ ਦੇ ਮੌਕੇ ਇਹ ਤਿਉਹਾਰ ਮਨਾਉਣ ਦੀ ਪਿਰਤ ਹੈ।ਪੰਜਾਬ ਦੇ ਹੋਲੇ ਮਹੱਲੇ ਤੇ ਬਾਕੀ ਭਾਰਤ ਦੀ ਹੋਲੀ ਵਿੱਚ ਰੰਗਾਂ ਦਾ ਬਰਾਬਰ ਮਹੱਤਵ ਹੈ। ਬਸੰਤ ਰੁੱਤ ਵਿੱਚ ਮਨਾਏ ਜਾਣ ਕਾਰਨ ਇਸਨੂੰ ਬਸੰਤ ਉਤਸਵ ਵੀ ਕਿਹਾ ਜਾਂਦਾ ਹੈ।ਇਥੋਂ ਤੱਕ ਕਿ ਮੁਗ਼ਲ ਬਾਦਸ਼ਾਹ ਅਕਬਰ ਤੇ ਬਾਕੀ ਰਾਜਿਆਂ ਦੇ ਵੀ ਹੋਲੀ ਖੇਡਣ ਬਾਰੇ ਤੱਥ ਮਿਲਦੇ ਹਨ।ਪ੍ਰਸਿੱਧ ਸੈਲਾਨੀ ਅਲਬਰੁਨੀ ਨੇ ਵੀ ਆਪਣੇ ਭਾਰਤ ਯਾਤਰਾ ਅਨੁਭਵਾਂ ਵਿੱਚ ਇਸਦਾ ਵਰਣਨ ਕੀਤਾ ਹੈ।ਬ੍ਰਿਜ ਦੀ ਹੋਲੀ ਬਹੁਤ ਮਸ਼ਹੂਰ ਹੈ।ਜਿਸਦਾ ਸਬੰਧ ਕ੍ਰਿਸ਼ਨ ਭਗਵਾਨ ਅਤੇ ਗੋਪੀਆਂ ਦੇ ਹੋਲੀ ਖੇਡਣ ਨਾਲ ਹੈ।ਇਹ ਲਗਭਗ ਪੂਰੇ ਭਾਰਤ ਵਿੱਚ ਮਨਾਈ ਜਾਂਦੀ ਹੈ।ਹਰੇਕ ਰਾਜ ਵਿੱਚ ਇਸਦੇ ਅਨੋਖੇ ਅੰਦਾਜ਼ ਹਨ ।
ਪੰਜਾਬ ਵਿੱਚ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਦਿਨ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਿਰ ਹੁੰਦੀਆਂ ਹਨ।ਜਿੱਥੇ ਖਾਲਸੇ ਦਾ ਹੋਲਾ ਮਹੱਲਾ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।ਨਿਹੰਗ ਸਿੰਘਾਂ ਦੀਆਂ ਫੌਜਾਂ ਤੇ ਘੋੜੇ ਆਪਣੇ ਹੀ ਜਾਹੋ ਜਲਾਲ ਵਿੱਚ ਇਸ ਮੇਲੇ ਵਿੱਚ ਪਹੁੰਚਦੇ ਹਨ।ਘੋੜ ਸਵਾਰੀ ਤੇ ਗੱਤਕੇ ਦੇ ਜੌਹਰ ਦੇਖਣ ਲਈ ਪੂਰੀ ਦੁਨੀਆਂ ਵਿੱਚੋ ਦਰਸ਼ਕ ਹੁੰਮ ਹੁੰਮਾਂ ਕੇ ਪੁੱਜਦੇ ਹਨ।ਚਾਰ ਚੁਫੇਰੇ ਉੱਡ ਰਹੇ ਰੰਗਾਂ ਤੇ ਘੋੜਿਆਂ ਦੀਆਂ ਟਾਪਾਂ ਨਾਲ ਇੱਕ ਅਨੋਖਾ ਜਲੌ ਨਜ਼ਰ ਆਉਂਦਾ ਹੈ।ਇਹ ਤਿਉਹਾਰ ਉਤਸ਼ਾਹ ਵਰਧਕ ਵੀ ਹੈ।
ਹੋਲੀ ਦੇ ਰੰਗ ਜ਼ਿੰਦਗੀ ਵਿੱਚ ਹਾਸੇ,ਖੁਸ਼ੀਆਂ ਬਿਖੇਰਨ ਲਈ ਬਹੁਤ ਮਹੱਤਵਪੂਰਨ ਹਨ।ਸਾਨੂੰ ਸਭ ਨੂੰ ਕੁਦਰਤੀ ਰੰਗਾਂ ਨਾਲ ਅਤੇ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਹੋਲੀ ਖੇਡਣੀ ਚਾਹੀਦੀ ਹੈ।ਕਿਸੇ ਉਪਰ ਜ਼ਬਰਦਸਤੀ ਰੰਗ ਨਹੀਂ ਸੁੱਟਣਾ ਚਾਹੀਦਾ।ਨੌਜਵਾਨਾਂ ਅਤੇ ਬੱਚਿਆਂ ਨੂੰ ਵਾਹਨਾਂ ਨੂੰ ਭਜਾ ਭਜਾ ਕੇ ਹੋਲੀ ਖੇਡਣ ਤੋਂ ਬਚਣਾ ਚਾਹੀਦਾ ਹੈ।ਕਿਉਕਿ ਅਜਿਹੇ ਹੁੜਦੰਗ ਮਚਾਉਣ ਨਾਲ ਬਹੁਤ ਹਾਦਸੇ ਵਾਪਰ ਜਾਂਦੇ ਹਨ।ਸੋ ਤਿਉਹਾਰ ਨੂੰ ਖੁਸ਼ੀ ਅਤੇ ਸਾਦਗੀ ਨਾਲ ਮਨਾਉਣ ਵਿੱਚ ਹੀ ਸੱਚੀ ਖੁਸ਼ੀ ਹੈ।
ਰਾਜਨਦੀਪ ਕੌਰ
6239326166
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly