43ਵੀਂ ਬਰਸੀ ਤੇ ਵਿਸ਼ੇਸ

ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਲੁਧਿਆਣਾ – ਉਲੰਪੀਅਨ ਪ੍ਰਿਥੀਪਾਲ ਸਿੰਘ 20ਵੀਂ ਸਦੀ ਦੇ 60ਵੇਂ ਦਹਾਕੇ ਦਾ ਇੱਕ ਅਜਿਹਾ ਚਰਚਿਤ ਖਿਡਾਰੀ ਸੀ, ਜਿਸਨੇ ਭਾਰਤ ਦੀ ਹਾਕੀ ਨੂੰ ਵਿਸ਼ਵ ਪੱਧਰ ਤੇ ਚਮਕਾਇਆ ਅਤੇ ਆਪਣੀ ਪਹਿਚਾਣ ਵੀ ਦੁਨੀਆ ਦੇ ਮਹਾਂਰਥੀ ਖਿਡਾਰੀਆਂ ‘ਚ ਬਣਾਈ। ਸ. ਪ੍ਰਿਥੀਪਾਲ ਸਿੰਘ ਨੇ ਤਿੰਨ ਓਲੁੰਪਿਕਸ ਖੇਡੀਆਂ ਜਿਨ੍ਹਾਂ ਵਿਚ 1960 ਰੋਮ, 1964 ਟੋਕੀਓ, 1968 ਮੈਕਸੀਕੋ ਸ਼ਾਮਿਲ ਹਨ। ਉਹ ਤਿੰਨੇ ਓਲੰਪਿਕਾਂ ਵਿਚ ਦੁਨੀਆਂ ਦਾ ਸਰਵੋਤਮ ਸਕੋਰਰ ਰਿਹਾ ਅਤੇ ਤਿੰਨਾ ਵਿੱਚ ਹੀ ਭਾਰਤੀ ਹਾਕੀ ਟੀਮ ਨੂੰ ਜੇਤੂ ਸਟੈਂਡ ਤੇ ਖੜਨ ਦਾ ਮਾਣ ਦਿਵਾਇਆ। ਪ੍ਰਿਥੀਪਾਲ ਸਿੰਘ ਨੇ ਆਪਣੀ ਜਿੰਦਗੀ ਦਾ ਸਫ਼ਰ 28 ਜਨਵਰੀ 1932 ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਕੀਤਾ, ਇਸੇ ਕਰਕੇ ਕਈ ਖੇਡ ਲੇਖਕਾਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗਰਾਈਂ ਵਜੋਂ ਪਹਿਚਾਣ ਨੂੰ ਦਰਸਾਇਆ। ਪ੍ਰਿਥੀਪਾਲ ਸਿੰਘ ਨੇ ਪਹਿਲਾਂ ਫੁੱਟਬਾਲ ਖੇਡਣੀ ਸ਼ੁਰੂ ਕੀਤੀ ਪਰ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਪ੍ਰਿਥੀਪਾਲ ਸਿੰਘ ਦਾ ਪਰਿਵਾਰ ਇੱਧਰ ਆਇਆ ਤਾਂ ਉਸਦਾ ਇਕ ਬਚਪਨ ਦਾ ਦੋਸਤ ਗੁਲਾਮ ਰਸੂਲ ਖਾਨ ਜੋ ਹਾਕੀ ਦਾ ਖਿਡਾਰੀ ਸੀ ਉਸਨੂੰ ਮਿਲਣ ਦੀ ਚਾਹਤ ਨਾਲ ਉਸਨੇ ਹਾਕੀ ਖੇਡਣੀ ਸ਼ੁਰੂ ਕੀਤੀ ਕਿਉਂਕਿ ਪ੍ਰਿਥੀਪਾਲ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸਦਾ ਦੋਸਤ ਇਕ ਨਾ ਇਕ ਦਿਨ ਪਾਕਿਸਤਾਨੀ ਹਾਕੀ ਟੀਮ ਦਾ ਮੈਂਬਰ ਬਣੇਗਾ, ਕਿਉਂ ਨਾ ਉਹ ਵੀ ਆਪਣੀ ਮਿਹਨਤ ਸਦਕਾ ਭਾਰਤੀ ਹਾਕੀ ਟੀਮ ਦਾ ਮੈਂਬਰ ਬਣੇ। ਪ੍ਰਿਥੀਪਾਲ ਸਿੰਘ ਦੇ ਹਾਕੀ ਹੁਨਰ ਅਤੇ ਉਸਦੀ ਮਿਹਨਤ ਨੇ ਉਸ ਵੇਲੇ ਰੰਗ ਲਿਆਂਦਾ ਜਦੋਂ 1958 ਟੋਕੀਓ ਏਸ਼ੀਅਨ ਖੇਡਾਂ ਮੌਕੇ ਉਸਦੀ ਨਿਯੁਕਤੀ ਭਾਰਤੀ ਹਾਕੀ ਟੀਮ ਲਈ ਹੋਈ। ਪਨੈਲਟੀ ਕਾਰਨਰ ਮਾਹਿਰ ਖਿਡਾਰੀ ਪ੍ਰਿਥੀਪਾਲ ਸਿੰਘ ਨੇ 1960 ਰੋਮ ਉਲੰਪਿਕ ਵਿਚ 10 ਗੋਲ, 1964 ਉਲੰਪਿਕ ਵਿਚ ਭਾਰਤੀ ਟੀਮ ਵੱਲੋਂ ਕੀਤੇ ਕੁਲ 22 ਗੋਲਾਂ ਵਿਚੋਂ 11 ਗੋਲ (ਦੋ ਹੈਟਰਿਕ ਸਮੇਤ) ਅਤੇ 1968 ਉਲੰਪਿਕ ਵਿਚ 6 ਗੋਲ ਕੀਤੇ। 1968 ਮੈਕਸੀਕੋ ਉਲੰਪਿਕ ਵਿਚ ਉਸਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ। ਉਸਦੀ ਜਿੰਦਗੀ ਦੀ ਸਭ ਤੋਂ ਅਹਿਮ ਗੱਲ ਅਤੇ ਤਮੰਨਾ ਪੂਰੀ ਹੋਈ ਜਦੋਂ 1960 ਰੋਮ ਉਲੰਪਿਕ ਪ੍ਰਿਥੀਪਾਲ ਖੇਡਣ ਗਿਆ ਤਾਂ ਪਾਕਿਸਤਾਨ ਟੀਮ ਵੱਲੋਂ ਉਸਦਾ ਸਾਥੀ ਗੁਲਾਮ ਰਸੂਲ ਖਾਨ ਵੀ ਖੇਡ ਰਿਹਾ ਸੀ। ਕੌਮਾਂਤਰੀ ਹਾਕੀ ਸੰਘ ਨੇ ਪ੍ਰਿਥੀਪਾਲ ਸਿੰਘ ਨੂੰ ਹਾਕੀ ਦੇ ਜਾਦੂਗਰ ਧਿਆਨਚੰਦ ਤੋਂ ਬਾਅਦ ਦੁਨੀਆਂ ਦਾ ਦੂਸਰਾ 20ਵੀਂ ਸਦੀ ਦਾ ਮਹਾਨ ਖਿਡਾਰੀ ਐਲਾਨਿਆ। ਪ੍ਰਿਥੀਪਾਲ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਉਸਨੂੰ ਅਰਜੁਨਾ ਐਵਾਰਡ ਅਤੇ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ। ਜਦੋਂ ਪ੍ਰਿਥੀਪਾਲ ਸਿੰਘ ਨੇ ਆਪਣੇ ਖੇਡ ਕੈਰੀਅਰ ਦੀ ਸਮਾਪਤੀ ਤੋਂ ਬਾਅਦ ਵਿਦੇਸ਼ ਸਥਾਪਤ ਹੋਣਾ ਚਾਹੁੰਦੇ ਸਨ ਤਾਂ ਉਸ ਵੇਲੇ ਦੇ ਰਾਸ਼ਟਰਪਤੀ ਸ੍ਰੀ ਰਾਧਾ ਕ੍ਰਿਸ਼ਨਨ ਨੇ ਆਖਿਆ ਕਿ ਜੇਕਰ ਤੁਸੀਂ ਵਿਦੇਸ਼ ਵਿਚ ਜਾ ਕੇ ਵਸ ਗਏ ਤਾਂ ਭਾਰਤ ਨੂੰ ਪ੍ਰਿਥੀਪਾਲ ਵਰਗੇ ਹਾਕੀ ਖਿਡਾਰੀ ਕੌਣ ਪੈਦਾ ਕਰਕੇ ਦੇਵੇਗਾ। ਰਾਸ਼ਟਰਪਤੀ ਦੇ ਬੋਲੇ ਸ਼ਬਦਾਂ ਦਾ ਸਤਿਕਾਰ ਕਰਦਿਆਂ ਪ੍ਰਿਥੀਪਾਲ ਸਿੰਘ ਨੇ ਆਪਣਾ ਬਾਹਰ ਜਾਣ ਦਾ ਸੁਪਨਾ ਤਿਆਗਿਆ ਅਤੇ ਆਪਣੀ ਜ਼ਿੰਦਗੀ ਨੂੰ ਭਾਰਤੀ ਹਾਕੀ ਦੇ ਲੇਖੇ ਲਾਇਆ। ਪ੍ਰਿਥੀਪਾਲ ਸਿੰਘ ਨੇ ਪਹਿਲਾਂ ਪੰਜਾਬ ਪੁਲਿਸ ਦੇ ਵਿਚ ਨੌਕਰੀ ਕੀਤੀ। ਉਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉਹ ਲੰਬਾ ਅਰਸਾ ਡਾਇਰੈਕਟਰ ਸਪੋਰਟਸ ਵੈਲਫੇਅਰ ਅਫ਼ਸਰ ਰਹੇ। ਇਸ ਵਾਰ 1982 ਵਿਚ ਜਦੋਂ ਉਸਦਾ ਸਾਥੀ ਗੁਲਾਮ ਰਸੂਲ ਖਾਨ ਪਾਕਿਸਤਾਨ ਤੋਂ ਨਵੀਂ ਦਿੱਲੀ ਵਿਖੇ ਏਸ਼ੀਅਨ ਖੇਡਾਂ ਦੇਖਣ ਆਇਆ ਪਰ ਪ੍ਰਿਥੀਪਾਲ ਸਿੰਘ ਨੂੰ ਭਾਰਤ ਸਰਕਾਰ ਨੇ ਸੱਦਾ ਪੱਤਰ ਭੇਜਣਾ ਵੀ ਮੁਨਾਸਿਬ ਨਾ ਸਮਝਿਆ। ਅਖੀਰ ਗੁਲਾਮ ਰਸੂਲ ਖਾਨ ਆਪਣੇ ਪੁਰਾਣੇ ਸਾਥੀ ਨੂੰ ਲੁਧਿਆਣਾ ਵਿਖੇ ਉਚੇਚੇ ਤੌਰ ਉੱਤੇ ਪੀ.ਏ.ਯੂ ਵਿੱਚ ਮਿਲਣ ਆਇਆ ਤਾਂ ਉਸਨੇ ਆਖਿਆ ਕਿ ਜਿਹੜਾ ਮੁਲਕ ਪ੍ਰਿਥੀਪਾਲ ਸਿੰਘ ਵਰਗੇ ਮਹਾਨ ਖਿਡਾਰੀਆਂ ਨੂੰ ਅਣਗੌਲਿਆਂ ਕਰੇਗਾ ਉਥੇ ਹਾਕੀ ਦਾ ਭਲਾ ਨਹੀਂ ਹੋ ਸਕਦਾ। ਉਸੇ ਸਮੇਂ ਭਾਰਤ 1982 ਏਸ਼ੀਅਨ ਖੇਡਾਂ ਦੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਹੱਥੋਂ ਬੁਰੀ ਤਰ੍ਹਾਂ 7-1 ਨਾਲ ਹਾਰਿਆ ਸੀ। 20 ਮਈ 1983 ਨੂੰ ਵਿਚਾਰਕ ਮਤਭੇਦਾ ਕਾਰਨ ਕੁੱਝ ਲੋਕਾਂ ਨੇ ਭਾਵੇਂ ਦੁਨੀਆਂ ਦੇ ਇਸ ਮਹਾਨ ਖਿਡਾਰੀ ਨੂੰ ਪੀ. ਏ. ਯੂ. ਵਿਖੇ ਸ਼ਹੀਦ ਕਰਕੇ ਸਾਡੇ ਕੋਲੋਂ ਸਦਾ ਲਈ ਖੋਹ ਲਿਆ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਪਿੰਡ ਜਰਖੜ ਜਿਲ੍ਹਾ ਲੁਧਿਆਣਾ ਵਿਖੇ ਆਦਮਕੱਦ ਬੁੱਤ ਸਥਾਪਿਤ ਕੀਤਾ ਗਿਆ ਹੈ। ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਲੁਧਿਆਣਾ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਭ ਜੂਨੀਅਰ ਪੱਧਰ ਅਤੇ ਸੀਨੀਅਰ ਪੱਧਰ ਦੀ ਗਰਮ ਰੁੱਤ ਹਾਕੀ ਲੀਗ 9 ਮਈ ਤੋਂ 31 ਮਈ 2026 ਤਾਕ ਕਰਵਾਈ ਜਾ ਰਹੀ ਹੈ, ਜਿਸ ਵਿੱਚ 16 ਟੀਮਾਂ ਹਿੱਸਾ ਲੈ ਰਹੀਆ ਹਨ। ਇਹ ਸਾਰੇ ਮੈਚ ਜਰਖੜ ਸਟੇਡੀਅਮ ਵਿਖੇ ਲੱਗੇ ਨੀਲੇ ਐਸਟੋਟਰਫ਼ ਮੈਦਾਨ ਤੇ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਹੋ ਰਹੇ ਹਨ।ਇਸ ਸਟੇਡੀਅਮ ਅਤੇ ਇਹਨਾਂ ਮੈਚਾਂ ਦਾ ਨਜ਼ਾਰਾ ਤਾਂ ਦੇਖਿਆ ਹੀ ਬਣਦਾ ਹੈ ਅਤੇ ਹਾਕੀ ਦੇ ਬਾਦਸ਼ਾਹ ਸ. ਪ੍ਰਿਥੀਪਾਲ ਸਿੰਘ ਦੀ ਯਾਦ ਨੂੰ ਵਾਕਿਆ ਹੀ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾਪਦੀ ਹੈ।
https://play.google.com/store/apps/details?id=in.yourhost.samajweekly



