ਜਲੰਧਰ (ਸਮਾਜ ਵੀਕਲੀ)- ਹਰ ਸਾਲ ਵਾਂਙ ਇਸ ਬਾਰ ਵੀ 14 ਅਕਤੂਬਰ ਨੂੰ ਧੱਮ-ਚੱਕਰ ਪਰਿਵਰਤਨ ਦਿਵਸ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਅੰਬੇਡਕਰ ਭਵਨ ਜਲੰਧਰ ਵਿਖੇ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੁਆਰਾ ਅੰਬੇਡਕਰ ਭਵਨ ਟਰੱਸਟ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ. ਇਸ ਸਮਾਗਮ ਵਿਚ ਸ਼੍ਰੀ ਹਰਬੰਸ ਲਾਲ ਵਿਰਦੀ, ਇੰਟਰਨੈਸ਼ਨਲ ਕੋਆਰਡੀਨੇਟਰ, ਫੇਡਰੇਸ਼ਨ ਓਫ ਅੰਬੇਡਕਰਾਈਟ ਐਂਡ ਬੁੱਧਿਸਟ ਓਰਗੇਨਾਈਜ਼ੇਸ਼ਨਸ (ਫੈਬੋ) ਯੂ.ਕੇ. ਬਤੌਰ ਮੁਖ ਮਹਿਮਾਨ ਸ਼ਿਰਕਤ ਕਰਨਗੇ. ਭੰਤੇ ਚੰਦਰ ਕੀਰਤੀ ਬਤੌਰ ਵਿਸ਼ੇਸ਼ ਮਹਿਮਾਨ ਹਾਜਰ ਹੋ ਕੇ ਆਪਣੇ ਪ੍ਰਵਚਨ ਕਰਨਗੇ. ਇਨ੍ਹਾਂ ਤੋਂ ਅਲਾਵਾ ਉਘੇ ਅੰਬੇਡਕਰਵਾਦੀ ਅਤੇ ਸੰਪਾਦਕ ਭੀਮ ਪਤ੍ਰਿਕਾ ਸ਼੍ਰੀ ਲਾਹੌਰੀ ਰਾਮ ਬਾਲੀ, ਅੰਬੇਡਕਰ ਭਵਨ ਟਰੱਸਟ ਦੇ ਕਾਰਜਕਾਰੀ ਚੇਅਰਮੈਨ ਡਾ. ਰਾਮ ਲਾਲ ਜੱਸੀ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਸ਼੍ਰੀ ਜਸਵਿੰਦਰ ਵਰਿਆਣਾ ਬੁੱਧ ਧੱਮ ਤੇ ਆਪਣੇ ਵਿਚਾਰ ਪੇਸ਼ ਕਰਨਗੇ. ਇਹ ਫੈਸਲਾ ਅੱਜ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਅੰਬੇਡਕਰ ਭਵਨ ਜਲੰਧਰ ਵਿਖੇ ਸੋਸਾਇਟੀ ਦੇ ਪ੍ਰਧਾਨ ਸੋਹਨ ਲਾਲ ਸੇਵਾ ਮੁਕਤ ਡੀਪੀਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ.
ਯਾਦ ਰਹੇ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ 1935 ਵਿੱਚ ਜਨਤਕ ਤੌਰ ਤੇ ਘੋਸ਼ਣਾ ਕੀਤੀ ਸੀ, “ਮੈਂ ਇੱਕ ਹਿੰਦੂ ਪੈਦਾ ਹੋਇਆ ਸੀ ਕਿਉਂਕਿ ਮੇਰਾ ਇਸ ਉੱਤੇ ਕੋਈ ਨਿਯੰਤਰਣ ਨਹੀਂ ਸੀ ਪਰ ਮੈਂ ਇੱਕ ਹਿੰਦੂ ਨਹੀਂ ਮਰਾਂਗਾ.” ਫਿਰ ਉਨ੍ਹਾਂ ਨੇ ਇਸੇ ਦਿਨ 14 ਅਕਤੂਬਰ,1956 ਨੂੰ ਨਾਗਪੁਰ ਵਿਖੇ ਹਿੰਦੂ ਧਰਮ ਦਾ ਤਿਆਗ ਕਰਕੇ ਭੰਤੇ ਚੰਦਰਮਣੀ ਕੋਲੋਂ ਬੁੱਧ ਧੱਮ ਦੀ ਦੀਕਸ਼ਾ ਲਈ ਅਤੇ ਕਿਹਾ ਕਿ ਅੱਜ ਮੇਰਾ ਨਵਾਂ ਜਨਮ ਹੋਇਆ ਹੈ ਅਤੇ ਮੈਂ ਨਰਕ ਤੋਂ ਛੁੱਟਿਆਂ ਹਾਂ. ਉਨ੍ਹਾਂ ਨੇ ਆਪਣੇ ਲੱਖਾਂ ਪੈਰੋਕਾਰਾਂ ਨੂੰ ਬੁੱਧ ਧੱਮ ਦੀ ਦੀਕਸ਼ਾ ਦਿੱਤੀ ਅਤੇ 22 ਪ੍ਰੀਤਿਗਿਆਵਾਂ ਵੀ ਗ੍ਰਹਿਣ ਕਰਾਈਆਂ. ਇਸ ਦਿਨ ਨੂੰ ਅੰਬੇਡਕਰ ਮਿਸ਼ਨ ਸੋਸਾਇਟੀ ਹਰ ਸਾਲ ਧੱਮ-ਚੱਕਰ ਪਰਿਵਰਤਨ ਦਿਵਸ ਦੇ ਰੂਪ ਵਿਚ ਮਨਾਉਂਦੀ ਹੈ. ਮੀਟਿੰਗ ਵਿਚ ਇਨਵੀਟੇਸ਼ਨ ਕਾਰਡ ਵੀ ਜਾਰੀ ਕੀਤਾ ਗਿਆ. ਇਸ ਮੌਕੇ ਲਾਹੌਰੀ ਰਾਮ ਬਾਲੀ, ਬਲਦੇਵ ਰਾਜ ਭਾਰਦਵਾਜ, ਡਾ. ਰਵੀਕਾਂਤ ਪਾਲ, ਐਡਵੋਕੇਟ ਕੁਲਦੀਪ ਭੱਟੀ, ਤਿਲਕ ਰਾਜ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਮੈਡਮ ਸੁਦੇਸ਼ ਕਲਿਆਣ ਅਤੇ ਜਸਵਿੰਦਰ ਵਰਿਆਣਾ ਹਾਜਰ ਸਨ. ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)