(ਸਮਾਜ ਵੀਕਲੀ) – ਇੱਕ ਨੌਜਵਾਨ ਲੜਕੀ ਨੂੰ ਲੈ ਕੇ ਆਏ ,ਕਹਿੰਦੇ , ” ਡਾਕਟਰ ਸਾਹਬ ਓਪਰੀ ਕਸਰ ਦਾ ਵੀ ਇਲਾਜ ਕਰਦੇ ਹੋ ?”
ਮੈਂ ਕਿਹਾ ,” ਕਾਰਨ ਦੱਸੋ ।”
ਕਹਿੰਦੇ ,”ਤੁਹਾਡੇ ਬਾਰੇ ਸੁਣ ਕੇ ਆਏ ਹਾਂ ਕਿ ਓਪਰੀ ਕਸਰ ਵੀ ਠੀਕ ਕਰ ਦਿੰਦੇ ਹੋ ।”
ਮੈਂ ਸੋਚਿਆ, ਜ਼ਰੂਰ ਕੋਈ ਮਾਨਸਿਕ ਰੋਗ ਹੋਏਗਾ , ਪਰ ਜਦੋਂ ਉਹਨਾਂ ਰੋਗ ਦੱਸਿਆ ਤਾਂ ਉਹ ਸਰੀਰਕ ਸੀ ਤੇ ਦੋ ਚਾਰ ਖੁਰਾਕਾਂ ਨਾਲ ਹੀ ਠੀਕ ਹੋ ਜਾਣਾ ਸੀ । ਆਖਿਰ ਮੈਂ ਪੂਰੀ ਜਾਂਚ ਪੜਤਾਲ ਕਰਕੇ ਉਹਨੂੰ ਦਵਾਈ ਦੇਣ ਲੱਗਾ ਤਾਂ ਕਾਗਜ਼ ਉੱਪਰ ਛੋਟਾ ਜਿਹਾ ਵਾਲ ਪਿਆ ਨਜ਼ਰ ਆਇਆ ,ਜਿਹਨੂੰ ਮੈਂ ਫੂਕ ਮਾਰ ਕੇ ਉੜਾ ਦਿੱਤਾ ਤੇ ਉਸ ਕਾਗਜ਼ ਵਿੱਚ ਦਵਾਈ ਬੰਨ੍ਹ ਕੇ ਦੇ ਦਿੱਤੀ ।
ਇੱਕ ਕਹਿੰਦਾ , ” ਦਵਾਈਆਂ ਤਾਂ ਬਹੁਤ ਖਵਾ ਚੁੱਕੇ ਹਾਂ , ਕੋਈ ਝਾੜਾ ਝੂੜਾ ਕਰ ਦਿਓ । “
ਨਾਲ ਆਇਆ ਇੱਕ ਹੋਰ ਬੰਦਾ ਕਹਿੰਦਾ , “ਚਿੰਤਾ ਨਾ ਕਰੋ , ਦਵਾਈ ਚ ਹੀ ਝਾੜਾ ਹੈ । ਮੈਂ ਇਹਨਾਂ ਦੇ ਕਈ ਕਾਰਨਾਮੇ ਸੁਣੇ ਨੇ ।”
ਉਹ ਦਵਾਈ ਲੈਕੇ ਚਲੇ ਗਏ ।
ਅੱਜ ਇੱਕ ਮੁੰਡੇ ਨੂੰ ਲੈਕੇ ਆ ਗਏ । ਕਹਿੰਦੇ , ” ਇਹਦੀ ਵਹੁਟੀ ਲੜ ਕੇ ਚਲੀ ਗਈ ਏ ਕੁਝ ਐਸਾ ਕਰੋ ਕਿ ਉਹ ਆਪਣੇ ਆਪ ਵਾਪਿਸ ਆ ਜਾਵੇ ਤੇ ਹਮੇਸ਼ਾ ਸਾਡੇ ਕਹਿਣੇ ਵਿੱਚ ਰਹੇ ।”
ਮੈਂ ਕਿਹਾ ,” ਇਹਦੇ ਚ ਮੈਂ ਕੀ ਕਰ ਸਕਦਾ ਹਾਂ , ਲੜਾਈ ਦਾ ਕਾਰਨ ਲਭ ਕੇ ਮਸਲਾ ਹੱਲ ਕਰੋ ।”
ਕਹਿੰਦੇ ,” ਤੁਸੀਂ ਸਭ ਕੁਝ ਕਰ ਸਕਦੇ ਹੋ , ਉਸ ਦਿਨ ਤੁਸੀਂ ਫੂਕ ਮਾਰਕੇ ਦਵਾਈ ਦਿੱਤੀ ਸੀ , ਲੜਕੀ ਨੂੰ ਪਹਿਲੀ ਪੁੜੀ ਨਾਲ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਸੀ । ਹੁਣ ਉਹ ਬਿਲਕੁਲ ਠੀਕ ਹੈ ।”
ਇੱਕ ਕਹਿੰਦਾ ,”ਸਾਨੂੰ ਪਤਾ ਏ ਇਹੋ ਜਿਹੇ ਕੰਮਾਂ ਤੇ ਖਰਚਾ ਆਉਂਦਾ ਏ , ਤੁਸੀਂ ਮਾਰੋ ਕੋਈ ਫੂਕ , ਪੈਸੇ ਦੀ ਪ੍ਰਵਾਹ ਨਾ ਕਰੋ ।”
ਬੜੀ ਬੀਨ ਵਜਾਈ ਉਹਨਾਂ ਮੱਝਾਂ-ਝੋਟਿਆਂ ਅੱਗੇ ਪਰ ਉਹ ਟੱਸ ਤੋਂ ਮੱਸ ਨਾ ਹੋਏ । ਬੜੀ ਮੁਸ਼ਕਿਲ ਨਾਲ ਪਿੱਛਾ ਛੁਡਾਇਆ ਉਹਨਾਂ ਕੋਲੋਂ।
ਸੋਚਦਾ ਹਾਂ ਕਿ ਬਾਬੇ ਆਪ ਪੈਦਾ ਨਹੀਂ ਹੁੰਦੇ ਬਲਕਿ ਲੋਕ ਖੁਦ ਹੀ ਬਾਬਿਆਂ ਨੂੰ ਪੈਦਾ ਕਰਦੇ ਹਨ ਅਤੇ ਖੁਦ ਹੀ ਉਹਨਾਂ ਤੋਂ ਆਪਣੀ ਮਾਨਸਿਕ ਸਰੀਰਕ ਅਤੇ ਆਰਥਿਕ ਲੁੱਟ ਕਰਵਾਉਂਦੇ ਹਨ ।
-ਇੰਦਰਜੀਤ ਕਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly