
(ਸਮਾਜ ਵੀਕਲੀ) ਇਹ ਸਦੀਵੀ ਸੱਚ ਹੈ ਕਿ ਜਾਗਰੂਕ ਬੰਦਾ ਕਦੇ ਵੀ ਗੁਲਾਮ ਨਹੀਂ ਹੁੰਦਾ, ਉਹ ਹਮੇਸ਼ਾ ਜਾਗਦਾ ਰਹਿੰਦਾ ਹੈ। ਜਾਗਦੇ ਮਨੁੱਖ ਹੀ ਸਮਾਜ ਦੀ ਸਿਰਜਣਾ ਕਰਦੇ ਹਨ। ਜਿਹੜੇ ਸਮਾਜ ਨੂੰ ਬੁਲੰਦੀਆਂ ਤੱਕ ਲੈ ਕੇ ਜਾਂਦੇ ਹਨ ਪਰ ਸਮੇਂ ਦੀਆਂ ਹਕੂਮਤਾਂ ਹਮੇਸ਼ਾ ਉਹਨਾਂ ਨੂੰ ਆਪਣਾ ਗੁਲਾਮ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸਾਜਿਸ਼ਾਂ ਘਟਦੀਆਂ ਰਹਿੰਦੀਆਂ ਹਨ। ਜਾਗਰੂਕ ਮਨੁੱਖ ਹਮੇਸ਼ਾ ਉਹਨਾਂ ਦੀਆਂ ਚਾਲਾਂ ਨੂੰ ਨਾਕਾਮ ਵੀ ਕਰਦਾ ਹੈ ਤੇ ਉਹਨਾਂ ਤੋਂ ਅੱਗੇ ਵੀ ਜਾਂਦਾ ਹੈ। ਇਹ ਵੀ ਸੱਚ ਹੈ ਕਿ ਇਤਿਹਾਸ ਲੁਕਾਇਆ ਤਾਂ ਜਾ ਸਕਦਾ ਹੈ ਪਰ ਸਮੇਂ ਦੇ ਸੱਚ ਨੂੰ ਬਹੁਤੀ ਦੇਰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹ ਕਦੇ ਨਾ ਕਦੇ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਹੈ। ਭਾਰਤੀ ਸਮਾਜ ਵਿੱਚ ਕੁੱਝ ਅਜਿਹੀਆਂ ਇਨਕਲਾਬੀ ਔਰਤਾਂ ਹੋਈਆਂ ਹਨ, ਜਿਨਾਂ ਨੇ ਆਪਣੇ ਸਮਿਆਂ ਵਿੱਚ ਇਤਿਹਾਸ ਦੀ ਅਜਿਹੀ ਸਿਰਜਣਾ ਕੀਤੀ ਕਿ ਉਹ ਹੋਰਨਾਂ ਲਈ ਮਾਰਗ ਦਰਸ਼ਕ ਬਣ ਗਈਆਂ। ਇਹਨਾਂ ਨੂੰ ਭਾਵੇਂ ਸਮੇਂ ਸਮੇਂ ਯਾਦ ਤਾਂ ਕੀਤਾ ਜਾਂਦਾ ਹੈ ਪਰੰਤੂ ਉਹਨਾਂ ਨੇ ਜਿਹੜੀ ਭੂਮਿਕਾ ਉਹਨਾਂ ਸਮਿਆਂ ਵਿੱਚ ਉਹਨਾਂ ਨੇ ਨਿਭਾਈ, ਉਸ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਦਾ ਕਦੇ ਕੋਈ ਉਪਰਾਲਾ ਨਹੀਂ ਕੀਤਾ। ਜੇ ਕਿਸੇ ਨੇ ਕੋਈ ਉਪਰਾਲਾ ਕੀਤਾ ਤਾਂ ਉਹ ਮਹਿਜ ਕਿਤਾਬਾਂ ਦਾ ਹਿੱਸਾ ਬਣ ਕੇ ਰਹਿ ਗਈਆਂ । ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਸਮਿਆਂ ਦੇ ਵਿੱਚ ਉਹਨਾਂ ਸਮਿਆਂ ਦੇ ਇਤਿਹਾਸ ਨੂੰ ਕਲਮਬੱਧ ਕਰਨ ਲਈ ਇੱਕ ਕਲਮਕਾਰ ਨੇ ਅਜਿਹਾ ਬੀੜਾ ਚੁੱਕਿਆ ਕਿ ਉਸ ਨੇ ਉਹਨਾਂ ਇਨਕਲਾਬੀ ਨਾਰੀਆਂ ਨੂੰ ਆਪਣੀ ਸਿਰਜਣਾ ਦਾ ਹਿੱਸਾ ਬਣਾ ਲਿਆ । ਜਿਹਨਾਂ ਨੇ ਇਤਿਹਾਸ ਸਿਰਜਿਆ ਹੈ। ਉਹਨਾਂ ਦੇ ਜੀਵਨ ਦੀ ਗਾਥਾ ਛੰਦ ਵੱਧ ਤਰੀਕੇ ਨਾਲ ਹੀ ਨਹੀਂ ਕੀਤੀ ਬਲਕਿ ਉਸ ਨੂੰ ਸੱਥਾਂ, ਪਰਿਆਂ ਅਤੇ ਸਮਾਗਮਾਂ ਵਿੱਚ ਸੁਣਾ ਕੇ ਆਮ ਲੋਕਾਂ ਤੱਕ ਉਹਨਾਂ ਨੂੰ ਪੁੱਜਦਾ ਕੀਤਾ।
ਇਹਨਾਂ ਔਰਤਾਂ ਨੂੰ ਉਹ ਇਨਕਲਾਬੀ ਦੇਵੀਆਂ ਆਖਦਾ ਹੈ। ਉਸ ਨੇ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਇਆ ਜਿਹੜੀਆਂ ਚੌਦਵੀਂ ਸਦੀ ਤੋਂ 19ਵੀਂ ਸਦੀ ਤੱਕ ਆਪਣਾ ਇਤਿਹਾਸ ਸਿਰਜਦੀਆਂ ਰਹੀਆਂ ਹਨ। ਇਹਨਾਂ ਦੇਵੀਆਂ ਨੂੰ ਉਹ ਆਪਣੀ ਕਲਮ ਦੇ ਰਾਹੀਂ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਇਉਂ ਲੱਗਦਾ ਹੈ ਜਿਵੇਂ ਇਤਿਹਾਸ ਹੂਬਹੂ ਲੋਕਾਂ ਦੇ ਸਾਹਮਣੇ ਪੇਸ਼ ਹੁੰਦਾ ਹੋਵੇ।
ਇਹਨਾਂ ਇਨਕਲਾਬੀ ਦੇਵੀਆਂ ਨੂੰ ਸਿਰਜਣਾ ਵਾਲਾ ਬਲਿਹਾਰ ਗੋਬਿੰਦਗੜ੍ਹੀਆ ਕਲਮ ਦਾ ਧਨੀ ਹੈ। ਉਸ ਨੇ ਇੱਕੋ ਸਮੇਂ ਕਈ ਮੋਰਚਿਆਂ ਉੱਤੇ ਲੜਾਈ ਲੜੀ ਹੈ। ਉਸ ਦੀਆਂ ਹੁਣ ਤੱਕ ਨੌ ਕਾਵਿ ਪੁਸਤਕਾਂ ਲੋਕਾਂ ਦੀ ਕਚਹਿਰੀ ਵਿੱਚ ਆ ਗਈਆਂ ਹਨ। ਮੈਨੂੰ ਮਾਣ ਹੈ ਕਿ ਮੈਂ ਉਹਨਾਂ ਦੀ ਹਮੇਸ਼ਾ ਅਗਵਾਈ ਕੀਤੀ ਹੈ। ਇਹ ਇਸ ਪੁਸਤਕ ਦਾ ਖਰੜਾ ਪੜ੍ਹਦੇ ਸਮੇਂ ਮਹਿਸੂਸ ਕਰਦਾ ਹਾਂ ਕਿ ਉਸ ਦੀ ਪ੍ਰਤਿਭਾ ਵਿੱਚ ਹੋਰ ਨਿਖਰਿਆ ਆਇਆ ਹੈ । ਪਰ ਜਦੋਂ ਇਹਨਾਂ ਇਨਕਲਾਬੀ ਦੀਵੀਆਂ ਨੂੰ ਮੈਂ ਕਵਿਤਾ ਦੇ ਰੂਪ ਵਿੱਚ ਪੜ੍ਹਿਆ ਤਾਂ ਹੈਰਾਨੀ ਵੀ ਹੋਈ ਕਿ ਉਸਨੇ ਉਹਨਾਂ ਸਮਿਆਂ ਦਾ ਸੱਚ ਲੋਕਾਂ ਦੇ ਸਾਹਮਣੇ ਇਸ ਢੰਗ ਦੇ ਨਾਲ ਪੇਸ਼ ਕੀਤਾ ਕਿ ਜਿਵੇਂ ਸਾਡੇ ਆਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਜੀਵਨ ਜਿਉਂਦਾ ਹੋਵੇ। ਪੁਰਾਤਨ ਇਤਿਹਾਸ ਨੂੰ ਕਲਮਬੱਧ ਕਰਨਾ ਬੜਾ ਔਖਾ ਕਾਰਜ ਹੁੰਦਾ ਹੈ ਪਰ ਬਲਿਹਾਰ ਗੋਬਿੰਦਗੜੀਆ ਇਸ ਕਲ ਕਾਰਜ ਵਿੱਚ ਸਫਲ ਹੈ।
ਉਸਨੇ ਸਦੀ ਦੀ ਦੇ ਇਨਕਲਾਬੀ ਗੁਰੂ ਰਵਿਦਾਸ ਜੀ ਦੀ ਪਤਨੀ ਮਾਤਾ ਲੋਨਾ ਨੂੰ ਇਸ ਪੁਸਤਕ ਵਿੱਚ ਪਹਿਲਾ ਸਥਾਨ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਭਗਤਾਂ ਵਿੱਚੋਂ ਇੱਕ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਸਨ। ਜਿਨ੍ਹਾਂ ਨੇ ਚੌਦਵੀਂ ਸਦੀ ਦੇ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਸ ਦੀ ਆਵਾਜ਼ ਨੂੰ ਹੋਰ ਪੱਕਿਆਂ ਕਰਨ ਲਈ ਮਾਤਾ ਲੋਨਾ ਨੇ ਉਹਨਾਂ ਦੀ ਜੀਵਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ, ਉਹਨਾਂ ਉਸ ਸਮੇਂ ਦੇ ਜਰਵਾਣਿਆਂ ਦੇ ਨਾਲ ਮੱਥਾ ਲਾਇਆ। ਮਾਤਾ ਲੋਨਾ ਜੀ ਭਗਤ ਰਵਿਦਾਸ ਜੀ ਦੀਆਂ ਰਚਨਾਵਾਂ ਨੂੰ ਸੁਣਦੀ, ਵਿਚਾਰ ਦੀ ਤੇ ਵਿਚਾਰ ਚਰਚਾ ਕਰਦੀ ਹੈ। ਅਜਿਹੇ ਸਮਿਆਂ ਦੇ ਵਿੱਚ ਕਿਸੇ ਔਰਤ ਦਾ ਐਨੇ ਵੱਡੇ ਪੱਧਰ ਤੇ ਜਾਗਰੂਕ ਹੋਣਾ ਵੱਡੀ ਗੱਲ ਹੈ। ਜਦੋਂ ਅਸੀਂ ਉਹਨਾਂ ਦੀ ਜੀਵਨ ਗਾਥਾ ਨੂੰ ਇਸ ਪੁਸਤਕ ਦੇ ਵਿੱਚ ਪੜ੍ਹਦੇ ਹਾਂ ਤਾਂ ਲੱਗਦਾ ਹੈ ਕਿ ਉਹ ਸਮੇਂ ਤੋਂ ਬਹੁਤ ਅੱਗੇ ਤੁਰ ਰਹੇ ਹਨ।
ਇਤਿਹਾਸ ਦੀ ਦੂਜੀ ਇਨਕਲਾਬੀ ਦੇਵੀ ਝਲਕਾਰੀ ਬਾਈ ਹੈ, ਜਿਹੜੀ ਲਕਸ਼ਮੀ ਬਾਈ ਝਾਂਸੀ ਰਾਣੀ ਦੇ ਨਾਲ ਜੰਗ ਦੇ ਮੈਦਾਨ ਵਿੱਚ ਅੰਗਰੇਜ਼ੀ ਹਕੂਮਤ ਨਾਲ ਲੜਦਿਆਂ ਸੂਰਗਤੀ ਪ੍ਰਾਪਤ ਕਰਦੀ ਹੈ। ਪ੍ਰੰਤੂ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਇਤਿਹਾਸਕਾਰਾਂ ਨੇ ਲਕਸ਼ਮੀ ਬਾਈ ਝਾਂਸੀ ਨੂੰ ਤਾਂ ਨਾਇਕ ਬਣਾ ਦਿੱਤਾ ਪਰ ਝਲਕਾਰੀ ਬਾਈ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਦਕਿ ਇਤਿਹਾਸ ਦੱਸਦਾ ਹੈ ਕਿ ਉਸ ਨੇ ਅਸਲ ਲੜਾਈ ਆਪਣੇ ਦੱਬੇ ਕੁੱਚਲੇ ਲੋਕਾਂ ਲਈ ਲੜੀ ਸੀ ਜਦਕਿ ਝਾਂਸੀ ਰਾਣੀ ਨੇ ਆਪਣੀ ਸਲਤਨਤ ਬਚਾਉਣ ਲਈ ਇਹ ਲੜਾਈ ਕੀਤੀ ਸੀ ਪਰ ਇਤਿਹਾਸ ਨੂੰ ਛੁਪਾਇਆ ਨੂੰ ਬਹੁਤੀ ਦੇਰ ਨਹੀਂ ਜਾ ਸਕਦਾ, ਇਸੇ ਇਤਿਹਾਸ ਨੂੰ ਬਲਿਹਾਰ ਆਪਣੀ ਕਲਮ ਵਿੱਚ ਇਸ ਢੰਗ ਦੇ ਨਾਲ ਪੇਸ਼ ਕਰਦਾ ਹੈ ਕਿ ਉਹ ਸੱਚ ਹੋਣ ਨਿਬੜਦਾ ਹੈ।
ਬਲਿਹਾਰ ਗੋਬਿੰਦਗੜੀਆ ਕਲਮ ਦਾ ਧਨੀ ਤਾਂ ਹੈ ਹੀ ਉਹ ਇਸ ਪੁਸਤਕ ਦੇ ਵਿੱਚ ਤੀਜੀ ਇਨਕਲਾਬੀ ਦੇਵੀ ਸਵਿਤਰੀ ਬਾਈ ਫੂਲੇ ਨੂੰ ਬਣਾਉਂਦਾ ਹੈ। ਜਿਹੜੀ ਉਹਨਾਂ ਸਮਿਆਂ ਦੇ ਵਿੱਚ ਪਹਿਲੀ ਅਧਿਆਪਕਾ ਬਣਦੀ ਹੈ ਜਿਹਨਾਂ ਸਮਿਆਂ ਦੇ ਵਿੱਚ ਔਰਤ ਨੂੰ ਘਰ ਦੀ ਚਾਰ ਦੀਵਾਰੀ ਵਿੱਚ ਰਹਿਣਾ ਪੈਂਦਾ ਸੀ ਪਰ ਉਹਨਾਂ ਦੇ ਪਤੀ ਨੇ ਉਸ ਨੂੰ ਅਜਿਹੀ ਪ੍ਰੇਰਨਾ ਦਿੱਤੀ ਕਿ ਉਹ ਪੜ੍ਹ ਲਿਖ ਕੇ ਭਾਰਤੀ ਸਮਾਜ ਵਿੱਚ ਪਹਿਲੀ ਅਧਿਆਪਕਾ ਬਣ ਗਈ । ਉਹ ਦਲਿਤ ਬਰਾਦਰੀ ਦੇ ਨਾਲ ਸੰਬੰਧਿਤ ਸੀ ਇਸੇ ਕਰਕੇ ਉਸ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਲੋਕਾਂ ਨੇ ਉਹ ਮਾਨਤਾ ਨਾ ਦਿੱਤੀ, ਜਿਸ ਦੀ ਉਹ ਹੱਕਦਾਰ ਸੀ ਪਰ ਸਿਆਣੇ ਆਖਦੇ ਹਨ ਕਿ ਸੂਰਜ ਕਦੇ ਛੁਪਦਾ ਨਹੀਂ।ਉਹ ਸਦਾ ਚਮਕਦਾ ਰਹਿੰਦਾ ਹੈ।
ਫੂਲਨ ਦੇਵੀ ਭਾਰਤੀ ਸਮਾਜ ਤੇ ਉਸ ਸੂਰਜ ਵਾਂਗ ਉੱਗੀ ਹੈ, ਜਿਸ ਨੂੰ ਖਤਮ ਕਰਨ ਲਈ ਠਾਕੁਰ ਬਿਰਾਦਰੀ ਨੇ ਉਹਨਾਂ ਸਮਿਆਂ ਦੇ ਵਿੱਚ ਮਧੋਲ ਕੇ ਰੱਖ ਦਿੱਤਾ ਸੀ, ਜਦੋਂ ਉਹ ਜਵਾਨੀ ਦੇ ਵਿੱਚ ਪੈਰ ਧਰ ਰਹੀ ਸੀ। ਫੂਲਨ ਦੇਵੀ ਉੱਤੇ ਇੰਨੇ ਜਬਰ ਜ਼ੁਲਮ ਹੋਏ ਕਿ ਉਸ ਨੇ ਉਹਨਾਂ ਨੂੰ ਆਪਣੇ ਤਨ ਉੱਤੇ ਹੰਡਾਇਆ ਅਤੇ ਮਨ ਨੂੰ ਤਗੜਾ ਕੀਤਾ, ਇੱਕ ਦਿਨ ਉਹ ਬਾਗੀ ਹੋ ਕੇ, ਬਾਗੀਆਂ ਦੇ ਨਾਲ ਰਲ ਗਈ ਤੇ ਬਗਾਵਤ ਸ਼ੁਰੂ ਕਰ ਦਿੱਤੀ। ਉਹ ਬਾਗੀਆਂ ਦੇ ਨਾਲ ਜੁੜ ਕੇ ਧਾੜਵੀਆਂ ਵਾਂਗ ਠਾਕੁਰਾਂ ਦੇ ਘਰਾਂ ਦੇ ਵਿੱਚ ਡਾਕੇ ਮਾਰਦੇ ਸੀ ਤਾਂ ਉਸ ਦੀ ਤੂਤੀ ਬੋਲਣ ਲੱਗ ਪਈ ਸੀ। ਇਕ ਦਿਨ ਉਹ ਬਾਗੀਆਂ ਦੀ ਆਗੂ ਬਣ ਗਈ। ਉਸਨੇ ਮੌਕਾ ਪਾ ਕੇ ਜਦੋਂ ਉਹਨਾਂ ਠਾਕੁਰਾਂ ਨੂੰ ਸਬਕ ਸਿਖਾਇਆ ਤਾਂ ਦਿੱਲੀ ਦੀਆਂ ਕੰਧਾਂ ਵੀ ਹਿਲ ਗਈਆਂ ਸਨ। ਇਹ ਸੱਚ ਹੈ ਕਿ ਜਦੋਂ ਔਰਤ ਚੰਡੀ ਬਣ ਜਾਵੇ ਤਾਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਸੱਚ ਹੈ ਕਿ ਫੂਲਨ ਦੇਵੀ ਸੱਚਮੁੱਚ ਹੀ ਚੰਡੀ ਬਣ ਗਈ ਸੀ। ਉਸ ਦੇ ਸਖ਼ਤ ਜੀਵਨ ਨੂੰ ਜਿਸ ਤਰ੍ਹਾਂ ਬਲਿਹਾਰ ਗੋਬਿੰਦਗੜ੍ਹੀਆ ਆਪਣੀ ਕਲਮ ਦੇ ਰਾਹੀਂ ਕਲਮਬੱਧ ਕਰਦਾ ਹੈ, ਉਸ ਦੀ ਜੀਵਨ ਗਾਥਾ ਅੱਖਾਂ ਦੇ ਸਾਹਮਣੇ ਆਉਂਦੀ ਹੈ। ਉਹ ਬਾਗ਼ੀ ਤੋਂ ਸੰਸਦ ਮੈਂਬਰ ਬਣੀ। ਪਰ ਉਹ ਆਪਣੇ ਇੱਕ ਭਰੋਸੇਬੰਦ ਵਿਅਕਤੀ ਹੱਥੋਂ ਮਾਰੀ ਗਈ। ਸਰੀਰ ਨੂੰ ਤਾਂ ਮਾਰਿਆ ਜਾ ਸਕਦਾ ਹੈ ਪਰ ਸੱਚ ਨੂੰ ਨਹੀਂ।ਇਸ ਕੌੜੇ ਸੱਚ ਨੂੰ ਬਲਿਹਾਰ ਗੋਬਿੰਦਗੜ੍ਹੀਆ ਨੇ ਸਾਡੇ ਸਨਮੁੱਖ ਕੀਤਾ ਹੈ।
ਭਾਰਤੀ ਸਮਾਜ ਵਿੱਚ ਕਦੇ ਉਹ ਸਮਾਂ ਵੀ ਸੀ ਜਦੋਂ ਔਰਤਾਂ ਨੂੰ ਆਪਣੀਆਂ ਛਾਤੀਆਂ ਨੰਗੀਆਂ ਕਰਕੇ ਤੁਰਨਾ ਪੈਂਦਾ ਸੀ ਜੇਕਰ ਕੋਈ ਛਾਤੀ ਨੰਗੀ ਨਾ ਕਰਦੀ ਤਾਂ ਉਸ ਨੂੰ ਦੰਡ ਭੁਗਤਣਾ ਪੈਂਦਾ ਸੀ ਪਰ ਨੰਗੇਲੀ ਨਾਂ ਦੀ ਔਰਤ ਨੇ ਇਸ ਜਬਰ ਦੇ ਖਿਲਾਫ ਆਵਾਜ਼ ਹੀ ਬੁਲੰਦ ਨਹੀਂ ਕੀਤੀ ਬਲਕਿ ਉਸ ਸਮੇਂ ਦੀ ਹਕੂਮਤ ਨੂੰ ਕੰਬਣੀ ਛੇੜ ਦਿੱਤੀ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਨੰਗੇਲੀ ਨੇ ਅਜਿਹਾ ਕੁਝ ਕੀਤਾ ਕਿ ਜਿਸ ਨੂੰ ਸੁਣਦਿਆਂ ਵੀ ਕਾਂਬਾ ਛਿੜਦਾ ਹੈ। ਬਲਿਹਾਰ ਜਦੋਂ ਉਸ ਦੀ ਉਹਨਾਂ ਸਮਿਆਂ ਦੀ ਤਸਵੀਰ ਪੇਸ਼ ਕਰਦਾ ਹੈ ਜਦੋਂ ਉਹ ਆਪਣੀਆਂ ਛਾਤੀਆਂ ਵੱਢ ਕੇ ਥਾਲੀ ਵਿੱਚ ਰੱਖ ਕੇ ਦਰਬਾਰ ਵਿੱਚ ਪੁੱਜਦੀ ਹੈ। ਉਸ ਸਮੇਂ ਤੋਂ ਬਾਅਦ ਔਰਤਾਂ ਨੂੰ ਆਪਣੀਆਂ ਛਾਤੀਆਂ ਢਕਣ ਦੀ ਆਜ਼ਾਦੀ ਮਿਲ ਗਈ ਸੀ। ਇਹ ਆਜ਼ਾਦੀ ਉਂਝ ਹੀ ਨਹੀਂ ਮਿਲੀ ਸੀ, ਉਸ ਨੇ ਆਪਣੀ ਜਾਨਾਂ ਦੀ ਅਹੂਤੀ ਦਿੱਤੀ ਸੀ। ਬਿਨਾਂ ਗਵਾਇਆ, ਕੁੱਝ ਪਾਇਆ ਨਹੀਂ ਜਾ ਸਕਦਾ। ਇਹ ਵੀ ਕਮਾਲ ਹੈ ਕਿ ਬਲਿਹਾਰ ਗੋਬਿੰਦਗੜ੍ਹੀਆ ਨੇ ਇਸ ਗਾਥਾ ਨੂੰ ਜਿਸ ਤਰੀਕੇ ਆਪਣੇ ਕਾਵਿ ਰਾਹੀਂ ਪੇਸ਼ ਕੀਤਾ ਹੈ, ਪੜ੍ਹਦਿਆਂ ਮਨ ਉਦਾਸ ਵੀ ਹੁੰਦਾ ਹੈ ਤੇ ਰੌਂਗਟੇ ਵੀ ਖੜੇ ਹੁੰਦੇ ਹਨ।
ਸਿੱਖ ਇਤਿਹਾਸ ਵਿੱਚ ਚਮਕੌਰ ਗੜੀ ਦੀ ਜੰਗ ਅਜਿਹੀ ਅਸਾਮੀ ਜੰਗ ਹੈ, ਜਿਸ ਨੇ ਦੁਨੀਆਂ ਦੇ ਇਤਿਹਾਸ ਵਿੱਚ ਆਪਣਾ ਵਿਲੱਖਣ ਸਥਾਨ ਪ੍ਰਾਪਤ ਕੀਤਾ। ਇੱਕ ਪਾਸੇ ਭੁੱਖਣ ਭਾਣੇ ਕੁੱਝ ਗਿਣਤੀ ਦੇ ਸਿੰਘ ਸਨ ਤੇ ਦੂਜੇ ਪਾਸੇ 10 ਲੱਖ ਦੀ ਫੌਜ ਸੀ। ਇਸ ਜੰਗ ਵਿੱਚ ਗੁਰੂ ਜੀ ਦੇ ਸਾਹਿਬਜ਼ਾਦੇ ਤੇ ਜਾਨੋ ਪਿਆਰੇ ਸਿੱਖ ਸ਼ਹੀਦ ਹੋਏ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਤਾੜੀ ਮਾਰ ਕੇ ਮਾਛੀਵਾੜੇ ਦੀ ਜੰਗਲਾਂ ਵੱਲ ਆ ਗਏ ਸਨ ਤੇ ਬਾਅਦ ਵਿੱਚ ਉਹਨਾਂ ਦੀਆਂ ਲਾਸ਼ਾਂ ਦਾ ਸਸਕਾਰ ਕਰਨ ਲਈ ਅਜਿਹੀ ਇਕ ਇਨਕਲਾਬੀ ਦੇਵੀ ਪ੍ਰਗਟ ਹੋਈ ਕਿ ਉਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਗੁਰੂ ਸਾਹਿਬ ਜੀ ਦੇ ਲਾਲਾਂ ਦਾ ਸਸਕਾਰ ਕੀਤਾ ਹਕੂਮਤ ਨੇ ਸਸਕਾਰ ਹੁੰਦਾ ਵੇਖ ਕੇ ਬੀਬੀ ਹਰਸ਼ਰਨ ਕੌਰ ਨੂੰ ਬਲਦੀ ਚਿਖਾ ਵਿੱਚ ਸੁੱਟ ਦਿੱਤਾ। ਬੀਬੀ ਹਰਸ਼ਰਨ ਕੌਰ ਦੀ ਗਾਥਾ ਨੂੰ ਬਲਿਹਾਰ ਆਪਣੀ ਕਲਮ ਦਾ ਹਿੱਸਾ ਬਣਾਉਂਦਾ ਹੈ, ਉਹ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਜਿਸ ਤਰ੍ਹਾਂ ਸਾਹਮਣੇ ਕੋਈ ਨਾਟਕ ਚੱਲ ਰਿਹਾ ਹੋਵੇ ਪਰ ਉਹ ਨਾਟਕ ਨਹੀਂ ਸੀ, ਉਹ ਤਾਂ ਅਗੰਮੀ ਜੋਤ ਸੀ। ਇਸ ਦਰਦ ਭਰੀ ਗਾਥਾ ਨੂੰ ਬਿਆਨ ਕਰਨਾ ਤੇ ਸੁਣਨਾ ਪੜ੍ਹਨਾ ਬੜਾ ਔਖਾ ਹੈ ਪਰ ਧੰਨ ਹੈ ਬਲਿਹਾਰ ਜਿਸਨੇ ਇਸ ਨੂੰ ਆਪਣੀ ਕਲਮ ਦਾ ਹਿੱਸਾ ਬਣਾ ਕੇ ਸਾਡੇ ਸਨਮੁਖ ਕੀਤਾ।
ਭਾਰਤ ਦੇਸ਼ ਸਦੀਆਂ ਤੋਂ ਗੁਲਾਮ ਰਿਹਾ ਹੈ ਇਸ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਜਿੱਥੇ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਉਥੇ ਸਾਡੀਆਂ ਮਾਵਾਂ, ਧੀਆਂ ਤੇ ਭੈਣਾਂ ਨੇ ਵੀ ਕੋਈ ਰੜਕ ਨਹੀਂ ਛੱਡੀ। ਜੇਕਰ ਮਰਦ ਮੈਦਾਨੇ ਜੰਗ ਵਿੱਚ ਲੜਦੇ ਸਨ ਤਾਂ ਉਹ ਉਹਨਾਂ ਤੋਂ ਬਾਅਦ ਘਰ ਦੀਆਂ ਲੋੜਾਂ ਥੋੜਾਂ ਨੂੰ ਪੂਰੀਆਂ ਕਰਦੀਆਂ ਲੜਾਈ ਲੜ ਰਹੀਆਂ ਸਨ। ਪਰ ਬੀਬੀ ਗੁਲਾਬ ਕੌਰ ਉਹ ਗਦਰੀ ਇਨਕਲਾਬੀ ਦੇਵੀ ਹੈ ਜਿਸ ਨੇ ਸਮੇਂ ਦੀ ਹਕੂਮਤ ਦੇ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕੀਤੀ । ਉਸ ਦੀ ਜੀਵਨੀ ਨੇ ਇਕ ਨਵਾਂ ਇਤਿਹਾਸ ਸਿਰਜਿਆ। ਗਦਰ ਲਹਿਰ ਦੇ ਵਿੱਚ ਇਹ ਇਨਕਲਾਬੀ ਦੇਵੀ ਹੈ, ਜਿਸ ਨੇ ਆਪਣੇ ਬਾਬਿਆਂ, ਦਾਦਿਆਂ ਤੇ ਭਾਈਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨਾਂ ਦੀ ਅਹੂਤੀ ਦਿੱਤੀ। ਬਲਿਹਾਰ ਇਸ ਦੇ ਜੀਵਨ ਨੂੰ ਪੇਸ਼ ਕਰਦਾ ਹੈ। ਇਸ ਦੇ ਜੀਵਨ ਤੋਂ ਸਾਡੀਆਂ ਬੀਬੀਆਂ ਨੂੰ ਜਰੂਰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਜੰਗ ਕੇਵਲ ਘਰਾਂ ਵਿੱਚ ਹੀ ਨਹੀਂ, ਮੈਦਾਨੇ ਜੰਗ ਵਿੱਚ ਵੀ ਲੜੀ ਜਾ ਸਕਦੀ ਹੈ। ਜਿਸ ਤਰ੍ਹਾਂ ਬੀਬੀ ਗੁਲਾਬ ਕੌਰ ਲੜਦੀ ਹੈ।
ਇਸੇ ਤਰ੍ਹਾਂ ਦੀ ਇੱਕ ਹੋਰ ਇਨਕਲਾਬੀ ਦੇਵੀ ਬੀਬੀ ਰਘਵੀਰ ਕੌਰ ਬੀਰੀ ਹੈ ਜਿਸਨੇ ਗਦਰੀ ਬਾਬਿਆਂ ਦੇ ਨਾਲ ਰਲ ਕੇ ਅੰਗਰੇਜ਼ ਹਕੂਮਤ ਦੇ ਵਿਰੁੱਧ ਜੰਗ ਲੜੀ ਅਤੇ ਆਪਣੇ ਜਾਨਾਂ ਦੀ ਅਹੂਤੀ ਦਿੱਤੀ। ਗਦਰ ਲਹਿਰ ਦੀਆਂ ਇਹਨਾਂ ਦੋ ਬੀਬੀਆਂ ਨੂੰ ਬਲਿਹਾਰ ਆਪਣੀ ਕਲਮ ਦਾ ਹਿੱਸਾ ਬਣਾਉਂਦਾ ਹੋਇਆ, ਇਹਨਾਂ ਦੇ ਜੀਵਨ ਦੀਉ ਉਹਨਾਂ ਘਟਨਾਵਾਂ ਨੂੰ ਕਲਮਬੱਧ ਕਰਦਾ ਹੈ, ਜਿਨ੍ਹਾਂ ਨੂੰ ਸਮੇਂ ਦੇ ਇਤਿਹਾਸ ਨੇ ਲਕੋਈ ਰੱਖਿਆ ਪਰ ਸੂਰਜ ਕਦ ਤੱਕ ਛਿਪ ਕੇ ਰਹਿੰਦਾ ਹੈ, ਉਹ ਤਾਂ ਹਮੇਸ਼ਾ ਚਮਕਦਾ ਰਹਿੰਦਾ ਹੈ। ਹੋ ਸਕਦਾ ਕਿ ਬੱਦਲਾਂ ਨੇ ਉਸ ਨੂੰ ਕੁੱਝ ਪਲ ਲਈ ਲੁਕਾ ਲਿਆ ਹੋਵੇ ਪਰ ਬੱਦਲ ਤਾਂ ਧਰਤੀ ਤੇ ਵਰ ਜਾਂਦੇ ਹਨ, ਸੂਰਜ ਸਦਾ ਚਮਕਦਾ ਰਹਿੰਦਾ ਹੈ।
ਇਹਨਾਂ ਇਨਕਲਾਬੀ ਬੀਬੀਆਂ ਦੇ ਵਿੱਚ ਇੱਕ ਅਜਿਹੀ ਬੀਬੀ ਹੈ, ਜਿਸ ਦਾ ਸਿਰ ਦਾ ਤਾਜ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਬਣਦਾ ਹੈ। ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪਤਨੀ ਰਾਮਾ ਬਾਈ ਅਜਿਹੀ ਸ਼ਖਸ਼ੀਅਤ ਹੈ ਜਿਸ ਨੇ ਡਾਕਟਰ ਭੀਮ ਰਾਉ ਨੂੰ ਤਰਾਸ਼ਨ ਦੇ ਵਿੱਚ ਉਹ ਭੂਮਿਕਾ ਨਿਭਾਈ ਹੈ, ਜਿਹੜੀ ਆਮ ਤੌਰ ਤੇ ਬਹੁਤ ਘੱਟ ਔਰਤਾਂ ਦੇ ਵਿੱਚ ਹੁੰਦੀ ਹੈ । ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਦੇਸ਼ ਆਜ਼ਾਦ ਨਹੀਂ ਸੀ ਹੋਇਆ ਡਾਕਟਰ ਭੀਮ ਰਾਉ ਸੰਘਰਸ਼ ਦੇ ਰਾਹ ਤੁਰਿਆ ਹੋਏ ਸਨ। ਉਹਨਾਂ ਇਸ ਸੰਘਰਸ਼ ਦਾ ਹਿੱਸਾ ਰਾਮਾ ਵਾਈ ਦੀ ਬਣੀ ਰਹੀ ਕਿਉਂਕਿ ਡਾਕਟਰ ਭੀਮ ਰਾਓ ਉਚੇਰੀ ਸਿੱਖਿਆ ਹਾਸਲ ਕਰਨ ਲਈ, ਦੇਸ਼ ਵਿਦੇਸ਼ ਜਾਂਦੇ ਰਹਿੰਦੇ ਸਨ, ਉਹਨਾਂ ਦੇ ਜਾਣ ਤੋਂ ਬਾਅਦ ਘਰ ਦੀਆਂ ਲੋੜਾਂ ਥੋੜਾਂ ਨੂੰ ਪੂਰਾ ਕਰਨ ਲਈ ਰਾਮਾ ਬਾਈ ਓੜ ਪੋੜ ਕਰਦੀ ਰਹਿੰਦੀ। ਬਲਿਹਾਰ ਗੋਬਿੰਦਗੜ੍ਹੀਆਂ ਨੇ ਰਾਮਾ ਬਾਈ ਦੀ ਗਾਥਾ ਨੂੰ ਲਿਖ ਕੇ ਅਜਿਹੀਆਂ ਅੰਦਰਲੀਆਂ ਗੱਲਾਂ ਲੋਕਾਂ ਦੇ ਸਾਹਮਣੇ ਲਿਆਂਦੀ ਹਨ, ਜਿਹੜੀਆਂ ਇਤਿਹਾਸਕਾਰਾਂ ਨੇ ਅੱਖੋਂ ਪਰੋਖੇ ਕਰੀ ਰੱਖੀਆਂ।
ਇਤਿਹਾਸ ਦੀਆਂ ਇਹਨਾਂ ਨੌ ਇਨਕਲਾਬੀ ਦੇਵੀਆਂ ਨੂੰ ਕਲਮ ਬੰਦ ਕਰਦਿਆਂ ਬਲਿਹਾਰ ਗੋਬਿੰਦਗੜ੍ਹੀਆ ਆਪਣੀ ਕਲਮ ਦੇ ਰਾਹੀਂ ਸਿਰਜਦਾ ਹੈ, ਉਸ ਨੂੰ ਪੜ੍ਹਦਿਆਂ ਇੰਝ ਲੱਗਦਾ ਹੈ ਕਿ ਇਤਿਹਾਸ ਸਾਡੇ ਸਾਹਮਣੇ ਵਾਪਰ ਰਿਹਾ ਹੈ। ਇਹੀ ਸੂਝਵਾਨ ਅਤੇ ਪ੍ਰਤੀਬੱਧ ਲੇਖਕ ਦਾ ਫਰਜ਼ ਬਣਦਾ ਹੈ ਕਿ ਉਹ ਇਤਿਹਾਸ ਦੇ ਉਹਨਾਂ ਅਣਗੌਲੇ ਪੰਨਿਆਂ ਨੂੰ ਆਪਣੀ ਕਲਮ ਦਾ ਹਿੱਸਾ ਬਣਾਵੇ ਜਿਸ ਨੂੰ ਅਤੇ ਸਰਕਾਰਾਂ ਨੇ ਜਾਣ ਬੁੱਝ ਕੇ ਅੱਖੋਂ ਪਰੋਖੇ ਕੀਤਾ ਹੈ।
ਇਨਕਲਾਬੀ ਦੇਵੀਆਂ ਦੇ ਮਨ ਦੀ ਵੇਦਨਾ ਨੂੰ ਜਿਸ ਤਰੀਕੇ ਉਹ ਵੱਖ ਵੱਖ ਸਮਿਆਂ ਦੇ ਇਤਿਹਾਸ ਸਮਾਜਿਕ, ਸੱਭਿਆਚਾਰ ਪੇਸ਼ ਕਰਦਾ ਹੈ, ਉਥੇ ਉਹ ਸਾਨੂੰ ਕੁੱਝ ਕਰਨ ਲਈ ਪ੍ਰੇਰਦਾ ਵੀ ਹੈ। ਇਨਕਲਾਬੀ ਦੇਵੀਆਂ ਬਾਰੇ ਲਿਖਿਆ ਤਾਂ ਬਹੁਤ ਕੁਝ ਜਾ ਸਕਦਾ ਹੈ ਪਰ ਮੈਂ ਤਾਂ ਸਿਰਫ ਇਹਨਾਂ ਬੀਬੀਆਂ ਬਾਰੇ ਕੁੱਝ ਇਸ਼ਾਰੇ ਮਾਤਰ ਗੱਲਾਂ ਕੀਤੀਆਂ ਹਨ। ਉਹਨਾਂ ਦੀ ਜੀਵਨ ਦੀ ਗਾਥਾ ਤੁਸੀਂ ਇਸ ਪੁਸਤਕ ਦੇ ਵਿੱਚ ਪੜ੍ਹ ਸਕਦੇ ਹੋ। ਬਲਿਹਾਰ ਗੋਬਿੰਦਗੜ੍ਹੀਏ ਦੀ ਇਹ ਪੁਸਤਕ ਜਿਥੇ ਇਤਿਹਾਸ ਦੇ ਸਾਹਮਣੇ ਮੀਲ ਪੱਥਰ ਸਾਬਤ ਹੋਵੇਗੀ, ਉਥੇ ਇਹ ਹੋਰਨਾਂ ਨੂੰ ਲਿਖਣ ਲਈ ਵੀ ਪ੍ਰੇਰੇਗੀ। ਮੈਂ ਇਸ ਪੁਸਤਕ ਦੇ ਆਮਦ ਤੇ ਸਵਾਗਤ ਕਰਦਾ ਹਾਂ।
ਬੁੱਧ ਸਿੰਘ ਨੀਲੋਂ
9464370823
budhsinghneelon@gmail.com
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj