ਨਵਾਂਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਜਮਹੂਰੀ ਅਧਿਕਾਰ ਸਭਾ ਵਲੋਂ 9 ਅਗਸਤ ਨੂੰ ਬੱਸ ਅੱਡਾ ਨਵਾਂਂਸਹਿਰ ਵਿਖੇ ਜਪਾਨ ਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਪ੍ਰਮਾਣੂ ਬੰਬਾਂ ਨਾਲ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅਤੇ ਮੌਜੂਦਾ ਚੱਲ ਰਹੀਆਂ ਜੰਗਾਂ ਦੇ ਵਿਰੋਧ ਵਿਚ ਕਨਵੈਨਸ਼ਨ ਅਤੇ ਮੁਜਾਹਰਾ ਕੀਤਾ ਜਾਵੇਗਾ। ਇਹ ਫੈਸਲਾ ਅੱਜ ਜਮਹੂਰੀ ਅਧਿਕਾਰ ਸਭਾ ਸ਼ਹੀਦ ਭਗਤ ਸਿੰਘ ਨਗਰ ਜਿਲਾ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ।ਇਹ ਜਾਣਕਾਰੀ ਦਿੰਦੇ ਹੋਏ ਸਭਾ ਦੇ ਜਿਲ੍ਹਾ ਸਕੱਤਰ ਜਸਬੀਰ ਦੀਪ ਨੇ ਦੱਸਿਆ ਕਿ ਅਮਰੀਕਾ ਵਲੋਂ 6 ਅਗਸਤ 1945 ਨੂੰ ਜਪਾਨੀ ਸ਼ਹਿਰ ਹੀਰੋਸ਼ੀਮਾ ਅਤੇ 9 ਅਗਸਤ ਨੂੰ ਨਾਗਾਸਾਕੀ ਉੱਤੇ ਪ੍ਰਮਾਣੂ ਬੰਬ ਸੁੱਟਕੇ ਭਿਆਨਕ ਤਬਾਹੀ ਮਚਾਈ ਗਈ ਸੀ। ਜਿਹਨਾਂ ਵਿਚ 1,99,000
ਲੋਕ ਮਾਰੇ ਗਏ ਸਨ ਅਤੇ ਲੱਖਾਂ ਲੋਕ ਜਖਮੀ ਹੋਏ ਸਨ। ਇਹ ਇਤਿਹਾਸ ਵਿਚ ਅਮਰੀਕਨ ਸਾਮਰਾਜ ਵਲੋਂ ਕੀਤੀ ਗਈ ਸੱਭ ਤੋਂ ਵੱਡੀ ਅਤੇ ਭਿਆਨਕ ਤਬਾਹੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਕਈ ਦੇਸ਼ਾਂ ਕੋਲ ਵੱਡੀ ਗਿਣਤੀ ਵਿਚ ਪ੍ਰਮਾਣੂ ਹਥਿਆਰ ਮੌਜੂਦ ਹਨ। ਜੋ ਸਰਬਨਾਸ਼ ਕਰ ਸਕਦੇ ਹਨ। ਤਾਜਾ ਹਾਲਾਤਾਂ ਤੋਂ ਪਤਾ ਲੱਗਦਾ ਹੈ, ਕਿ ਦੁਨੀਆਂ ਤੀਸਰੇ ਸੰਸਾਰ ਯੁੱਧ ਦੀਆਂ ਬਰੂਹਾਂ ਉੱਤੇ ਖੜੀ ਹੈ। ਇਸਰਾਇਲ ਫਲਸਤੀਨੀਆਂ ਨੂੰ ਬੰਬਾਂ ਅਤੇ ਮਿਜ਼ਾਇਲਾਂ ਦਾ ਖਾਜਾ ਬਣਾ ਰਿਹਾ ਹੈ ਜਿਸਦੀ ਪਿੱਠ ਉੱਤੇ ਅਮਰੀਕਨ ਸਾਮਰਾਜ ਹੈ। ਇਸਰਾਇਲ ਵਲੋਂ ਆਮ ਫਲਸਤੀਨੀਆਂ ਦੇ ਕਤਲ ਕਰ ਰਿਹਾ ਹੈ,ਸਕੂਲਾਂ, ਹਸਪਤਾਲਾਂ, ਸ਼ਰਨਾਰਥੀ ਕੈਂਪਾਂ ਅਤੇ ਘਰਾਂ ਨੂੰ ਤਬਾਹ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾ ਸਭਾ ਵਿਚ ਫਲਸਤੀਨੀਆਂ ਦੇ ਦਰਦ ਨੂੰ ਦੂਰ ਕਰਨ ਦੀ ਸਮਰੱਥਾ ਨਜਰ ਨਹੀਂ ਆਉਂਦੀ। ਦੂਜੇ ਪਾਸੇ ਰੂਸ-ਯੂਕਰੇਨ ਜੰਗ ਅਣਗਿਣਤ ਲੋਕਾਂ ਦੀਆਂ ਜਾਨਾਂ ਲੈ ਚੁੱਕਾ ਹੈ। ਇਹਨਾਂ ਯੁੱਧਾਂ ਦਾ ਸਾਰੇ ਸੰਸਾਰ ਉੱਤੇ ਖਾਸਕਰ ਮਿਹਨਤਕਸ਼ ਜਨਤਾ ਉੱਤੇ ਬਹੁਤ ਹੀ ਦੁਰ-ਪ੍ਰਭਾਵ ਪੈ ਰਿਹਾ ਹੈ। ਲੋਕ ਮਰ ਰਹੇ ਹਨ ਅਤੇ ਸਾਮਰਾਜੀ ਤਾਕਤਾਂ ਆਪਣੇ ਹਥਿਆਰ ਵੇਚਕੇ ਮੁਨਾਫ਼ਾ ਕਮਾ ਰਹੀਆਂ ਹਨ। ਸਾਨੂੰ ਇਹਨਾਂ ਜੰਗਾਂ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਕਨਵੈਨਸ਼ਨ ਦੀ ਸਫਲਤਾ ਲਈ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੂੰ ਸੱਦਾ-ਪੱਤਰ ਦਿੱਤੇ ਜਾਣਗੇ। ਅੱਜ ਦੀ ਮੀਟਿੰਗ ਨੂੰ ਸਭਾ ਦੇ ਜਿਲਾ ਪ੍ਰਧਾਨ ਅਸ਼ੋਕ ਕੁਮਾਰ, ਦਲਜੀਤ ਸਿੰਘ ਐਡਵੋਕੇਟ, ਬੂਟਾ ਸਿੰਘ ਮਹਿਮੂਦ ਪੁਰ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿਚ ਜਿਲ੍ਹਾ ਮੀਤ ਪ੍ਰਧਾਨ ਗੁਰਨੇਕ ਸਿੰਘ, ਨਰਿੰਦਰ ਸਿੰਘ ਉੜਾਪੜ, ਗੁਰਦਿਆਲ ਸਿੰਘ ਮਹਿੰਦੀ ਪੁਰ ਅਤੇ ਬਲਜਿੰਦਰ ਸਿੰਘ ਦਿਆਲ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly