ਹਿਜਾਬ ਇਸਲਾਮ ਦਾ ਜ਼ਰੂਰੀ ਹਿੱਸਾ ਨਹੀਂ

 

  • ਮਸਲੇ ਬਾਰੇ ਦਾਇਰ ਪਟੀਸ਼ਨ ਰੱਦ; ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ

ਬੰਗਲੁਰੂ (ਸਮਾਜ ਵੀਕਲੀ):  ਕਰਨਾਟਕ ਹਾਈ ਕੋਰਟ ਵੱਲੋਂ ਜਮਾਤ ’ਚ ਹਿਜਾਬ ਪਹਿਨਣ ਦੀ ਆਗਿਆ ਸਬੰਧੀ ਦਾਖ਼ਲ ਅਪੀਲਾਂ ਖਾਰਜ ਕਰਨ ਮਗਰੋਂ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ’ਚ ਇੱਕ ਮੁਸਲਿਮ ਵਿਦਿਆਰਥੀ ਵੱਲੋਂ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਜੋ ਕਿ ਹਾਈ ਕੋਰਟ ਸਾਹਮਣੇ ਪੇਸ਼ ਪਟੀਨਸ਼ਨਰਾਂ ’ਚ ਵੀ ਸ਼ਾਮਲ ਸੀ। ਅੱਜ ਪਹਿਲਾਂ ਦਿਨ ’ਚ ਕਰਨਾਟਕ ਹਾਈ ਕੋਰਟ ਨੇ ਸੂਬੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਹਿਜਾਬ ’ਤੇ ਲੱਗੀ ਪਾਬੰਦੀ ਨੂੰ ਸਹੀ ਆਖਦਿਆਂ ਕਿਹਾ ਕਿ ਇਸਲਾਮ ਵਿੱਚ ਹਿਜਾਬ ਲਾਜ਼ਮੀ ਧਾਰਮਿਕ ਰਵਾਇਤਾਂ ਦਾ ਹਿੱਸਾ ਨਹੀਂ ਹੈ।

ਹਿਜਾਬ ਪਹਿਨਣ ਦੀ ਆਗਿਆ ਲਈ ਦਾਖ਼ਲ ਅਪੀਲਾਂ ਖਾਰਜ ਕਰਦਿਆਂ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਸਕੂਲੀ ਵਰਦੀ ਦਾ ਨਿਯਮ ਉਚਿਤ ਪਾਬੰਦੀ ਹੈ ਜੋ ਸੰਵਿਧਾਨਕ ਤੌਰ ’ਤੇ ਮਨਜ਼ੂਰਸ਼ੁਦਾ ਹੈ, ਜਿਸ ’ਤੇ ਵਿਦਿਆਰਥੀ ਸੁਆਲ ਨਹੀਂ ਕਰ ਸਕਦੇ। ਜਿੱਥੇ ਕਰਨਾਟਕ ਸਰਕਾਰ ਨੇ ਸਾਰਿਆਂ ਨੂੰ ਇਸ ਹੁਕਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਿੱਖਿਆ ਪਹਿਲਾਂ ਹੈ, ਉੱਥੇ ਮੁਸਲਿਮ ਵਿਦਿਆਰਥੀਆਂ ਦੀ ਜਥੇਬੰਦੀ ‘ਕੈਂਪਸ ਫਰੰਟ ਆਫ਼ ਇੰਡੀਆ’ ਨੇ ਗੈਰ-ਸੰਵਿਧਾਨਕ ਹੁਕਮ ਪ੍ਰਤੀ ਰੋਸ ਪ੍ਰਗਟ ਕਰਦਿਆਂ ਸੰਵਿਧਾਨਕ ਤੇ ਵਿਅਕਤੀਗਤ ਹੱਕਾਂ ਦੀ ਰਾਖੀ ਲਈ ਸਾਰੇ ਯਤਨ ਕਰਨ ਦਾ ਅਹਿਦ ਲਿਆ। ਚੀਫ਼ ਜਸਟਿਸ ਰਿਤੂ ਰਾਜ ਅਵਸਥੀ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ,‘ਸਾਡੀ ਰਾਇ ਹੈ ਕਿ ਮੁਸਲਿਮ ਵਿਦਿਆਰਥਣਾਂ ਵੱਲੋਂ ਹਿਜਾਬ ਪਹਿਨਣਾ ਇਸਲਾਮ ਧਰਮ ਵਿੱਚ ਲਾਜ਼ਮੀ ਧਾਰਮਿਕ ਰਵਾਇਤਾਂ ਦਾ ਹਿੱਸਾ ਨਹੀਂ ਹੈ।

ਬੈਂਚ ਨੇ ਇਹ ਗੱਲ ਵੀ ਆਖੀ ਕਿ ਸਰਕਾਰ ਕੋਲ 5 ਫਰਵਰੀ 2022 ਦਾ ਹੁਕਮ ਲਾਗੂ ਕਰਵਾਉਣ ਦਾ ਅਧਿਕਾਰ ਹੈ ਤੇ ਇਸ ਨੂੰ ਗਲਤ ਠਹਿਰਾਉਣ ਦਾ ਕੋਈ ਕਾਰਨ ਨਹੀਂ ਬਣਦਾ। ਅਦਾਲਤ ਨੇ ਕਾਲਜ, ਇਸ ਦੇ ਪ੍ਰਿੰਸੀਪਲ ਤੇ ਇੱਕ ਅਧਿਆਪਕ ਖ਼ਿਲਾਫ਼ ਅਨੁਸ਼ਾਸਨਿਕ ਜਾਂਚ ਸ਼ੁਰੂ ਕਰਨ ਦੀ ਅਪੀਲ ਵੀ ਰੱਦ ਕਰ ਦਿੱਤੀ ਹੈ।

ਸੂਬੇ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਅਦਾਲਤੀ ਹੁਕਮ ਦਾ ਸੁਆਗਕੀਤਾ। ਏਆਈਐੱਮਆਈਐੱਮ ਆਗੂ ਤੇ ਲੋਕ ਸਭਾ ਮੈਂਬਰ ਐੱਮਪੀ ਅਸਦੂਦੀਨ ਓਵੈਸੀ ਨੇ ਹਾਈ ਕੋਰਟ ਦੇ ਹੁਕਮ ਨਾਲ ਅਸਹਿਮਤੀ ਪ੍ਰਗਟਾਈ ਤੇ ਕਿਹਾ ਕਿ ਆਲ ਇੰਡੀਆ ਮੁਸਲਿਮ ਪਰਨਸਲ ਲਾਅ ਬੋਰਡ ਤੇ ਦੂਜੀਆਂ ਧਾਰਮਿਕ ਸੰਸਥਾਵਾਂ ਇਸ ਹੁਕਮ ਖ਼ਿਲਾਫ਼ ਅਪੀਲ ਕਰਨ। ਇਸੇ ਤਰ੍ਹਾਂ ਪੀਡੀਪੀ ਆਗੂ ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਕਰਨਾਟਕਾ ਹਾਈ ਕੋਰਟ ਦਾ ਫ਼ੈਸਲਾ ਵੱਡੀ ਪੱਧਰ ’ਤੇ ਨਿਰਾਸ਼ਾਜਨਕ ਹੈ।

ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸਾਰਿਆਂ ਨੂੰ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਕਰਨ ਲਈ ਕਿਹਾ ਹੈ। ਇਸ ਦੌਰਾਨ ਉਡੁੱਪੀ ਦੀਆਂ ਮੁਸਲਿਮ ਵਿਦਿਆਰਥਣਾਂ ਵੱਲੋਂ ਦਾਖ਼ਲ ਪਟੀਸ਼ਨਾਂ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਕਾਲਜ ਨਹੀਂ ਜਾਣਗੀਆਂ ਤੇ ਉਦੋਂ ਤੱਕ ਕੇਸ ਲੜਨਗੀਆਂ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGrand Smash Singapore: Indian campaign ends after pair of Manika-Archana lose in quarters
Next articleਫ਼ੈਸਲੇ ਦਾ ਮੁਸਲਿਮ ਵਿਦਿਆਰਥਣਾਂ ਦੀ ਸਿੱਖਿਆ ’ਤੇ ਮਾੜਾ ਪ੍ਰਭਾਵ ਪਵੇਗਾ: ਜਮਾਇਤ