ਹਿਜਾਬ ਵਿਵਾਦ: ਫਿਰਕੂ ਤੱਤ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ’ਚ: ਫਾਰੂਕ ਅਬਦੁੱਲਾ

Former Jammu and Kashmir Chief Minister Dr Farooq Abdullah

ਸ੍ਰੀਨਗਰ (ਸਮਾਜ ਵੀਕਲੀ):  ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਹਿਜਾਬ ਵਿਵਾਦ ਵਿਚਾਲੇ ਅੱਜ ਕਿਹਾ ਕਿ ਕੁਝ ਫਿਰਕੂ ਤੱਤ ਫਿਰਕਿਆਂ ਦੇ ਆਧਾਰ ’ਤੇ ਦੇਸ਼ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਹੱਕ ਹੈ ਕਿ ਉਹ ਜੋ ਚਾਹੇ ਪਹਿਨ ਸਕਦਾ ਹੈ ਅਤੇ ਆਪੋ-ਆਪਣੇ ਧਰਮਾਂ ਮੁਤਾਬਕ ਚੱਲ ਸਕਦਾ ਹੈ। ਉਨ੍ਹਾਂ ਹੱਦਬੰਦੀ ਕਮਿਸ਼ਨ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਇਹ ਬਿਲਕੁਲ ਗਲਤ ਹੈ।

ਸੰਸਦ ਮੈਂਬਰ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ’ਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਦੇਸ਼ ਸਾਰਿਆਂ ਲਈ ਇਕ ਬਰਾਬਰ ਹੈ। ਤੁਹਾਨੂੰ ਜੋ ਮਰਜ਼ੀ ਖਾਉਣ ਤੇ ਪਹਿਨਣ ਦਾ ਹੱਕ ਹੈ ਜਦੋਂ ਤੱਕ ਕਿ ਤੁਸੀਂ ਦੇਸ਼ ਦੀ ਅਖੰਡਤਾ ਨੂੰ ਖਤਰੇ ਵਿਚ ਨਹੀਂ ਪਾਉਂਦੇ। ਹਰ ਕਿਸੇ ਦਾ ਉਸ ਦਾ ਆਪਣਾ ਧਰਮ ਹੈ। ਕੁਝ ਫਿਰਕੂ ਤੱਤਾਂ ਵੱਲੋਂ ਧਰਮ ’ਤੇ ਹਮਲੇ ਕੀਤੇ ਜਾ ਰਹੇ ਹਨ। ਇਹ ਫਿਰਕੂ ਤੱਤ ਚੋਣਾਂ ਜਿੱਤਣ ਲਈ ਫਿਰਕਿਆਂ ਦੇ ਆਧਾਰ ’ਤੇ ਦੇਸ਼ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਲ੍ਹਾ ਨੇ ਚਾਹਿਆ ਤਾਂ ਇਕ ਦਿਨ ਇਹ ਖ਼ਤਮ ਹੋ ਜਾਵੇਗਾ।’’ ਹੱਦਬੰਦੀ ਕਮਿਸ਼ਨ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਅਬਦੁੱਲਾ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ, ‘‘ਅਸੀਂ ਆਪਣਾ ਜਵਾਬ ਤਿਆਰ ਕਰ ਰਹੇ ਹਾਂ, ਜੋ 14 ਫਰਵਰੀ ਤੋਂ ਪਹਿਲਾਂ ਪੈਨਲ ਕੋਲ ਜਮ੍ਹਾਂ ਕਰਵਾ ਦੇਵਾਂਗੇ। ਇਹ ਜਵਾਬ ਤੁਹਾਡੇ ਤੱਕ ਵੀ ਪਹੁੰਚੇਗਾ ਅਤੇ ਤੁਸੀਂ ਦੇਖੋਗੇ ਕਿ ਕਿਹੜੇ ਮੁੱਦੇ ਉਠਾਏ ਗਏ ਹਨ।’’ ਸ੍ਰੀ ਅਬਦੁੱਲਾ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਗੱਲਬਾਤ ਦੀ ਵਕਾਲਤ ਕਰਦਿਆਂ ਕਿਹਾ ਕਿ ਦੋਸਤੀ ਦੋਹਾਂ ਦੇਸ਼ਾਂ ਵਿਚਲੀ ਦੁਸ਼ਮਣੀ ਨੂੰ ਖ਼ਤਮ ਕਰ ਦੇਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਵੱਲੋਂ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ
Next articleJourney of Legacy in Academic Leadership of Starex University Gurugram