(ਸਮਾਜ ਵੀਕਲੀ)
ਅੱਜ ਕੱਲ ਦਾ ਮੈਂ ਹਾਲ ਸੁਣਾਵਾਂ,
ਸੁਣ ਲਓ ਮੇਰੀ ਜ਼ੁਬਾਨੀ।
ਮਹਿੰਗਾਈ ਨੂੰ ਵੱਧਦੀ ਵੇਖ ਕੇ ਲੋਕੋ,
ਆਉਂਦੀ ਬੜੀ ਹੈਰਾਨੀ।
60 ਰੁਪਏ ਨੂੰ ਦੁੱਧ ਹੋ ਗਿਆ,
50 ਨੂੰ ਮਿਲਦੀ ਖੰਡ।
ਚਾਹ ਪਾਣੀ ਦੱਸ ਕਿਵੇਂ ਬਣਾਈਏ,
ਆਉਂਦੀ ਨਾ ਕੋਈ ਸਮਝ।
170 ਨੂੰ ਰਿਫਾਇੰਡ ਹੋ ਗਿਆ,
170 ਨੂੰ ਹੋ ਗਿਆ ਤੇਲ।
ਹੁਣ ਤਾਂ ਛੁਕ ਛੁਕ ਭੱਜੀ ਜਾਂਦੀ,
ਮਹਿੰਗਾਈ ਵਾਲੀ ਇਹ ਰੇਲ।
ਨਹਾਉਣ ਵਾਲੀ ਸਾਬਣ ਦੀ ਟਿੱਕੀ,
ਪਹਿਲਾਂ ਤੋਂ ਅੱਧੀ ਹੋ ਗਈ।
ਨਹਾਉਣ ਤੋਂ ਪਹਿਲਾਂ ਦੁਕਾਨ ਦੇ ਵਿੱਚ,
ਪਈ ਪਈ ਲੱਗਦੀ ਚੋਅ ਗਈ।
ਬਿਸਕੁਟ ਵਾਲੇ ਪੈਕਟ ਦੇ ਵਿੱਚ,
ਬਿਸਕੁਟ ਵੀ ਰਹਿ ਗਏ ਅੱਧੇ।
ਸੋਚ ਸਮਝ ਕੇ ਦੱਸੋ ਵੀ ਭਰਾਵੋ,
ਬੱਚਾ ਕੀ ਖਾਵੇ ਕੀ ਛੱਡੇ।
ਆਲੂ ਗੰਢੇ ਘੱਟ ਨਹੀਂ ਉਹ ਵੀ,
ਬੜੇ ਹੀ ਰੰਗ ਵਿਖਾਉਂਦੇ,
ਦੁਕਾਨ ਵਿੱਚੋ ਜਦ ਲੈਣ ਜਾਈਏ,
ਕੰਨਾਂ ਨੂੰ ਹੱਥ ਲਵਾਉਦੇ।
900 ਨੂੰ ਅੱਜ ਮਿਲੇ ਸਿਲੰਡਰ,
ਲੋਕ ਜਾਂਦੇ ਹੁਣ ਭੜਕੇ।
ਮੱਥੇ ਤੇ ਹੱਥ ਮਾਰ ਕੇ ਪੁੱਛਦੇ,
ਕਿਵੇਂ ਲਗਾਈਏ ਤੜਕੇ, ਦਸੋ ਕਿਵੇਂ ਲਗਾਈਏ ਤੜਕੇ।
ਸ਼ਾਹਕੋਟੀ ਕਮਲੇਸ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly