ਸੁਖਜੀਤ ਸਿੰਘ ਵਿਰਕ
(ਸਮਾਜ ਵੀਕਲੀ) ਚੈਕਿੰਗ ਵਿੱਚ ਮਸ਼ਰੂਫ ਸਾਂ ਕਿ ਘਰਵਾਲੀ ਦਾ ਫੋਨ ਆਇਆ ਤੁਸੀਂ ਅੱਜ ਡਿਊਟੀ ਖਤਮ ਕਰਕੇ ਜਲਦੀ ਘਰ ਆ ਜਿਉ.. ਮਿਸਿਜ਼ ਢਿੱਲੋਂ ਦਾ ਫੋਨ ਆਇਆ ਸੀ ਬੇਟੀ ਦੇ ਵਿਆਹ ਦੀ ਜਾਗੋ ਕੱਢਣੀ ਐ… ਕਈ ਦਿਨ ਹੋ ਗਏ ਬੁੱਕ ਕਰਾਈ ਸੀ…ਅੱਜ ਮਸਾਂ ਮਿਲੀ ਐ… ਆਪਾਂ ਨੂੰ ਜਰੂਰੀ ਪਹੁੰਚਣ ਲਈ ਕਿਹੈ… ਘਰਵਾਲੀ ਨੇ ਸੁਨੇਹਾਂ ਦੇ ਕੇ ਫੋਨ ਬੰਦ ਕਰ ਦਿੱਤਾ ਸੀ ਜਾਗੋ ਕੱਢਣੀ ਐ… ਬੁੱਕ ਕਰਾਈ ਸੀ ਮਸਾਂ ਮਿਲੀ ਹੈ ਮਨ ਚੈਕਿੰਗ ਵਿੱਚੋਂ ਉੱਖੜ ਗਿਆ ਸੀ… ਮਾਮੇ ਦੇ ਵਿਆਹ ਸਮੇ ਕੱਢੀ ਜਾਗੋ ਯਾਦ ਆਈ, ਮੈਂ ਦਸ ਕੁ ਸਾਲਾਂ ਦਾ ਸਾਂ ਮਾਸੀ ਨੇ ਪਿੱਤਲ ਦੀ ਗਾਗਰ ਆਟੇ ਦੇ ਦੀਵੇ ਸਰੋਂ ਦੇ ਤੇਲ ਨਾਲ ਜਗਾ ਕੇ ਸਿਰ ਤੇ ਰੱਖੀ ਹੋਈ ਸੀ, ਇੱਕ ਸੁਆਣੀ ਨੇ ਨਾਨੇ ਵਾਲਾ ਖੂੰਡਾ ਤੇ ਇੱਕ ਹੋਰ ਨੇ ਛੱਜ ਤੇ ਡੰਡਾ ਚੁੱਕਿਆ ਹੋਇਆ ਸੀ, ਗੁਆਂਢੀ ਘਰਾਂ ਚ ਜਾ ਕੇ ਬੋਲੀਆਂ ਪਾ ਪਾ ਕੇ ਵਧਾਈਆਂ ਲਈਆਂ ਗਈਆਂ,ਕਈ ਘਰੀਂ ਗੁੱਝੀਆਂ ਮਸ਼ਕਰੀਆਂ ਕਰਕੇ ਹਲੂਣੇ ਦਿੱਤੇ ਗਏ। ਥਾਣੇ ਦਾ ਕੰਮ ਕਾਰ ਸਮੇਟ ਕੇ ਗੋਬਿੰਦਗੜ੍ਹ ਤੋਂ ਮੋਹਾਲੀ ਪਹੁੰਚਦਿਆਂ ਪੌਣਾ ਕੁ ਘੰਟਾ ਲੱਗਿਆ,ਘਰਵਾਲੀ ਤਿਆਰ ਬੈਠੀ ਸੀ,ਅਸੀਂ ਸ਼ਗਣ ਵਾਲਾ ਲਿਫਾਫਾ ਲੈ ਕੇ ਢਿੱਲੋਂ ਸਾਹਿਬ ਦੇ ਘਰ ਪਹੁੰਚ ਗਏ,ਢਿੱਲੋਂ ਸਾਹਿਬ ਨੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ, ਤੜਕ ਭੜਕ ਵਾਲੇ ਕੱਪੜੇ ਤੇ ਸੂਟ ਪਾ ਕੇ ਸਕੇ ਸਬੰਧੀ ਅਤੇ ਗੁਆਂਢੀ ਪੁੱਜੇ ਹੋਏ ਸਨ,ਸਰੂਰ ਬਣ ਰਿਹਾ ਸੀ ਕਿ ਸ੍ਰੀਮਤੀ ਢਿੱਲੋ ਦੀ ਆਵਾਜ਼ ਆਈ,ਜਾਗੋ ਵਾਲਾ ਤਾਂ ਜਾਗੋ ਦੇ ਗਿਐ ਪਰ ਢਿੱਲੋਂ ਸਾਹਿਬ ਤੁਹਾਡਾ ਬੁੱਕ ਕੀਤਾ ਢੋਲੀ ਤੇ ਬੋਲੀਆਂ ਪਾਉਣ ਵਾਲਾ ਮਿਸ਼ਰਾ ਕਿੱਥੇ ਨੇ ਇਸ ਤੋਂ ਪਹਿਲਾਂ ਕਿ ਢਿੱਲੋਂ ਸਾਹਿਬ ਕੁਝ ਬੋਲਦੇ ਨੁੱਕਰ ਵਿੱਚ ਬੈਠੇ ਢੋਲੀ ਨੇ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਸਾਥੀ ਬੋਲੀਆਂ ਪਾਉਣ ਲੱਗ ਪਿਆ ਮੈਨੂੰ ਉਸਦੀ ਬੋਲੀ ਤੇ ਸ਼ਬਦਾਵਲੀ ਅਜੀਬ ਜਿਹੀ ਲੱਗੀ.. ਜਾਗੋ ਕਿੱਥੇ ਐ… ਢਿੱਲੋ ਸਾਹਿਬ ਨੇ ਸ੍ਰੀਮਤੀ ਨੂੰ ਆਵਾਜ਼ ਮਾਰੀ… ਉਹ ਜੀ ਜਾਗੋ ਦੀ ਬੈਟਰੀ ਨਵੀਂ ਪਾ ਰਹੀ ਆਂ ਐਵੇਂ ਕਿਤੇ ਰਾਹ ਵਿੱਚ ਮੁੱਕ ਜਾਵੇ ਤਾਂ ਬੇਸ਼ਗਨੀ ਹੁੰਦੀ ਐ..ਅੰਦਰੋਂ ਸ੍ਰੀਮਤੀ ਢਿੱਲੋਂ ਨੇ ਉੱਤਰ ਦਿੱਤਾ,ਮੈਂ ਹੱਕਾ ਬੱਕਾ ਸਾਂ ਕਿ ਸ਼੍ਰੀਮਤੀ ਢਿੱਲੋਂ ਜਰੀਦਾਰ ਵੇਲ ਬੂਟੀਆਂ ਵਾਲੀ ਰੰਗ ਬਰੰਗੀ ਮਟਕੀ ਸਿਰ ਤੇ ਰੱਖੀ ਬਾਹਰ ਆਈ ਜਿਸਦੇ ਦੀਵੇ ਲਾਟਾਂ ਕੱਢਣ ਦੀ ਥਾਂ ਜਗ ਬੁਝ ਰਹੇ ਸਨ ਮੇਰੇ ਲਈ ਇਹ ਅਲੋਕਾਰ ਗੱਲ ਸੀ.. ਜਾਗੋ ਬੁੱਕ ਕਰਾਈ ਸੀ ਮਸਾਂ ਮਿਲੀ ਹੈ.. ਘਰ ਵਾਲੀ ਵੱਲੋਂ ਫੋਨ ਤੇ ਕਹੇ ਸ਼ਬਦ ਹੁਣ ਮੇਰੇ ਸਮਝ ਪੈ ਰਹੇ ਸਨ, ਇਹ ਉਚੇਚੇ ਤੌਰ ਤੇ ਮੰਗਵਾਈ ਨਕਲੀ ਦੀਵਿਆਂ ਵਿੱਚ ਜਗਦੇ ਬਲਬਾਂ ਵਾਲੀ ਬਿਜਲਈ ਜਾਗੋ ਸੀ..ਨਾ ਕੋਈ ਤੇਲ ਮੁੱਕਣ ਦਾ ਡਰ ਸੀ ਨਾ ਡੁੱਲ੍ਹ ਜਾਣ ਦਾ ਖਤਰਾ… ਬੋਲੀਆਂ ਪਾਉਣ ਵਾਲਾ ਹਿੰਦੀ ਪੰਜਾਬੀ ਸ਼ਬਦਾਵਲੀ ਦਾ ਜੋੜ ਤੋੜ ਕਰਕੇ ਬੇਮੇਲ ਜਿਹੀਆਂ ਬੋਲੀਆਂ ਪਾ ਰਿਹਾ ਸੀ,ਮੇਲੀ ਵੀ ਵਿੱਚ ਵਿੱਚ ਮਨ ਦੀ ਮੌਜ ਮੁਤਾਬਕ ਬੋਲੀਆਂ ਪਾ ਰਹੇ ਸਨ ਰਸਤੇ ਵਿੱਚ ਪੈਂਦੇ ਘਰਾਂ ਵਾਲੇ ਜਾਗੋ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਦਰਵਾਜੇ ਬੰਦ ਕਰਕੇ ਪਰਦੇ ਤਾਣ ਲੈਂਦੇ..ਕਈ ਤਾਂ ਲਾਈਟਾਂ ਵੀ ਬੰਦ ਕਰ ਲੈਂਦੇ ਜਿਵੇਂ ਉਹ ਕਿਸੇ ਅਚਨਚੇਤੀ ਮੁਸੀਬਤ ਗਲ ਪੈਣ ਤੋਂ ਬਚ ਰਹੇ ਹੋਣ… ਨਾ ਜਾਗੋ ਕਿਸੇ ਦੇ ਘਰ ਲਿਜਾਈ ਗਈ,ਨਾ ਰਾਹ ਵਿੱਚੋਂ ਕੋਈ ਸ਼ਾਮਿਲ ਹੋਇਆ….ਤੂੰ ਕਿੱਥੋਂ ਦਾ ਰਹਿਣ ਵਾਲਾ ਏਂ.. ਮੈਂ ਬੋਲੀਆਂ ਪਾਉਣ ਵਾਲੇ ਨੂੰ ਪੁੱਛਿਆ…ਬਾਬੂ ਜੀ ਯੂਪੀ ਕਾ ਹੂੰ ਇੱਥੇ ਆਏ 10 ਸਾਲ ਹੂਏ.. ਕਹਿ ਕੇ ਉਸਨੇ ਜੇਬ ਵਿੱਚੋਂ ਵਿਜ਼ਟਿੰਗ ਕਾਰਡ ਕੱਢ ਕੇ ਮੇਰੇ ਹੱਥ ਧਰ ਦਿੱਤਾ ਜਿਸ ਤੇ ਪੰਜਾਬੀ ਵਿੱਚ ਲਿਖਿਆ ਸੀ..ਵਿਆਹ ਸ਼ਾਦੀ ਦੇ ਪ੍ਰੋਗਰਾਮਾਂ ਲਈ ਮਿਲੋ..ਰਾਮ ਨਿਵਾਸ ਮਿਸ਼ਰਾ ਕਲੋਨੀ ਨੰਬਰ ਚਾਰ..ਚੰਡੀਗੜ੍ਹ….ਉਹ ਪੰਜਾਬੀ ਬੋਲੀਆਂ ਦਾ ਜੋ ਘਾਣ ਕਰ ਰਿਹਾ ਸੀ ਬਰਦਾਸ਼ਤ ਤੋਂ ਬਾਹਰ ਸੀ…ਮੌਕੇ ਤੇ ਹੀ ਜੁੱਤੀ ਫੇਰਨ ਨੂੰ ਜੀ ਕਰ ਰਿਹਾ ਸੀ ਪਰ ਮੈਂ ਸ਼ਾਂਤ ਰਿਹਾ…ਉਧਰੋਂ ਛੱਜ ਕੁੱਟਣ ਵਾਲੀ ਨੇ ਬਥੇਰਾ ਜ਼ੋਰ ਲਾਇਆ ਪਰ ਛੱਜ ਟੁੱਟ ਹੀ ਨਹੀਂ ਰਿਹਾ ਸੀ… ਬੇਸ਼ਰਮ ਜਿਹੀ ਹੋ ਕੇ ਉਹ ਛੱਜ ਸੜਕ ਤੇ ਸੁੱਟ ਕੇ 90 ਕਿਲੋ ਦਾ ਸਰੀਰ ਲੈ ਕੇ ਉੱਤੇ ਚੜ੍ਹ ਗਈ.. ਛੱਜ ਭਾਰ ਅਤੇ ਸ਼ਰਮ ਦਾ ਮਾਰਾ ਸਪਾਟ ਹੀ ਸੜਕ ਤੇ ਵਿਛ ਗਿਆ ਸੀ.. ਚਲੋ ਛੱਡੋ ਜੀ ਇਹ ਤਾਂ ਛੱਜ ਨਾਲ ਜ਼ੁਲਮ ਹੈ ਸਾਰੇ ਟਿਚਰਾਂ ਕਰ ਰਹੇ ਸਨ…ਵਾਪਸ ਘਰ ਪਹੁੰਚੇ ਤਾਂ ਸ਼੍ਰੀਮਤੀ ਢਿੱਲੋ ਨੇ ਜਾਗੋ ਵਾਲੀ ਮਟਕੀ ਸੰਭਾਲ ਕੇ ਰੱਖ ਦਿੱਤੀ…ਸਵੇਰੇ ਸਹੀ ਸਲਾਮਤ ਵਾਪਸ ਕਰਕੇ ਪੇਸ਼ਗੀ ਦਿੱਤੀ ਰਕਮ ਜੋ ਵਾਪਸ ਲੈਣੀ ਸੀ ਮਿਸ਼ਰਾ ਤੇ ਢੋਲੀ ਮੁੜ ਮੁੜ ਵਧਾਈਆਂ ਦੇ ਕੇ ਸ਼ਗਣ ਦੇ ਬਹਾਨੇ ਪੈਸੇ ਝਾੜ ਰਹੇ ਸਨ ਮੈਂ ਮਿਸ਼ਰੇ ਤੋਂ ਐਵੇਂ ਈ ਜਾਗੋ ਕੱਢਣ ਦਾ ਮਤਲਬ ਪੁੱਛ ਲਿਆ ਉਸ ਦਾ ਜਵਾਬ ਸੀ ਇਹ ਬਾਬੂ ਜੀ ਸ਼ਾਦੀ ਵਿਆਹ ਸੇ ਪਹਿਲੇ ਜਿਸ ਕਿਸੇ ਰੋਜ ਰਾਤ ਕੋ ਦੇਰ ਤੱਕ ਜਾਗਣਾਂ ਹੋ ਤੇ ਭਾਂਗੜਾ ਵਾਂਗੜਾ ਪਾਣਾ ਹੋ ਉਸ ਰਾਤ ਕੋ ਇਹ ਜੁਗਾੜ ਤੁਗਾੜ ਕਰਤੇ ਹੈ…ਮੈਂ ਉਸਨੂੰ ਸ਼ਰਾਰਤ ਨਾਲ ਕਹਿ ਦਿੱਤਾ ਕਿ ਜਾਗੋ ਦੀ ਅਸਲ ਬੋਲੀ ਤਾਂ ਤੂੰ ਪਾਈ ਹੀ ਨਹੀਂ ਉਹ ਉਤਾਵਲਾ ਹੋਇਆ…ਜੀ ਵੋਹ ਕੌਣ ਸੀ ਹੈ.. ਬਤਾ ਦੋ ਹੁਣੇ ਪਾ ਦੇਂਦਾ ਹੂੰ…ਮੈਂ ਬੇਮਤਲਬ ਹੀ ਕਹਿ ਦਿੱਤਾ.. ਹਾਏ ਹਾਏ ਜਾਗੋ, ਬੂ ਬੂ ਜਾਗੋ…ਉਹ ਸੱਚੀਂ ਗਾਉਣ ਲੱਗ ਪਿਆ… ਉਹ ਗਾਈ ਜਾ ਰਿਹਾ ਸੀ ਤੇ ਮੈਂ ਪਰੇਸ਼ਾਨ ਹੋਇਆ ਸੋਚਾਂ ਦੇ ਗਹਿਰੇ ਸਮੁੰਦਰ ਵਿੱਚ ਉਤਰਦਾ ਜਾ ਰਿਹਾ ਸਾਂ ਕਿ ਜੇ ਹੁਣ ਵਿਰਸਾ ਅਤੇ ਰਵਾਇਤਾਂ ਭੁੱਲ ਕੇ ਬੈਟਰੀ ਵਾਲੀ ਜਾਗੋ ਅਤੇ ਪੰਜਾਬੀ ਬੋਲੀਆਂ ਪਾਉਣ ਲਈ ਯੂਪੀ ਦੇ ਮਿਸ਼ਰੇ ਕਿਰਾਏ ਤੇ ਲਿਆਂਦੇ ਜਾਣ ਲੱਗ ਪਏ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਜਾਗੋ ਦਾ ਮੂਲ ਸੱਭਿਆਚਾਰਕ ਸਵਰੂਪ ਲੋਪ ਹੋ ਜਾਵੇਗਾ ਡਰ ਲੱਗਦਾ ਹੈ ਕਿਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਸੱਚਮੁਚ ਹੀ ਹਾਏ ਹਾਏ ਜਾਗੋ,ਬੂ ਬੂ ਜਾਗੋ ਨਾ ਕਰਨ ਲੱਗ ਪੈਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



