ਹੇ ਬਾਬਾ –

ਡਾ਼ ਮੇਹਰ ਮਾਣਕ
(ਸਮਾਜ ਵੀਕਲੀ)
ਇਹ ਵੇਖ ਕਿੱਦਾਂ
ਪਾਣੀ ਗੰਧਲ਼ੇ
ਮਿੱਟੀ ਗੰਧਲੀ਼
ਹਵਾ ਗੰਧਲੀ਼
ਗੰਧਲੀਆਂ ਤਰੰਗਾਂ
ਅਕਾਸ਼ ਗੰਧਲਿਆ
ਸਭ ਕੁੱਝ
ਜੋ ਆਸ ਪਾਸ ਗੰਧਲਿਆ
ਗੰਧਲੀਆਂ ਮੱਤਾਂ
ਗੰਧਲੀਆਂ ਸੱਥਾਂ
ਇੱਕ ਦੂਜੇ ਸਿਰ
ਦੋਸ਼ ਨੂੰ ਮੜ੍ਹਕੇ
ਪੱਲਾ ਛੁਡਾਅ ਪਰਾਂ
ਹੋ ਖੜ੍ਹਦੇ
ਅਜਬ ਤਖ਼ਤ
ਤੇ ਤਾਬਿਆ ਦਾਰ
ਅਜਬ ਖ਼ਲਕਤ
ਅਜਬ ਸੰਸਾਰ
ਚੁਫ਼ੇਰੇ ਫ਼ੈਲਿਆ
ਪਿਆ ਅੰਧਕਾਰ
ਕਰੇ ਕੋਈ
ਮਰੇ ਕੋਈ
ਭਰੇ ਕੋਈ
ਜਰੇ ਕੋਈ
ਕਿਸ ਤਾਈਂ
ਜਾ ਗੱਲ ਨੂੰ ਕਰੀਏ
ਡੁੱਬੀ ਨਗਰੀ ਨੂੰ
ਦੱਸ ਕਿੰਝ ਤਰੀਏ
ਵਿਸ਼ਾਲ ਕੁਦਰਤ ਦਾ
ਅਸੀਮ ਸੁਹੱਪਣ
ਜਿਹੜੇ ਲੁੱਟ ਕੇ ਖਾ ਗਏ
ਲਾ ਤੂੰ ਲੱਖਣ
ਉਹ ਬੰਦੇ
ਵੇਖ ਲੈ
ਕਿਹੋ ਜਿਹੇ ਹੋਣੇ ਨੇ
ਵੇਖਣ ਨੂੰ ਤਾਂ
ਬੜੇ ਸੋਹਣੇ ਨੇ
ਈਮਾਨ
ਗਿਆਨ ਦੀ ਥਾਂ
ਸਿਰ ਚੜ੍ਹਿਆ ਅਭਿਮਾਨ
ਕਰਨ ਮਨ ਆਈ
ਤਾਹੀਂ ਮਚੀ ਤਬਾਹੀ
ਉੜ੍ਹਦਾ ਧੂੰਆਂ ਦਵੇ ਗਵਾਹੀ
ਅੱਜ ਕਾਲ਼ੇ ਯੁਗ ਨੂੰ ਵੇਖ ਰਹੇ ਹਾਂ
ਆਪਣੇ ਆਪ ਨੂੰ ਮੇਚ ਰਹੇ ਹਾਂ
ਜੁਗਨੂੰਆਂ ਦੇ ਵੀ
ਖੰਭ ਬੁਝ ਰਹੇ
ਚੁਫ਼ੇਰੇ ਅੰਧਕਾਰ
ਨਹੀਂ ਰਾਹ ਸੁੱਝ ਰਹੇ
ਕਦੋਂ ਹੋਣਗੀਆਂ
ਚੜ੍ਹਦੀਆਂ ਪ੍ਰਭਾਤਾਂ
ਕੁੱਝ ਨਹੀਂ ਪਤਾ
ਹੋ ਰਹੀ
ਵੱਡੀ ਖਤਾ
ਇਸ ਸੰਸਾਰ ‘ਚ ਰਹਿੰਦਿਆਂ
ਦਰਿੰਦਗੀ ਨੂੰ ਸਹਿੰਦਿਆਂ
ਪਰ ਇਸ ਸੰਗ ਖਹਿੰਦਿਆਂ
ਮੁੱਦਤ ਹੋ ਗਈ ਐ
ਭਾਵੇਂ ਹੱਦ ਹੋ ਗਈ ਐ
ਪਰ
ਬਸ ਆਸਾਂ ਦੀ
ਇੱਕ ਜੋਤ ਜਗਦੀ ਹੈ
ਉਹ ਵੀ
ਬਾਬਾ ਤੇਰੇ ਬਲਬੂਤੇ
ਪਾਰ ਕਰ ਲਵਾਂਗੇ
ਸਮੇਂ ਕਸੂਤੇ
ਹੈ ਵਿਸ਼ਵਾਸ
ਮਨੁੱਖ ਜਿਉਂਦਾ ਐ
ਪੱਲੇ ਬੰਨ ਆਸ।
ਡਾ਼ ਮੇਹਰ ਮਾਣਕ
Previous articleਜੀ.ਡੀ.ਗੋਇਨਕਾ ਸਕੂਲ, ਕਪੂਰਥਲਾ ਵਿਖੇ ਬਾਲ ਦਿਵਸ ਮੌਕੇ ਵਿਸ਼ੇਸ਼ ਟਰਿੱਪ ਦਾ ਆਯੋਜਨ
Next articleਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਮੀਟਿੰਗ, ਡੀ ਈ ਓ (ਐਲੀ ਸਿ) ਵੱਲੋਂ ਕੰਪੀਟੈਂਸੀ ਇੰਨਹਾਸਮੈਂਟ ਪਲਾਨ (ਸੀ ਈ ਪੀ) ਸੰਬੰਧੀ ਸਕੂਲ ਵਿਜ਼ਿਟ ਦੌਰਾਨ ਹਰ ਪੱਖ ਤੋਂ ਮੋਨੀਟਰਿੰਗ ਦੀ ਹਦਾਇਤ