ਜ਼ਿਲ੍ਹੇ ’ਚ ਢੋਲਵਾਹਾ, ਚੋਹਾਲ, ਥਾਣਾ, ਸਲੇਰਨ, ਨਾਰਾ, ਪਟਿਆਰੀ, ਦਮਸਾਲ, ਜਨੌੜੀ ਅਤੇ ਮੈਲੀ ਡੈਮ ’ਤੇ ਕੀਤੀ ਜਾ ਸਕੇਗੀ ਸ਼ੂਟਿੰਗ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੀਆਂ ਮਨਮੋਹਕ ਅਤੇ ਵਿਰਾਸਤੀ ਸਾਈਟਾਂ ’ਤੇ ਪ੍ਰੀ-ਵੈਡਿੰਗ, ਕਮਰਸ਼ੀਅਲ ਸ਼ੂਟਿੰਗਾਂ, ਫੋਟੋ ਸ਼ੂਟ ਜਾਂ ਨਿੱਜੀ ਪ੍ਰੋਗਰਾਮਾਂ ਦੌਰਾਨ ਸ਼ੂਟਿੰਗ ਲਈ ਪਾਲਿਸੀ ਜਾਰੀ ਕੀਤੀ ਗਈ ਹੈ ਜਿਸ ਤਹਿਤ ਇਨ੍ਹਾਂ ਥਾਵਾਂ ’ਤੇ ਵਿਭਾਗ ਤੋਂ ਲੋੜੀਂਦੀ ਮਨਜੂਰੀ ਲੈ ਕੇ ਸ਼ੂਟਿੰਗ ਕੀਤੀ ਜਾ ਸਕੇਗੀ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਸ਼ੂਟਿੰਗ ਦੀਆਂ ਸਾਈਟਾਂ ਬਾਰੇ ਇਕ ਕਿਤਾਬਚਾ ਅਤੇ ਵੈਬ ਪੋਰਟਲ ਵੀ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਚਾਹਵਾਨ ਵਿਅਕਤੀ ਸ਼ੂਟਿੰਗ ਦੀ ਮਨਜੂਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੈਬ ਪੋਰਟਲ wrdpbind.com/admin/index.php ਰਾਹੀਂ ਲੋੜੀਂਦੀ ਕਾਰਵਾਈ ਉਪਰੰਤ ਵਿਭਾਗ ਵੱਲੋਂ ਪ੍ਰਵਾਨਗੀ ਜਾਰੀ ਕੀਤੀ ਜਾਵੇਗੀ ਜਿਸ ਉਪਰੰਤ ਜ਼ਿਲ੍ਹੇ ਵਿਚਲੀਆਂ ਮਨਮੋਹਣੀਆਂ ਸਾਈਟਾਂ ’ਤੇ ਕਮਰਸ਼ੀਅਲ ਸ਼ੂਟਿੰਗ, ਪ੍ਰੀ-ਵੈਡਿੰਗ ਅਤੇ ਹੋਰ ਨਿੱਜੀ ਪ੍ਰੋਗਰਾਮਾਂ ਦੇ ਫੋਟੋ ਸ਼ੂਟ ਕੀਤੇ ਜਾ ਸਕਣਗੇ। ਸ਼ੂਟਿੰਗ ਦੀਆਂ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਢੋਲਵਾਹਾ, ਚੋਹਾਲ, ਥਾਣਾ, ਸਲੇਰਨ, ਨਾਰਾ, ਪਟਿਆਰੀ, ਦਮਸਾਲ, ਜਨੌੜੀ ਅਤੇ ਮੈਲੀ ਡੈਮ ਨੂੰ ਜਲ ਸਰੋਤ ਵਿਭਾਗ ਵੱਲੋਂ ਸ਼ੂਟਿੰਗ ਦੀਆਂ ਥਾਵਾਂ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਨਗੀ ਲਈ ਕਾਰਜਕਾਰੀ ਇੰਜੀਨੀਅਰ-ਕਮ-ਅਸਟੇਟ ਅਫ਼ਸਰ ਕੋਲ ਵੈਬ ਪੋਰਟਲ ਜਾਂ ਈ-ਮੇਲ [email protected] ’ਤੇ ਬਿਨੈਕਾਰ ਵੱਲੋਂ ਲੋੜੀਂਦੇ ਦਸਤਾਵੇਜਾਂ ਸਮੇਤ ਬਿਨੈਪੱਤਰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਇਲਾਕੇ ਦੇ ਕਾਰਜਕਾਰੀ ਇੰਜੀਨੀਅਰ ਨੋਡਲ ਅਧਿਕਾਰੀ ਹੋਣਗੇ ਜਿਹੜੇ ਸ਼ੂਟਿੰਗ ਆਦਿ ਦੀ ਨਜ਼ਰਸਾਨੀ ਕਰਨਗੇ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਕਰਨ ਵਾਲੇ ਪ੍ਰੋਡਕਸ਼ਨ ਹਾਊਸ ਵਲੋਂ ਸੁਰੱਖਿਆ ਨਿਯਮਾਂ ਦੀ ਮੁਕੰਮਲ ਪਾਲਣਾ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ ਅਤੇ ਬਿਨ੍ਹਾਂ ਮਨਜੂਰੀ ਤੋਂ ਸ਼ੂਟਿੰਗ ਵਾਲੀ ਸਾਈਟ ’ਤੇ ਲਾਊਡ ਸਪੀਕਰ ਦੀ ਵਰਤੋਂ ’ਤੇ ਮਨਾਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਫਿਲਮਾਂ, ਗੀਤ, ਪ੍ਰੀ-ਵੈਡਿੰਗ ਅਤੇ ਫੋਟੋ ਸ਼ੂਟ ਦੀ ਵੱਖ-ਵੱਖ ਫੀਸ ਨਿਰਧਾਰਿਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਮਰਸ਼ੀਅਲ ਮੰਤਵ ਲਈ ਫਿਲਮ ਜਾਂ ਗੀਤ ਆਦਿ ਦੀ ਸ਼ੂਟਿੰਗ, ਪ੍ਰੀ-ਵੈਡਿੰਗ, ਫੋਟੋ ਸ਼ੂਟ ਆਦਿ ਲਈ ਰੋਜ਼ਾਨਾ ਦੀ ਵੱਖ-ਵੱਖ ਫੀਸ ਦਰ ਨਿਰਧਾਰਤ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly