ਇੱਧਰ ਵੀ ਨੇ ਉਧਰ ਵੀ ਨੇ

ਰਜਿੰਦਰ ਸਿੰਘ ਰਾਜਨ।

(ਸਮਾਜ ਵੀਕਲੀ)

ਮਜ੍ਹਬੀ ਅੰਨ੍ਹੇ ਇੱਧਰ ਵੀ ਨੇ ਉਧਰ ਵੀ ਨੇ।
ਆਕੜ – ਕੰਨੇ ਇੱਧਰ ਵੀ ਨੇ ਉਧਰ ਵੀ ਨੇ ।
ਤੁਰਲੇ ਵਾਲੀਆਂ ਪੱਗਾਂ ਵਾਲੇ ਬੋਹੜਾਂ ਵਰਗੇ,
ਬਾਬੇ ਧੰਨੇ ਇੱਧਰ ਵੀ ਨੇ ਉਧਰ ਵੀ ਨੇ ।
ਢੋਲੇ, ਮਾਹੀਏ, ਗੀਤ, ਸੁਹਾਗਣ ਕਿੱਸੇ ਵਾਰਾਂ,
ਹੀਰੇ ਪੰਨੇ ਇੱਧਰ ਵੀ ਨੇ ਉਧਰ ਵੀ ਨੇ ।
ਰੱਬ ਦੇ ਘਰ, ਮੰਦਰ, ਮਸਜਿਦ ਤੇ ਗੁਰਦੁਆਰੇ,
ਸਮਿਆਂ ਭੰਨੇ ਇੱਧਰ ਵੀ ਨੇ ਉਧਰ ਵੀ ਨੇ ।
ਮਾਂ ਦੇ ਗਹਿਣੇ ਵੇਚ ਵੱਟ ਸਭ ਤੁਰੇ ਵਿਦੇਸ਼ੀਂ,
ਮਾਂ ਦੇ ਨੰਨ੍ਹੇ ਇੱਧਰ ਵੀ ਨੇ ਉਧਰ ਵੀ ਨੇ ।
ਉਰਦੂ, ਹਿੰਦੀ, ਸਿੰਧੀ, ਅਰਬੀ ਪੜ੍ਨੇ ਵਾਲੇ,
ਸਾਂਝੇ ਪੰਨੇ ਇੱਧਰ ਵੀ ਨੇ ਉਧਰ ਵੀ ਨੇ ।
ਲੋਕੀਂ ਸਾਦ ਮੁਰਾਦੇ ਰੱਬੀ ਰੂਹਾਂ ਜੂਹਾਂ,
ਪਿਆਰ ‘ਚ ਗੁੰਨ੍ਹੇ ਇੱਧਰ ਵੀ ਨੇ ਉਧਰ ਵੀ ਨੇ ।
ਮੱਕੀ ਰੋਟੀ, ਮੱਖਣ, ਲੱਸੀ, ਸਾਗ ਸਰੋਂ ਦਾ,
ਛਾਬੇ ਛੰਨੇ ਇੱਧਰ ਵੀ ਨੇ ਉਧਰ ਵੀ ਨੇ ।
ਮਾਖਿਓਂ ਮਿੱਠੀ ਮਿਸਰੀ “ਰਾਜਨ” ਰੂਹ ਪੰਜਾਬੀ,
ਮਿੱਠੇ ਗੰਨੇ ਇੱਧਰ ਵੀ ਨੇ ਉਧਰ ਵੀ ਨੇ ।
ਰਜਿੰਦਰ ਸਿੰਘ ਰਾਜਨ 
ਡੀ ਸੀ ਕੋਠੀ ਰੋਡ ਸੰਗਰੂਰ (ਪੰਜਾਬ) 
9653885032

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਚੁੱਪ ਰਹਿਕੇ ਵੀ
Next articleਵਿਸ਼ਵਾਸ਼ ਹੋ ਰਹੇ ਨੇ ਉਲਟੇ  ਪੁਲਟੇ…..