ਹੈਲੀਕਾਪਟਰ ਹਾਦਸਾ: ਗਰੁੱਪ ਕੈਪਟਨ ਵਰੁਣ ਸਿੰਘ ਨੇ ਦਮ ਤੋੜਿਆ

ਨਵੀਂ ਦਿੱਲੀ (ਸਮਾਜ ਵੀਕਲੀ): ਕੁੰਨੂਰ ਨੇੜੇ ਹੈਲੀਕਾਪਟਰ ਹਾਦਸੇ ’ਚ ਗੰਭੀਰ ਤੌਰ ’ਤੇ ਜ਼ਖ਼ਮੀ ਹੋਏ ਸ਼ੌਰਿਆ ਚੱਕਰ ਜੇਤੂ ਗਰੁੱਪ ਕੈਪਟਨ ਵਰੁਣ ਸਿੰਘ (39) ਦਾ ਅੱਜ ਬੰਗਲੂਰੂ ਦੇ ਫ਼ੌਜੀ ਹਸਪਤਾਲ ’ਚ ਦੇਹਾਂਤ ਹੋ ਗਿਆ। ਹੈਲੀਕਾਪਟਰ ਹਾਦਸੇ ’ਚ ਸੀਡੀਐੱਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਅਤੇ 11 ਹੋਰ ਫ਼ੌਜੀ ਅਧਿਕਾਰੀ ਹਲਾਕ ਹੋ ਗੲੇ ਸਨ। ਸੂਤਰਾਂ ਮੁਤਾਬਕ ਗਰੁੱਪ ਕੈਪਟਨ ਵਰੁਣ ਦੀ ਦੇਹ ਨੂੰ ਭਲਕੇ ਯੇਲਾਹਾਂਕਾ ਤੋਂ ਭੁਪਾਲ ਲਿਜਾਇਆ ਜਾਵੇਗਾ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਸੰਸਕਾਰ ਕੀਤਾ ਜਾ ਸਕਦਾ ਹੈ।

ਭਾਰਤੀ ਹਵਾਈ ਸੈਨਾ ਨੇ ਟਵਿੱਟਰ ’ਤੇ ਕਿਹਾ ਕਿ ‘ਯੋਧਾ’ ਗਰੁੱਪ ਕੈਪਟਨ ਅੱਜ ਸਵੇਰੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ ਹੈ। ਉਸ ਦੇ ਪਰਿਵਾਰ ’ਚ ਪਤਨੀ, 11 ਸਾਲ ਦਾ ਪੁੱਤਰ ਅਤੇ 8 ਸਾਲ ਦੀ ਧੀ ਹੈ। ਉਸ ਦੇ ਪਿਤਾ ਕਰਨਲ (ਸੇਵਾਮੁਕਤ) ਕੇ ਪੀ ਸਿੰਘ ਨੇ ਆਰਮੀ ਏਅਰ ਡਿਫੈਂਸ ’ਚ ਸੇਵਾਵਾਂ ਨਿਭਾਈਆਂ ਸਨ। ਗਰੁੱਪ ਕੈਪਟਨ ਦਾ ਪਰਿਵਾਰ ਮੂਲ ਰੂਪ ਤੋਂ ਯੂਪੀ ਦੇ ਗਾਜ਼ੀਪੁਰ ਤੋਂ ਹੈ ਪਰ ਉਹ ਇਸ ਸਮੇਂ ਭੁਪਾਲ ’ਚ ਰਹਿ ਰਿਹਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਆਗੂਆਂ ਨੇ ਗਰੁੱਪ ਕੈਪਟਨ ਵਰੁਣ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੁੱਪ ਕੈਪਟਨ ਵਰੁਣ ਸਿੰਘ ਵੱਲੋਂ ਦੇਸ਼ ਲਈ ਦਿੱਤੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਰੱਖਿਆ ਮੰਤਰੀ ਨੇ ਗਰੁੱਪ ਕੈਪਟਨ ਨੂੰ ‘ਸੱਚਾ ਯੋਧਾ’ ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਆਖਰੀ ਸਾਹਾਂ ਤੱਕ ਜੰਗ ਲੜੀ।

ਜ਼ਿਕਰਯੋਗ ਹੈ ਕਿ 8 ਦਸੰਬਰ ਨੂੰ ਗਰੁੱਪ ਕੈਪਟਨ ਸਿੰਘ ਨੇ ਜਨਰਲ ਰਾਵਤ ਨੂੰ ਸੁਲੂਰ ਏਅਰਬੇਸ ਤੋਂ ਹੈਲੀਕਾਪਟਰ ’ਚ ਬਿਠਾਇਆ ਸੀ ਅਤੇ ਵੈਲਿੰਗਟਨ ਪਹੁੰਚਣ ਤੋਂ ਪਹਿਲਾਂ ਹੀ ਇਹ ਰਾਹ ’ਚ ਹਾਦਸਾਗ੍ਰਸਤ ਹੋ ਗਿਆ ਸੀ। ਗਰੁੱਪ ਕੈਪਟਨ ਵਰੁਣ ਸਿੰਘ ਨੂੰ ਅਗਸਤ ’ਚ ਸ਼ੌਰਿਆ ਚੱਕਰ ਨਾਲ ਸਨਮਾਨਿਆ ਗਿਆ ਸੀ ਅਤੇ ਇਹ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ ਅਤੇ ਕੀਰਤੀ ਚੱਕਰ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਪੁਰਸਕਾਰ ਹੈ। ਪਿਛਲੇ ਸਾਲ ਅਕਤੂਬਰ ’ਚ ਤੇਜਸ ਦੀ ਉਡਾਣ ਦੌਰਾਨ ਤਕਨੀਕੀ ਨੁਕਸ ਪੈਣ ਤੋਂ ਬਾਅਦ ਉਸ ਨੇ ਬਹਾਦਰੀ ਦਿਖਾਉਂਦਿਆਂ ਜੈੱਟ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਸੀ ਜਿਸ ਕਰਕੇ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਸ਼ੌਰਿਆ ਚੱਕਰ ਨਾਲ ਨਿਵਾਜਿਆ ਗਿਆ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸ਼ਿਆਂ ਦਾ ਮਾਮਲਾ: ਪੰਜਾਬ ਸਰਕਾਰ ਹੋਰ ਮੁਸ਼ਕਲ ’ਚ, ਚੀਮਾ ਵੀ ਪਿੱਛੇ ਹਟੇ
Next articleਮਿਸ਼ਰਾ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ