ਉੱਤਰਾਖੰਡ ਵਿਚ ਜ਼ੋਰਦਾਰ ਮੀਂਹ ਨਾਲ 42 ਹੋਰ ਮੌਤਾਂ

ਦੇਹਰਾਦੂਨ/ਨੈਨੀਤਾਲ (ਸਮਾਜ ਵੀਕਲੀ):  ਉੱਤਰਾਖੰਡ ਵਿਚ ਲਗਾਤਾਰ ਜ਼ੋਰਦਾਰ ਬਾਰਿਸ਼ ਹੋ ਰਹੀ ਹੈ ਤੇ ਹੁਣ ਤੱਕ ਕੁੱਲ 47 ਮੌਤਾਂ ਹੋ ਚੁੱਕੀਆਂ ਹਨ। ਮੰਗਲਵਾਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ 42 ਮੌਤਾਂ ਹੋਈਆਂ ਹਨ। ਕੁਮਾਓਂ ਖੇਤਰ ਵਿਚ ਜ਼ਿਆਦਾ ਮੀਂਹ ਪਿਆ ਹੈ ਤੇ ਇਲਾਕੇ ਵਿਚ ਕਈ ਥਾਈਂ ਘਰ ਢਹਿ-ਢੇਰੀ ਹੋ ਗਏ ਹਨ। ਕਈ ਲੋਕ ਮਲਬੇ ਵਿਚ ਫਸੇ ਹੋਏ ਹਨ। ਨੈਨੀਤਾਲ ਦਾ ਸੰਪਰਕ ਪੂਰੇ ਸੂਬੇ ਨਾਲੋਂ ਟੁੱਟ ਗਿਆ ਹੈ। ਇਸ ਮਸ਼ਹੂਰ ਸੈਰਗਾਹ ਨੂੰ ਜਾਂਦੇ ਸਾਰੇ ਮਾਰਗ ਢਿੱਗਾਂ ਡਿਗਣ ਕਾਰਨ ਬੰਦ ਹੋ ਗਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਬੱਦਲ ਫਟਣ ਤੇ ਜ਼ਮੀਨ ਖ਼ਿਸਕਣ ਕਾਰਨ ਕਈ ਲੋਕਾਂ ਦੇ ਮਲਬੇ ਵਿਚ ਦੱਬੇ ਹੋਣ ਦਾ ਖ਼ਦਸ਼ਾ ਹੈ। ਮੁੱਖ ਮੰਤਰੀ ਧਾਮੀ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਫ਼ੌਜ ਦੇ ਤਿੰਨ ਹੈਲੀਕੌਪਟਰ ਸੂਬੇ ਵਿਚ ਰਾਹਤ ਤੇ ਬਚਾਅ ਕਾਰਜਾਂ ਲਈ ਲਾਏ ਗਏ ਹਨ। ਇਨ੍ਹਾਂ ਵਿਚੋਂ ਦੋ ਨੂੰ ਨੈਨੀਤਾਲ ਭੇਜਿਆ ਗਿਆ ਹੈ ਜਿੱਥੇ ਜ਼ੋਰਦਾਰ ਮੀਂਹ ਨੇ ਵੱਡਾ ਨੁਕਸਾਨ ਕੀਤਾ ਹੈ। ਨੈਨੀਤਾਲ ਦਾ ਮਾਲ ਰੋਡ ਤੇ ਨੈਨੀ ਝੀਲ ਦੇ ਕੰਢੇ ਸਥਿਤ ਨੈਨਾ ਦੇਵੀ ਮੰਦਰ ਵੀ ਪਾਣੀ ਵਿਚ ਡੁੱਬੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਿਚ ਫਸੇ ਸੈਲਾਨੀਆਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਨੇ ਮੌਸਮ ਠੀਕ ਹੋਣ ਤੱਕ ਸੈਲਾਨੀਆਂ ਨੂੰ ਰੁਕਣ ਲਈ ਕਿਹਾ ਹੈ। ਸ਼ਹਿਰ ਤੋਂ ਬਾਹਰ ਜਾਂਦੇ ਸਾਰੇ ਰਾਸਤੇ ਬੰਦ ਹਨ। ਰਾਮਨਗਰ-ਰਾਣੀਖੇਤ ਰੂਟ ’ਤੇ ਇਕ ਰਿਜ਼ੌਰਟ ਵਿਚ 100  ਲੋਕ ਫਸੇ ਹੋਏ ਹਨ ਜਿੱਥੇ ਕੋਸੀ ਨਦੀ ਦਾ ਪਾਣੀ ਹੋਟਲ ਦੇ ਅੰਦਰ ਦਾਖਲ ਹੋ ਗਿਆ ਹੈ। ਨੈਨੀਤਾਲ ਸ਼ਹਿਰ ਦੀ ਬਿਜਲੀ, ਟੈਲੀਕਾਮ ਤੇ ਇੰਟਰਨੈੱਟ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਕ ਹੈਲੀਕੌਪਟਰ ਨੂੰ ਗੜ੍ਹਵਾਲ ਭੇਜਿਆ ਗਿਆ ਹੈ। ਸੂਬੇ ਦੇ ਹੰਗਾਮੀ ਅਪਰੇਸ਼ਨ ਕੇਂਦਰ ਮੁਤਾਬਕ ਸੱਤ ਲੋਕ ਮੰਗਲਵਾਰ ਤੜਕੇ ਮਾਰੇ ਗਏ ਹਨ।

ਨੈਨੀਤਾਲ ਜ਼ਿਲ੍ਹੇ ਦੇ ਮੁਕਤੇਸ਼ਵਰ ਤੇ ਖ਼ੈਰਨਾ ਇਲਾਕਿਆਂ ਵਿਚ ਜ਼ੋਰਦਾਰ ਮੀਂਹ ਕਾਰਨ ਘਰ ਢਹਿ-ਢੇਰੀ ਹੋ ਗਏ ਤੇ ਲੋਕਾਂ ਦੀ ਮੌਤ ਹੋ ਗਈ। ਊਧਮ ਸਿੰਘ ਨਗਰ ਜ਼ਿਲ੍ਹੇ ਵਿਚ ਇਕ ਵਿਅਕਤੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਅਲਮੋੜਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਚਾਰ ਜਣੇ ਮਲਬੇ ਵਿਚ ਫਸ ਗਏ ਤੇ ਉਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਜੋਸ਼ੀਮੱਠ ਤੇ ਚਮੇਲੀ ਜ਼ਿਲ੍ਹਿਆਂ ਵਿਚ ਵੀ ਜ਼ਮੀਨ ਖ਼ਿਸਕਣ ਕਾਰਨ ਲੋਕ ਫਸੇ ਹੋਏ ਹਨ। ਮੁੱਖ ਮੰਤਰੀ ਨੇ ਚਾਰਧਾਮ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੱਥੇ ਹਨ ਉੱਥੇ ਹੀ ਰੁਕੇ ਰਹਿਣ ਤੇ ਆਪਣੀ ਯਾਤਰਾ ਮੁੜ ਸ਼ੁਰੂ ਨਾ ਕਰਨ ਜਦ ਤੱਕ ਮੌਸਮ ਠੀਕ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਧਾਮੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਹੰਗ ਆਗੂ ਨੇ ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਦੀ ਗੱਲ ਕਬੂਲੀ
Next articleਕੇਰਲਾ ਦੇ 11 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ