ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਭਾਰੀ ਬਾਰਿਸ਼ ਨੇ ਜਿੱਥੇ ਤਬਾਹੀ ਮਚਾਈ ਹੋਈ ਹੈ। ਉਥੇ ਹੀ ਮੰਗਲਵਾਰ ਨੂੰ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਚੱਲਦੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਡਰੇਨਿੰਗ ਸਿਸਟਮ ਫੇਲ੍ਹ ਹੋਣ ਕਾਰਣ ਰੇਲ ਕੋਚ ਫੈਕਟਰੀ ਦੀ ਰਿਹਾਇਸ਼ੀ ਕਲੌਨੀ ਵਿੱਚ ਪਾਣੀ ਭਰ ਗਿਆ। ਜਿਸ ਕਾਰਣ ਰੇਲਵੇ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰ ਨੂੰ ਜਿੱਥੇ ਭਾਰੀ ਪਰੇਸ਼ਾਨੀ ਝੱਲਣੀ ਪਈ। ਉਥੇ ਹੀ ਉਹਨਾਂ ਦੇ ਕੁਆਰਟਰਾਂ ਵਿਚ ਪਿਆ ਸਮਾਨ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਤੋਂ ਸਰਵਜੀਤ ਸਿੰਘ,ਅਮਰੀਕ ਸਿੰਘ, ਮਨਜੀਤ ਸਿੰਘ ਬਾਜਵਾ,ਅਮਰੀਕ ਸਿੰਘ ਗਿੱਲ ,ਭਰਤ ਰਾਜ, ਹਰਵਿੰਦਰ ਪਾਲ ਸਿੰਘ ,ਜਸਪਾਲ ਸਿੰਘ ਸੇਖੋਂ,ਪ੍ਰਦੀਪ ਕੁਮਾਰ, ਬਚਿੱਤਰ ਸਿੰਘ ਨਰਿੰਦਰ ਕੁਮਾਰ, ਤਿਰਲੋਚਨ ਸਿੰਘ ਜਗਤਾਰ ਸਿੰਘ ਆਦਿ ਰੇਲ ਕਰਮਚਾਰੀਆਂ ਨੇ ਦੱਸਿਆ ਕਿ ਭਾਰੀ ਬਾਰਿਸ਼ ਦੇ ਚੱਲਦੇ ਰੇਲ ਕੋਚ ਫੈਕਟਰੀ ਦਾ ਪਾਣੀ ਜੋ ਡਰੇਨਿੰਗ ਸਿਸਟਮ ਪੁਰਾਣਾ ਹੋਣ ਕਾਰਣ ਤੇ ਜਿਆਦਾ ਪਾਣੀ ਹੋਣ ਕਾਰਨ ਉਸ ਨੂੰ ਅੱਗੇ ਡਰੇਨ ਨਹੀਂ ਕਰ ਸਕਿਆ ਤੇ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ। ਜਿਸਦੇ ਚਲਦੇ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ -3 ਦੇ ਨਾਲ ਲੱਗਦੀ ਟਾਈਪ -1 ਦੀ ਰੇਲਵੇ ਕਰਮਚਾਰੀ ਰਿਹਾਇਸ਼ੀ ਕਲੋਨੀ ਦੇ ਲਗਭਗ 4 ਬਲਾਕਾਂ ਦੇ ਕੁਆਰਟਰਾਂ ਵਿੱਚ ਭਾਰੀ ਮਾਤਰਾ ਵਿੱਚ ਬਾਰਿਸ਼ ਦਾ ਪਾਣੀ 4-5 ਫੁੱਟ ਜਮ੍ਹਾਂ ਹੋ ਕੇ ਅੰਦਰ ਕਲੋਨੀ ਦੇ ਕਮਰਿਆਂ ਵਿੱਚ ਵੜ ਗਿਆ । ਜਿਸ ਨਾਲ ਜਿੱਥੇ ਰੇਲਵੇ ਕਰਮਚਾਰੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਭਾਰੀ ਪਰੇਸ਼ਾਨੀ ਹੋਈ। ਉੱਥੇ ਹੀ ਉਹਨਾਂ ਦਾ ਕੀਮਤੀ ਸਮਾਨ ਪੂਰੀ ਤਰ੍ਹਾਂ ਖਰਾਬ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਜਿੱਥੇ ਰੇਲਵੇ ਕਰਮਚਾਰੀ ਆਪਣੇ ਤੌਰ ਤੇ ਇਸ ਬਾਰਿਸ਼ ਦੇ ਪਾਣੀ ਨੂੰ ਆਪਣੇ ਘਰਾਂ ਵਿੱਚੋਂ ਕੱਢਣ ਦੇ ਯਤਨ ਕਰ ਰਹੇ ਸਨ। ਉਥੇ ਹੀ ਇਸ ਦੇ ਨਾਲ ਹੀ ਪ੍ਰਭਾਵਿਤ ਰੇਲਵੇ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਲਈ ਇੰਪਲਾਈਜ ਯੂਨੀਅਨ ਦੁਆਰਾ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਭਾਰੀ ਬਾਰਿਸ਼ ਨਾਲ ਰੇਲਵੇ ਦੀ ਇਸ ਰਿਹਾਇਸ਼ੀ ਕਲੋਨੀ ਦੀਆਂ ਕਈ ਛੱਤਾਂ ਪੁਰਾਣੀਆਂ ਹੋਣ ਕਾਰਣ ਚੋਅ ਰਹੀਆਂ ਸਨ।ਉਧੱਰ ਰੇਲ ਕੋਚ ਫੈਕਟਰੀ ਪ੍ਰਸ਼ਾਸਨ ਵੱਲੋਂ ਕੁਆਰਟਰਾਂ ਵਿਚ ਪਾਣੀ ਭਰਣ ਕਾਰਣ ਰੇਲਵੇ ਕਰਮਚਾਰੀਆਂ ਦੀ ਸਰੁੱਖਿਆ, ਬਿਜਲੀ, ਸਿਹਤ ਸਹੂਲਤਾਂ ਆਦਿ ਲਈ ਤੇ ਐਮਰਜੈਂਸੀ ਸੇਵਾਵਾਂ ਲਈ 98711-01219, 80592-92453 ਨੰਬਰ ਜਾਰੀ ਕੀਤੇ ਗਏ ਹਨ।ਰੇਲਵੇ ਕਰਮਚਾਰੀਆਂ ਨੇ ਰੇਲਵੇ ਬੋਰਡ ਤੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫੈਕਟਰੀ ਦੇ ਡਰੇਨ ਸਿਸਟਮ ਨੂੰ ਨਵੀਂ ਤਕਨਾਲੋਜੀ ਨਾਲ ਵਿਕਸਿਤ ਕੀਤਾ ਜਾਵੇ ਤਾਂ ਕਿ ਇਸ ਸਮੱਸਿਆ ਤੋਂ ਭਵਿੱਖ ਵਿੱਚ ਰੇਲਵੇ ਕਰਮਚਾਰੀਆਂ ਨੂੰ ਨਿਜ਼ਾਤ ਮਿਲ ਸਕੇ।
ਭਾਰੀ ਬਾਰਿਸ਼ ਕਾਰਣ ਰੇਲ ਕੋਚ ਫੈਕਟਰੀ ਦਾ ਡ੍ਰੇਨੇਜ ਸਿਸਟਮ ਹੋਇਆ ਫੇਲ੍ਹ , ਰੇਲਵੇ ਕਲੋਨੀ ਦੇ ਕੁਆਰਟਰਾਂ ਵਿਚ 4 ਤੋਂ 5 ਫੁੱਟ ਭਰਿਆ ਪਾਣੀ
ਕੀਮਤੀ ਸਮਾਨ ਦਾ ਹੋਇਆ ਨੁਕਸਾਨ , ਰੇਲਵੇ ਪ੍ਰਸ਼ਾਸਨ ਨੇ ਕੀਤੇ ਐਮਰਜੈਂਸੀ ਨੰਬਰ ਜਾਰੀ
ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਕੀਤੀ ਰੇਲਵੇ ਬੋਰਡ ਤੋਂ ਨਵੀਂ ਤਕਨਾਲੋਜੀ ਦਾ ਡਰੇਨ ਸਿਸਟਮ ਲਗਾਉਣ ਦੀ ਮੰਗ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



