ਸਮਾਜ ਵੀਕਲੀ ਯੂ ਕੇ-
ਕਿਹੜੇ ਸਵਰਗ
ਦੀ ਗੱਲ ਕਰਦਾ ਏਂ?
ਅਸੀਂ ਸਵਰਗੋਂ
ਲੈਣਾ ਕੀ?
ਪਿੰਡੋਂ ਬਾਹਰ ਕਿਸੇ
ਗੰਦੀ ਬਸਤੀ ਵਿੱਚ
ਪਿੱਠ ਤੇ ਝਾੜੂ, ਮੂੰਹ ਤੇ ਕੁੱਜਾ
ਬੰਨ੍ਹ ਕੇ ਫਿਰ ਅਸੀਂ ਰਹਿਣਾ ਨਹੀਂ।
ਜਿਸ ਸਵਰਗ ‘ਚ
ਅਸੀਂ ਪੜ੍ਹ ਨਾ ਸਕੀਏ
ਹੱਕਾਂ ਦੇ ਲਈ ਲੜ ਨਾ ਸਕੀਏ
ਜਿੱਥੇ ਸਾਡੀ ਭਿੱਟਿਆ ਚੜ੍ਹਜੇ
ਕਤਲ ਹੋਣ ਜੇ ਕੋਈ ਘੋੜੀ ਚੜ੍ਹਜੇ
ਹੁਣ ਕਲੰਕ ਜਾਤ ਦਾ ਸਹਿਣਾ ਨਹੀਂ
ਪਿੱਠ ਤੇ ਝਾੜੂ ਮੂੰਹ ਤੇ ਕੁੱਜਾ
ਬੰਨ੍ਹ ਕੇ ਫਿਰ ਅਸੀਂ ਰਹਿਣਾ ਨਹੀਂ।
ਸਵਰਗ ਸਵੁਰਗ ਦਾ
ਦੇ ਕੇ ਲਾਲਚ
ਸਾਨੂੰ ਹੋਰ ਵਰਗਲਾ ਨਹੀਂ ਹੋਣਾ
ਗਧੀ ਗੇੜੇ ਪਾ ਨਹੀਂ ਹੋਣਾ
ਦੀਵਾ ਬਲ਼ਿਆ ਇਹ ਕ੍ਰਾਂਤੀ ਜੋ
ਹੁਣ ਕਿਸੇ ਤੋਂ ਬੁਝਾ ਹੋਣਾ ਨਹੀਂ
ਪਿੱਠ ਤੇ ਝਾੜੂ ਮੂੰਹ ਤੇ ਕੁੱਜਾ
ਬੰਨ੍ਹ ਕੇ ਫਿਰ ਅਸੀਂ ਰਹਿਣਾ ਨਹੀਂ।
ਜੇ ਸਵਰਗ ਦੀ ਤੈਨੂੰ ਚਾਹ
ਛੱਡਕੇ ਸੰਸਦ ਮੰਦਰ ਬਹਿ ਜਾ
ਬਾਬਾ ਸਾਹਿਬ ਦੀ ਨੇਕ ਕਮਾਈ
ਤੇ ਪਰਦਾ ਪਾਇਆ ਜਾਣਾ ਨਹੀਂ
ਤੁਹਾਡਾ ਰੱਬ ਚਾਹੇ ਖੁਦ ਆ ਜਾਵੇ
ਗੱਲਾਂ ਵਿੱਚ ‘ਆਸ਼ੂ’ ਹੁਣ ਆਉਣਾ ਨਹੀਂ
ਪਿੱਠ ਤੇ ਝਾੜੂ ਮੂੰਹ ਤੇ ਕੁੱਜਾ
ਬੰਨ੍ਹ ਕੇ ਫਿਰ ਅਸੀਂ ਰਹਿਣਾ ਨਹੀਂ।
ਅਸਲੇਸ਼ ਕੁਮਾਰ, ਪੁਲਿਸ ਅਫਸਰ, ਨਿਊਜ਼ੀਲੈਂਡ
https://velivada.com/2015/03/06/india-and-untouchables/