ਹੱਡਬੀਤੀ ਯਾਦ :  ਸਕੂਲ ਕੰਟੀਨ ਦੀ ਗੁੱਗਨੀ 

ਸ਼ਿੰਦਾ ਬਾਈ
 (ਸਮਾਜ ਵੀਕਲੀ)-ਪੰਦਰਾਂ ਸੋਲ਼ਾਂ ਸਾਲ ਪਹਿਲਾਂ ਦੀ ਯਾਦ ਹੈ। ਮੈਂ ਓਦੋਂ ਬਾਹਰਵੀਂ ਵਿੱਚ ਸਾਂ। ਕੇਂਦ੍ਰੀਆ ਵਿਦਿਆਲਾ ਫੋਰਟ ਵਿਲੀਅਮ, ਕੋਲਕਾਤਾ। 
ਆਰਟਸ ਦੀ ਸਾਡੀ ਕਲਾਸ। ਸਕੂਲ ਵਿੱਚ ਅਸੀਂ ਸਾਰੇ ਸੀਨੀਅਰਾਂ ਵਿੱਚ ਸ਼ੁਮਾਰ। ਸ਼ਰਾਰਤਾਂ ਵਿੱਚ, ਖੇਡਾਂ ਵਿੱਚ ਤੇ ਹੋਰਨਾਂ ਗਤੀਵਿਧੀਆਂ ਵਿੱਚ ਵੀ ਮੋਹਰੀ। ਅਠਾਰਾਂ ਕੁ ਮੁੰਡੇ ਤੇ ਵੀਹ-ਬਾਈ ਕੁੜੀਆਂ,ਕੁੱਲ ਚਾਲ਼ੀ ਕੁ ਬੱਚਿਆਂ ਦੀ ਕਲਾਸ। ਇਹ ਅੰਤਾਖ਼ਰੀ (ਅੰਤਾਕਸ਼ਰੀ) ਖੇਡਣ ਗਾਉਣ ਦਾ ਸ਼ੌਂਕ ਵੀ ਉਨ੍ਹਾਂ ਦੋ ਸਾਲਾਂ ਦੇ ਸਵਰਣ ਯੁੱਗ ਦੀ ਦੇਨ ਐ।
 ਸਾਡਾ ਇੱਕ ਸਾਥੀ ਅਮਰਜੀਤ ਸਿੰਘ ਗੁਪਤਾ, ਪਾਕਿਸਤਾਨ ਤੋਂ ਆ ਕੇ ਇਨ੍ਹਾਂ ਦਾ ਪਰਿਵਾਰ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਵੱਸ ਗਿਆ ਸੀ। ਪਿਤਾ ਜੀ ਉਸਦੇ ਏਅਰ ਫੋਰਸ ਵਿੱਚ ਸਨ ,ਸਾਡੀ ਅੰਤਾਖ਼ਰੀ ਟੀਮ ਦਾ ਮੋਢੀ, ਕਿਸ਼ੋਰ ਕੁਮਾਰ ਦੇ ਗੀਤਾਂ ਦਾ ਆਸ਼ਕ। ਇੱਕ ਪਾਸੇ ਅਸੀਂ ਮੁੰਡੇ ਤੇ ਦੂਜੇ ਪਾਸੇ ਦੀ ਟੀਮ ਕੁੜੀਆਂ ਦੀ , ਉਨ੍ਹਾਂ ਦੀ ਟੀਮ ਕਪਤਾਨ ਭਰਤਪੁਰ , ਰਾਜਸਥਾਨ ਦੀ ਵਸੁੰਧਰਾ ਚਤੁਰਵੇਦੀ।ਜਿੱਦਣ ਵੀ ਕੋਈ ਵੀ ਪੀਰਿਯਡ ਖ਼ਾਲੀ ਮਿਲ਼ ਜਾਂਦਾ, ਸਾਡਾ ਮੁਕਾਬਲਾ ਸ਼ੁਰੂ ਹੋ ਜਾਂਦਾ। ਹਾਰਨ ਵਾਲ਼ੀ ਟੀਮ ਨੂੰ ਦੇਣੀ ਪੈਂਦੀ ਸੀ ਦੂਜੀ ਟੀਮ ਨੂੰ ਫੀਸਟ, ਗੁੱਗਨੀ ਦੀ। ਖ਼ਰਚਾ ਹਾਰਨ ਵਾਲ਼ੀ ਟੀਮ ਕਰਦੀ ਤੇ ਸਾਰੇ ਰਲ਼ ਮਿਲ਼ ਕੇ ਖਾਂਦੇ। ਇੱਕ ਸਾਡੀ ਹਿੰਦੀ ਦੀ ਮੈਡਮ ਜੀ ਸੀ,ਮੈਡਮ ਬਿਜੋ ਰਾਨੀ ਪਾਲ । ਉਹ ਵੀ ਬੜੀ ਸ਼ੁਕੀਨ ਸੀ ਹਿੰਦੀ ਗਾਣਿਆਂ ਦੀ।ਅਕਸਰ ਬਾਹਰਵੀਂ ਦੇ ਆਖ਼ਰੀ ਦਿਨਾਂ ਵਿੱਚ ਉਹ ਵੀ ਸਾਡੀ ਖੇਡ ਵਿੱਚ ਸ਼ਾਮਲ ਹੋ ਜਾਦੀ। ਬੜੇ ਤੀਆਂ ਵਾਂਗ ਲੰਘੇ ਸਨ ਉਹ ਦਿਨ ਜਿੰਦਗੀ ਦੇ।
ਗੁੱਗਨੀ ਕੋਲਕਾਤਾ ਵੱਲ ਦਾ ਇੱਕ ਮਨਭਾਉਂਦਾ ਵਿਅੰਜਨ ਐ, ਉਬਾਲੇ ਹੋਏ ਮਟਰਾਂ ਵਿੱਚ ਮੁਰਮੁਰੇ, ਪਿਆਜ਼, ਟਮਾਟਰ,ਖੀਰਾ,ਨਿੰਬੂ ਅਤੇ ਚਾਟ ਮਸਾਲਾ ਆਦਿਕ ਮਿਲ਼ਾ ਕੇ ਬਣਾਈ ਗਈ ਚਾਟ ਦੀ ਪਲੇਟ।ਅਕਸਰ ਹੀ ਅਸੀਂ ਜਿੱਤ ਕੇ ਕੁੜੀਆਂ ਤੋਂ ਗੁੱਗਨੀ ਦੀ ਪਾਰਟੀ ਖਾਂਦੇ ਅਤੇ ਕਦੇ ਕਦੇ ਜਾਣ ਬੁੱਝ ਕੇ ਹਾਰਕੇ ਉਨ੍ਹਾਂ ਨੂੰ ਗੁੱਗਨੀ ਖੁਆ ਕੇ ਖੁਸ਼ ਹੁੰਦੇ। ਬੜੇ ਹੀ ਸੁਹਾਨੇ ਦਿਨ ਸਨ। ਅਸੀਂ ਸਾਰੇ ਮਿੱਤਰ ਅੱਜ ਵੀ ਉਸ ਦੌਰ ਨੂੰ ਆਪਣੇ ਜੀਵਨ ਦਾ ਸਰਵਣ ਯੁੱਗ ਕਹਿੰਦੇ ਹਾਂ। ਫ਼ਿਕਰ ਨ ਫ਼ਾਕਾ ਅੱਲ੍ਹਾ ਮੀਆਂ ਨਾਲ਼ ਨਾਤਾ।
ਸ਼ਿੰਦਾ ਬਾਈ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤਾਂ
Next articleਸੱਚੇ ਲੋਕ ਦੁਨੀਆਂ ਵਿੱਚ ਨਫ਼ਰਤ ਦਾ ਵੱਧ ਸ਼ਿਕਾਰ ਹੁੰਦੇ ਹਨ?