ਪੱਥਰਾਂ ਦਾ ਦਿਲ

ਦਿਲਪ੍ਰੀਤ ਕੌਰ ਗੁਰੀ
ਦਿਲਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ) ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੋਈਆਂ ਤਾਂ ਰੂਪ ਨੇ ਇਸ ਵਾਰ ਘਰ ਕਹਿ ਹੀ ਦਿੱਤਾ ਕਿ ਹਰ ਵਾਰ ਬੱਚੇ ਆਪਣੇ ਨਾਨਕਿਆਂ ’ਤੇ ਹੀ ਜਾਂਦੇ ਹਨ ਪਰ ਇਸ ਵਾਰ ਬੱਚਿਆਂ ਨੂੰ ਕਿਸੇ ਹਿੱਲ ਸਟੇਸ਼ਨ ਜ਼ਰੂਰ ਲੈ ਕੇ ਜਾਣਾ। ਰੂਪ ਨੇ ਫਿਰ ਆਪਣੀ ਗੱਲ ਨੂੰ ਸਖ਼ਤੀ ਨਾਲ ਆਪਣੇ ਪਤੀ ਨੂੰ ਦੁਹਰਾ ਕੇ ਕਿਹਾ, “ਦੇਖੋ ਮੈਂ ਗੰਭੀਰਤਾ ਨਾਲ ਕਹਿ ਰਹੀ ਹਾਂ, ਤੁਸੀਂ ਬਹਾਨਾ ਜਿਹਾ ਨਾ ਮਾਰੋ।”
ਜਦ ਪਤੀ ਨੇ ਗੱਲ ਨਾ ਸੁਣੀ ਤਾਂ ਫੋਨ ਚੁੱਕ ਭਰਾ ਨੂੰ ਕਾੱਲ ਲਾ ਲਈ। “ਵੀਰੇ, ਛੁੱਟੀਆਂ ਤਾਂ ਜਵਾਕਾਂ ਨੂੰ ਹੋ ਗਈਆਂ ਹਨ ਤੁਹਾਡੇ ਕੋਲ ਆਉਣਾ ਵੀ ਹੈ ਪਰ ਬੱਚੇ ਹਰ ਵਾਰ ਬਾਹਰ ਕਿਸੇ ਪਹਾੜੀ ਇਲਾਕੇ ’ਚ ਘੁੰਮਣ ਦੀ ਜ਼ਿੱਦ ਕਰਦੇ ਹਨ, ਮੈਂ ਇਸ ਵਾਰ ਤੁਹਾਡੇ ਭਾ ਜੀ ਨੂੰ ਕਹਿ ਰਹੀ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਾਡੀ ਗੱਲ ਮੰਨੇਗਾ। ਬੱਚੇ ਜਦ ਛੁੱਟੀਆਂ ਤੋਂ ਬਾਅਦ ਸਕੂਲ ਜਾਂਦੇ ਹਨ ਤਾਂ ਸਾਰੇ ਬੱਚੇ ਦੱਸਦੇ ਨੇ ਅਸੀਂ ਛੁੱਟੀਆਂ ’ਚ ਇੱਥੇ ਗਏ, ਉੱਥੇ ਗਏ। ਬੱਚੇ ਕਹਿੰਦੇ ਹਨ ਕਿ ਅਸੀਂ ਕੀ ਕਹੀਏ? ਨਾਨੀ ਹਾਊਸ ਗਏ ਸੀ। ਮੈਨੂੰ ਇਹ ਦੱਸ, ਜੇ ਤੇਰੇ ਕੋਲ ਆਈਏ ਤਾਂ ਲੈ ਜਾਏਂਗਾ ਤੇ ਜੇ ਪਲਾਨ ਬਣ ਗਿਆ ਤਾਂ ਤੇਰਾ ਜੀਜਾ ਵੀ ਨਾਲ ਤੁਰ ਹੀ ਪਊ, ਮੈਨੂੰ ਪਤਾ ਉਸਨੂੰ ਇਹ ਹੀ ਫ਼ਿਕਰ ਰਹਿਣਾ, ਉੱਥੇ ਕੋਈ ਜਵਾਕ ਸੱਟ-ਫੇਟ ਨਾ ਲਵਾ ਲਵੇ।” ਅੱਗੋਂ ਭਰਾ ਨੇ ਜਦ ਹਾਂ ਕਹੀ ਤਾਂ ਰੂਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਘਰ ਗੱਲ ਕੀਤੀ ਤਾਂ ਪਤੀ (ਰਾਜ) ਵੀ ਮੰਨ ਗਿਆ ਕਿ ਚਲੋ ਜੇ ਵੀਰਾ ਵੀ ਫੈਮਿਲੀ ਨਾਲ ਜਾਂਦਾ ਤਾਂ ਚੱਲ ਆਉਂਦੇ ਹਾਂ। 2 ਦਿਨ ਬਾਅਦ ਹੀ ਤਿਆਰੀ ਹੋ ਗਈ। ਰੂਪ ਕੁਦਰਤ ਨਾਲ ਸ਼ੁਰੂ ਤੋਂ ਜੁੜੀ ਹੋਈ ਹੋਣ ਕਰਕੇ ਬੱਚਿਆਂ ਤੋਂ ਜ਼ਿਆਦਾ ਉਤਸ਼ਾਹਿਤ ਸੀ। ਜਿਵੇਂ-ਜਿਵੇਂ ਸਫ਼ਰ ਅੱਗੇ ਵੱਧ ਰਿਹਾ ਸੀ। ਰੁਮਾਂਚਕਤਾ ਵੀ ਵੱਧ ਰਹੀ ਸੀ। ਰੂਪ ਵੀ ਕਾਫ਼ੀ ਖੁਸ਼ ਹੋ ਰਹੀ ਸੀ। ਦੋ ਦਿਨ ਖ਼ੂਬਸੂਰਤ ਵਾਦੀਆਂ ਨੂੰ ਦੇਖਣ ਤੋਂ ਬਾਅਦ ਰੂਪ ਤੇ ਪਰਿਵਾਰ  ਨੂੰ ਵਾਪਸੀ ਹੋਰ ਰਸਤੇ ਤੋਂ ਕਰਨ ਦਾ ਫ਼ੈਸਲਾ ਕੀਤਾ।  ਵਾਪਸੀ ਕਰਦਿਆਂ ਰੂਪ ਨੂੰ ਮੈਕਲੋਡਗੰਜ ਦੀ ਵਾਟਰ ਫਾਲ ਦਾ ਨਜ਼ਾਰਾ ਵਾਰ-ਵਾਰ ਯਾਦ ਆ ਰਿਹਾ ਸੀ। ਰੂਪ ਸੋਚਦੀ, ਇਹ ਪਹਾੜਾਂ ਦੀ ਉਚਾਈ ’ਤੇ ਪਈ ਬਰਫ਼ ਕਾਰਨ ਹੀ ਇਹ ਪਿਘਲ ਕੇ ਪਾਣੀ ਪ੍ਰਾਪਤ ਹੋਇਆ। ਪਹਾੜਾਂ ਤੋਂ ਡਿੱਗਦਾ ਪਾਣੀ ਕਿੰਨਾ ਖ਼ੂਬਸੂਰਤ ਲੱਗਦਾ, ਜੋ ਇੱਕ ਸੈਨਾਨੀ ਸਥਾਨ ਬਣ ਗਿਆ। ਫਿਰ ਇਹ ਪਾਣੀ ਝਰਨੇ ਤੋਂ ਨਦੀ ਤੇ ਨਦੀ ਤੋਂ ਡੈਮ ਤੇ ਨਹਿਰਾਂ ਬਣ ਖੇਤਾਂ ਦਾ ਸ਼ਿੰਗਾਰ ਬਣਿਆ। ਸਾਫ਼ ਹੋ ਕੇ ਪਾਣੀ ਪੀਣ ਲਈ ਵਰਤਿਆ ਤੇ ਸਾਡਾ ਜੀਵਨ ਆਧਾਰ ਬਣਿਆ। ਇਸ ਪਾਣੀ ਕਾਰਨ ਹੀ ਬਨਸਪਤੀ ਪ੍ਰਫੁੱਲਿਤ ਹੋਈ ਤੇ ਉਸਨੇ ਸਾਨੂੰ ਆਕਸੀਜ਼ਨ ਬਖਸ਼ੀ, ਜਿਸਨੇ ਸਾਹ ਚੱਲਦੇ ਰੱਖੇ। ਇਹ ਪਹਾੜਾਂ ਦਾ ਕਿੰਨਾ ਵੱਡਾ ਯੋਗਦਾਨ ਹੈ ਸਾਰੀ ਜ਼ਿੰਦਗੀ ਵਿੱਚ। ਰੂਪ ਅਜੇ ਇਹ ਸੋਚ ਹੀ ਰਹੀ ਸੀ ਕਿ ਗੱਡੀ ਦੀ ਬਹੁਤ ਜ਼ੋਰ ਦੀ ਬਰੇਕ ਲੱਗਣ ਕਾਰਨ ਰੂਪ ਨੂੰ ਝਟਕਾ ਲੱਗਾ ਤੇ ਉਹ ਸੋਚਾਂ ਤੋਂ ਬਾਹਰ ਆਈ। ਪਹਾੜੀ ਤੋਂ ਇੱਕ ਪੱਥਰ ਡਿੱਗ ਕੇ ਗੱਡੀ ਅੱਗੇ ਆ ਡਿੱਗਿਆ ਸੀ, ਜਿਸ ਕਾਰਨ ਗੱਡੀ ਰੁੱਕ ਗਈ।
ਪੱਥਰ ਕੁੱਝ ਵੱਡਾ ਹੋਣ ਕਾਰਨ ਰਸਤਾ ਸਾਫ਼ ਹੋਣ ’ਤੇ ਸਮਾਂ ਲੱਗਣਾ ਸੀ। ਇਸ ਲਈ ਸਾਰਾ ਪਰਿਵਾਰ ਗੱਡੀ ਤੋਂ ਬਾਹਰ ਆ ਗਿਆ। ਸਾਰੇ ਆਪਣੇ-ਆਪਣੇ ਹਿਸਾਬ ਨਾਲ ਕੁਦਰਤ ਦੀ ਖ਼ੂਬਸੂਰਤੀ ਨੂੰ ਨਿਹਾਰ ਰਹੇ ਸਨ। ਬੇਸ਼ੱਕ ਕੁੱਝ ਪ੍ਰੇਸ਼ਾਨੀ ਵੀ ਸੀ ਕਿ ਜਲਦੀ ਰਸਤਾ ਸਾਫ਼ ਹੋਵੇ। ਰੂਪ ਨੇ ਉਸ ਪਹਾੜੀ ਦੇ ਕੋਲ ਜਾ ਕੇ ਦੋਵੇਂ ਹੱਥ ਪਹਾੜ ਨਾਲ ਲਾ ਲਏ ਤੇ ਫਿਰ ਮੱਥਾ ਵੀ ਪਹਾੜੀ ਨਾਲ ਟਿਕਾ ਲਿਆ। ਪਹਾੜੀ ਤੋਂ ਹੌਲੀ-ਹੌਲੀ ਪਾਣੀ ਰਿਸਦਾ ਹੋਇਆ ਰੂਪ ਦੇ ਦੋਵੇਂ ਹੱਥਾਂ ਨੂੰ ਗਿੱਲਾ ਕਰਦਾ ਹੋਇਆ ਸੜਕ ਤੋਂ ਵੱਗਣ ਲੱਗਾ। ਰੂਪ ਫਿਰ ਵੀ ਉਵੇਂ ਹੀ ਖੜ੍ਹੀ ਸੀ। ਸਾਰੇ ਇਹ ਨਜ਼ਾਰਾ ਦੇਖ ਰਹੇ ਸਨ ਪਰ ਇਹ ਗੱਲ ਹੈਰਾਨ ਕਰਨ ਵਾਲੀ ਸੀ ਕਿ ਰੂਪ ਦੇ ਸਿਰ ’ਤੇ ਕੋਈ ਪਾਣੀ ਨਹੀਂ ਗਿਰ ਰਿਹਾ ਸੀ ਤੇ ਰੂਪ ਵੀ ਇੰਝ ਕਰਦੀ ਮਹਿਸੂਸ ਹੋਈ ਜਿਵੇਂ ਉਹ ਪਾਣੀ ਪਹਾੜ ਦੇ ਹੰਝੂ ਹੋਣ ਤੇ ਰੂਪ ਪੂੰਝ ਰਹੀ ਹੋਵੇ।
ਰੂਪ ਕੁੱਝ ਦੇਰ ਏਦਾਂ ਹੀ ਰਹੀ। ਰੂਪ ਦੀ ਭਾਬੀ ਨੇ ਜਦ ਰੂਪ ਨੂੰ ਕੋਲ ਜਾ ਕੇ, ਉਸਦੇ ਮੋਢੇ ’ਤੇ ਹੱਥ ਧਰਿਆ ਤਾਂ ਰੂਪ ਨੇ ਪਿੱਛੇ ਵੇਖਿਆ, ਰੂਪ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਭਾਬੀ ਨੇ ਦੱਸਿਆ ਕਿ ਰਸਤਾ ਸਾਫ਼ ਹੋ ਗਿਆ ਹੈ।
ਰੂਪ ਨੇ ਉਸ ਪਹਾੜੀ ਨੂੰ ਪਿਆਰ ਨਾਲ ਜੱਫ਼ੀ ਜਿਹੀ ਪਾਈ, ਪਾਰੀ ਕੀਤੀ ਤੇ ਕਿਹਾ, “ਮੈਂ ਇਹ ਸਭ ਨੂੰ ਜ਼ਰੂਰ ਦੱਸਾਂਗੀ, ਤੁਸੀਂ ਬੇਫ਼ਿਕਰ ਰਹੋ ਤੇ ਹੁਣ ਕਦੇ ਉਦਾਸ ਨਹੀਂ ਹੋਣਾ।”
ਰੂਪ ਦੇ ਇਸ ਵਿਵਹਾਰ ’ਤੇ ਭਾਬੀ ਹੈਰਾਨ ਹੋਈ। ਰੂਪ ਗੱਡੀ ਵਿੱਚ ਆ ਕੇ ਬੈਠ ਗਈ ਤਾਂ ਭਾਬੀ ਨੇ ਪੁੱਛਿਆ, “ਰੂਪ ਕੀ ਹੋਇਆ? ਜੋ ਕੁੱਝ ਹੋਇਆ ਉਹ ਕੀ ਸੀ?”
“ਦੱਸਦੀ ਹਾਂ ਭਾਬੀ, ਇਹ ਕਦੇ ਮੈਂ ਵੀ ਨਹੀਂ ਸੋਚਿਆ ਸੀ ਬਸ ਇੱਕ ਹਾਦਸਾ ਹੀ ਕਹਿ ਲਓ। ਜਦ ਗੱਡੀ ਅੱਗੇ ਪੱਥਰ ਆਇਆ ਤਾਂ ਵੀਰੇ ਨੇ ਕਿਹਾ ਇਹ ਪੱਥਰ ਨੇ ਵੀ ਰਾਹ ਰੋਕ ਲਿਆ, ਇੱਕ ਕਿਸੇ ਨੂੰ ਇੱਥੇ ਸਹਾਇਤਾ ਲਈ ਕਹੋ ਤਾਂ ਬੰਦੇ ਵੀ ਪੱਥਰ ਦਿਲ ਹੀ ਨੇ ਕੋਈ ਸਹਾਇਤਾ ਕਰਨ ਲਈ ਤਿਆਰ ਨਹੀਂ। ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਉਸ ਪਹਾੜੀ ਤੋਂ ਸਿਸਕਣ ਤੋਂ ਆਵਾਜ਼ ਆ ਰਹੀ ਹੈ। ਮੈਂ ਉਸ ਪਹਾੜੀ ਨਾਲ ਜਾ ਕੇ ਆਪਣਾ ਮੱਥਾ ਤੇ ਹੱਥ ਟਿਕਾ ਲਏ ਤੇ ਉਸ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕੀਤੀ। ਉਹ ਪਹਾੜ ਹੀ ਰੋ ਰਿਹਾ ਸੀ, ਜਿਸਦੇ ਅੱਖਾਂ ਤੋਂ ਨਿਕਲੇ ਹੰਝੂ ਹੀ ਮੇਰੇ ਹੱਥਾਂ ਨੂੰ ਗਿੱਲੇ ਕਰ ਰਹੇ ਸਨ। ਉਸਨੂੰ ਮਤਲਬੀ ਇਨਸਾਨਾਂ ਲਈ ਪੱਥਰ ਅਲੰਕਾਰ ਵਰਤਣ ਤੋਂ ਬਹੁਤ ਦੁੱਖ ਲੱਗਾ।”
ਉਸਨੇ ਕਿਹਾ, “ਮੈਂ ਤੁਹਾਨੂੰ ਕੁੱਝ ਨਹੀਂ ਕਹਿੰਦਾ ਤੁਹਾਡੇ ਜੀਵਨ ਦਾ ਅਨਮੋਲ ਅੰਗ ਹਾਂ, ਉੱਚੇ ਪਹਾੜਾਂ ਤੇ ਪਈ ਬਰਫ਼ ਪਿਘਲ ਕੇ ਝਰਨੇ ਦਾ ਰੂਪ ਲੈ ਪਾਣੀ ਬਣ, ਤੁਹਾਡੇ ਜੀਵਨ ਦਾ ਆਧਾਰ ਬਣਦਾ। ਜਿੱਥੇ ਥੋੜ੍ਹੀ ਮਿੱਟੀ ਜਾਂ ਕੱਚਾ ਪਹਾੜ ਹੈ ਉੱਥੇ ਕੀੜੇ ਮਕੌੜੇ ਤੇ ਬਨਸਪਤੀ ਹੈ। ਪਾਣੀ ਦੇ ਝਰਨੇ ਤੇ ਇਹ ਹਰੀਆਂ ਵਾਦੀਆਂ ਤੁਹਾਡੇ ਮਨ ਨੂੰ ਸਕੂਨ ਦਿੰਦੀਆਂ, ਤੁਹਾਡੀ ਦੁਨੀਆਂਦਾਰੀ ਦੀ ਥਕਾਵਟ ਉਤਾਰਦੀਆਂ ਤੇ ਕਿੰਨੇ ਲੋਕਾਂ ਲਈ ਰੁਜ਼ਗਾਰ ’ਚ ਵੀ ਸਹਾਈ ਹੁੰਦੇ। ਸੁੱਕਾ ਪੱਥਰ ਤੁਹਾਡੇ ਘਰਾਂ ਦਾ ਸ਼ਿੰਗਾਰ ਬਣਦਾ। ਕਿੰਨੇ ਤਰ੍ਹਾਂ ਦੀ ਸਜਾਵਟ ਦਾ ਰੂਪ ਲੈਂਦਾ ਤੇ ਅੰਤ ਤੁਹਾਡਾ ਭਗਵਾਨ ਬਣ ਮੰਦਰਾਂ ’ਚ ਸੱਜਦਾ। ਹਰ ਧਾਰਮਿਕ ਸਥਾਨ ’ਤੇ ਉੱਚੇ ਤੋਂ ਉੱਚੇ ਮਹਿਲਾਂ ਦਾ ਸ਼ਿੰਗਾਰ ਹਾਂ ਮੈਂ। ਹਾਂ, ਮੈਂ ਪੱਥਰ ਹਾਂ, ਮੈਂ ਤੁਹਾਡੇ ਸਕੂਨ ਦਾ ਕਾਰਨ ਹਾਂ, ਸਜਾਵਟ ਹਾਂ, ਭਗਵਾਨ ਦਾ ਰੂਪ ਹਾਂ, ਤੁਹਾਡੀ ਅਮੀਰੀ ਹਾਂ। ਪਰ ਮੈਂ ਹੈਰਾਨ ਹਾਂ, ਤੁਹਾਡੇ ਨਜ਼ਰੀਏ ਤੋਂ ਕਿਤੇ ਤੁਸੀਂ ਮੇਰੇ ’ਚੋਂ ਭਗਵਾਨ ਤੱਕ ਕੇ ਆਪਣੇ ਦੁੱਖ-ਸੁੱਖ ਵੰਡਦੇ ਹੋ ਤੇ ਕਿਤੇ ਕਿਸੇ ਲਾਲਚੀ, ਸੁਆਰਥੀ ਬੰਦੇ ਨੂੰ ਪੱਥਰ ਦੱਸ ਕੇ ਮੈਨੂੰ ਭਾਵਨਾ ਰਹਿਤ ਹੋਣ ਦਾ ਮੈਡਲ ਦਿੰਦੇ ਹੋ। ਮੇਰੇ ਅੰਦਰ ਵੀ ਪਾਣੀ ਹੈ, ਜੀਵਨ ਹੈ, ਮੈਂ ਤੁਹਾਨੂੰ ਬਹੁਤ ਪਿਆਰਾ ਵੀ ਹਾਂ। ਮੈਨੂੰ ਅੱਜ ਬਹੁਤ ਦੁੱਖ ਹੋਇਆ, ਮੈਂ ਤੁਹਾਡੇ ਤੋਂ ਕੁੱਝ ਨਹੀਂ ਮੰਗਦਾ, ਤੁਹਾਡੇ ਜੀਵਨ ਦਾ ਸ਼ਿੰਗਾਰ ਬਣ ਖੁਸ਼ ਹਾਂ, ਤੁਹਾਨੂੰ ‘ਜੀ ਆਇਆਂ ਨੂੰ’ ਆਖਦਾ ਹਾਂ। ਤੁਸੀਂ ਆਪਣੀ ਖੁਸ਼ੀ ਤੇ ਸਕੂਨ ਲਈ ਇਹਨਾਂ ਪਹਾੜਾਂ ’ਤੇ ਆਏ, ਜੋ ਪੱਥਰ ਦੇ ਹਨ ਤੇ ਜਾਣ ਲੱਗਿਆਂ ਮੇਰਾ ਹੀ ਇਸਤੇਮਾਲ ਸਵਾਰਥੀ ਲੋਕਾਂ ਲਈ ਵਰਤ ਕੇ ਦੁੱਖੀ ਕੀਤਾ। ਮੈਂ ਪੱਥਰ ਤੁਹਾਡੇ ਤੋਂ ਕਿਤੇ ਚੰਗਾ ਹਾਂ। ਆਪਣਾ ਨਜ਼ਰੀਆ, ਕਿਸੇ ਲਈ ਵੀ ਇੱਕ ਹੀ ਬਣਾਉ। ਐਵੇਂ ਏਨੇ ਸਵਾਰਥੀ ਨਾ ਬਣੋ।”  ਰੀਤ ਦੀ ਭਾਬੀ ਸਮੇਤ ਸਾਰਾ ਪਰਿਵਾਰ ਰੀਤ ਦੀ ਗੱਲ ਨੂੰ ਧਿਆਨ ਨਾਲ ਸੁਣ ਰਿਹਾ ਸੀ। ਅੰਤ ਸਾਰਿਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਇਹ ਸੱਚਮੁੱਚ ਇੱਕ ਵੇਦਨਾ ਹੈ। ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਸਨ ਤੇ ਰੱਬ ਦਾ ਇਸ ਗਿਆਨ ਲਈ ਧੰਨਵਾਦ ਕੀਤਾ ਤੇ ਉਸ ਪਹਾੜ ਨੂੰ ‘ਫਲਾਇੰਗ ਕਿਸ’ ਤੇ ‘ਲਵ ਯੂ’ ਕਹਿ ਪਰਿਵਾਰ ਵਾਪਸੀ ਲਈ ਚੱਲ ਪਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

                     ੍ਹ

Previous articleਸੰਕਟਗ੍ਰਸਤ ਪੰਜਾਬ ਦੀਆਂ ਪਰਤਾਂ ਦੇ ਆਰ ਪਾਰ
Next articleਈ.ਟੀ.ਟੀ.ਅਧਿਆਪਕ ਯੂਨੀਅਨ ਕਪੂਰਥਲਾ ਨੇ ਆਪਣੇ ਆਪ ਨੂੰ ਸਟੇਟ ਬਾਡੀ ਨਾਲੋਂ ਕੀਤਾ ਅਲੱਗ ਸੂਬਾ ਕਮੇਟੀ ਮੈਂਬਰ ਬੁਲਾਏ ਵਾਪਸ