HOME ਸਿਹਤ ਟੀਮ ਵੱਲੋਂ ਨੰਗਲ ਕਲਾਂ ਵਿਖੇ ਵਿਦਿਆਰਥੀਆਂ ਨੂੰ ਬਿਮਾਰੀਆਂ ਪ੍ਰਤੀ ਕੀਤਾ ਸੁਚੇਤ

ਸਿਹਤ ਟੀਮ ਵੱਲੋਂ ਨੰਗਲ ਕਲਾਂ ਵਿਖੇ ਵਿਦਿਆਰਥੀਆਂ ਨੂੰ ਬਿਮਾਰੀਆਂ ਪ੍ਰਤੀ ਕੀਤਾ ਸੁਚੇਤ

3
ਕੈਪਸਨ: ਨੰਗਲ ਕਲਾਂ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਹਤ ਕਰਮਚਾਰੀ, ਸਕੂਲ ਸਟਾਫ ਅਤੇ ਵਿਦਿਆਰਥੀ।
ਮਾਨਸਾ   (ਸਮਾਜ ਵੀਕਲੀ)   (ਚਾਨਣਦੀਪ ਸਿੰਘ ਔਲਖ ) ਗਰਮੀ ਦੇ ਮੌਸਮ ਦੇ ਵਧਣ ਦੇ ਨਾਲ ਹੀ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਰਣਜੀਤ ਸਿੰਘ ਰਾਏ ਅਤੇ ਐਸ. ਐਮ. ਓ. ਡਾ ਰਵਿੰਦਰ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਸਿਹਤ ਟੀਮ ਵੱਲੋਂ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਵਿੱਢੀ ਗਈ ਮੁਹਿੰਮ ਤਹਿਤ ਸਰਕਾਰੀ  ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ ਅਤੇ ਖਾਲਸਾ ਆਯੁਰਵੈਦਿਕ ਰੂਰਲ ਮੈਡੀਕਲ ਕਾਲਜ ਅਤੇ ਹਸਪਤਾਲ ਨੰਗਲ ਕਲਾਂ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਇਹਨਾਂ ਸੈਮੀਨਾਰਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਨੌਜਵਾਨਾਂ ਅਤੇ ਸਮੂਹ ਸਟਾਫ ਨੂੰ ਡੇਂਗੂ, ਮਲੇਰੀਆ ਅਤੇ ਗਰਮੀ ਦੇ ਦਿਨਾਂ ਵਿੱਚ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਜਿਵੇਂ ਕਿ ਲੂ ਲੱਗਣ (ਹੀਟ ਸਟ੍ਰੋਕ) ਦੇ ਖ਼ਤਰਿਆਂ ਅਤੇ ਉਹਨਾਂ ਤੋਂ ਬਚਣ ਦੇ ਸਹੀ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਸੀ। ਇਸ ਮੌਕੇ ਸਿਹਤ ਸੁਪਰਵਾਈਜ਼ਰ ਰਾਮ ਕੁਮਾਰ ਅਤੇ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ ਅਤੇ ਹਾਜ਼ਰੀਨ ਨੂੰ ਬਹੁਤ ਹੀ ਸਰਲ ਅਤੇ ਵਿਸਥਾਰਪੂਰਵਕ ਤਰੀਕੇ ਨਾਲ ਮੌਸਮੀ ਬਿਮਾਰੀਆਂ ਦੇ ਕਾਰਨਾਂ ਅਤੇ ਬਚਾਅ ਬਾਰੇ ਸਮਝਾਇਆ। ਸੈਮੀਨਾਰ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਮਾਨਸੂਨ ਦੀ ਆਮਦ ਤੋਂ ਪਹਿਲਾਂ ਅਤੇ ਗਰਮੀ ਦੇ ਇਸ ਦੌਰ ਵਿੱਚ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਵਾਰ ਬਹੁਤ ਤੇਜ਼ੀ ਨਾਲ ਹੁੰਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਰ ਸ਼ੁੱਕਰਵਾਰ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਡਰਾਈ ਡੇਅ ਵਜੋਂ ਮਨਾਉਣ, ਜਿਸ ਤਹਿਤ ਘਰਾਂ ਵਿੱਚ ਲੱਗੇ ਕੂਲਰਾਂ, ਫਰਿੱਜਾਂ ਦੀਆਂ ਪਿਛਲੀਆਂ ਟਰੇਆਂ, ਗਮਲਿਆਂ, ਪੰਛੀਆਂ ਦੇ ਪਾਣੀ ਪੀਣ ਵਾਲੇ ਬਰਤਨਾਂ ਅਤੇ ਛੱਤਾਂ ‘ਤੇ ਪਏ ਟੁੱਟੇ-ਭੱਜੇ ਸਾਮਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾਇਆ ਜਾਵੇ ਤਾਂ ਜੋ ਮੱਛਰਾਂ ਦਾ ਲਾਰਵਾ ਪੈਦਾ ਨਾ ਹੋ ਸਕੇ। ਇਸ ਦੇ ਨਾਲ ਹੀ ਸਿਹਤ ਟੀਮ ਨੇ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਾਉਣ ਅਤੇ ਸੌਣ ਵੇਲੇ ਮੱਛਰਦਾਨੀਆਂ ਜਾਂ ਹੋਰ ਬਚਾਅ ਸਾਧਨਾਂ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ। ਇਸ ਤੋਂ ਇਲਾਵਾ ਤੇਜ਼ ਗਰਮੀ ਅਤੇ ਚੱਲ ਰਹੀ ਲੂ ਤੋਂ ਬਚਣ ਲਈ ਸਿਹਤ ਕਰਮਚਾਰੀਆਂ ਨੇ ਵਿਸ਼ੇਸ਼ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਦੁਪਹਿਰ ਦੇ ਸਮੇਂ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਸਿੱਧੀ ਧੁੱਪ ਵਿੱਚ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ। ਸਰੀਰ ਵਿੱਚ ਪਾਣੀ ਅਤੇ ਨਮਕ ਦੀ ਕਮੀ ਨੂੰ ਰੋਕਣ ਲਈ ਦਿਨ ਵਿੱਚ ਵੱਧ ਤੋਂ ਵੱਧ ਪਾਣੀ, ਓਆਰਐਸ ਦਾ ਘੋਲ, ਨਿੰਬੂ ਪਾਣੀ, ਲੱਸੀ ਅਤੇ ਹੋਰ ਘਰੇਲੂ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਤੇਜ਼ ਬੁਖਾਰ, ਸਿਰ ਦਰਦ, ਉਲਟੀਆਂ ਜਾਂ ਚੱਕਰ ਆਉਣ ਵਰਗੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਖ਼ੁਦ ਡਾਕਟਰੀ ਇਲਾਜ ਕਰਨ ਤੋਂ ਬਚਣਾ ਚਾਹੀਦਾ ਹੈ। ਸਕੂਲ ਦੇ ਪ੍ਰਿੰਸੀਪਲ ਸੁਨੀਲ ਕੱਕੜ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸਿਹਤ ਟੀਮ ਦਾ ਧੰਨਵਾਦ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੈਮੀਨਾਰ ਦੌਰਾਨ ਹਾਸਲ ਕੀਤੀ ਇਸ ਮਹੱਤਵਪੂਰਨ ਜਾਣਕਾਰੀ ਨੂੰ ਸਿਰਫ਼ ਆਪਣੇ ਤੱਕ ਸੀਮਤ ਨਾ ਰੱਖਣ, ਬਲਕਿ ਆਪਣੇ ਪਰਿਵਾਰਾਂ, ਗੁਆਂਢੀਆਂ ਅਤੇ ਪੂਰੇ ਪਿੰਡ ਦੇ ਲੋਕਾਂ ਵਿੱਚ ਵੰਡ ਕੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫ਼ਰਜ਼ ਨਿਭਾਉਣ ਤਾਂ ਜੋ ਸਮਾਜ ਨੂੰ ਇਹਨਾਂ ਬਿਮਾਰੀਆਂ ਦੀ ਮਾਰ ਤੋਂ ਬਚਾਇਆ ਜਾ ਸਕੇ। ਇਸ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੌਰਾਨ ਹਰਜੀਤ ਕੌਰ ਏਐਨਐਮ ਅਤੇ ਵੀਰਪਾਲ ਕੌਰ ਆਸ਼ਾ ਵਰਕਰ ਨੇ ਵੀ ਸਿਹਤ ਸੇਵਾਵਾਂ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਇਸ ਮੌਕੇ ਦੋਵਾਂ ਸੰਸਥਾਵਾਂ ਦਾ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਾਕਰਟਨ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਇੱਕ ਸਾਲ ਬਾਅਦ ਦਿੱਤੀ ਜਾਵੇਗੀ ਭਾਵੁਕ ਸ਼ਰਧਾਂਜਲੀ
Next articleਸੁਖਦੇਵ ਸਿੰਘ ਨਾਨਕਪੁਰ ਗਲੋਬਲ ਕੰਬੋਜ਼ ਵੈਲਫੇਅਰ ਆਰਗੇਨਾਈਜੇਸ਼ਨ ਦੇ ਚੇਅਰਮੈਨ ਨਿਯੁਕਤ