ਸਿਵਲ ਸਰਜਨ ਵੱਲੋਂ ਜਿਲੇ ਵਿਚ ਤਿਆਰੀਆਂ ਨੂੰ ਲੈ ਕੇ ਜਾਇਜਾ
ਲੋਕਾਂ ਨੂੰ ਚੌਕਸ ਰਹਿਣ ਅਤੇ ਲਾਪਰਵਾਹੀ ਛੱਡਣ ਦੀ ਅਪੀਲ
ਕਪੂਰਥਲਾ-(ਕੌੜਾ)-ਕਰੋਨਾ ਦੇ ਨਵੇਂ ਵੈਰੀਏਂਟ ਓਮੀਕ੍ਰਾਨ ਅਤੇ ਤੀਸਰੀ ਲਹਿਰ ਦੇ ਮੱਦੇਨਜਰ ਸਿਵਲ ਸਰਜਨ ਵੱਲੋਂ ਸਿਹਤ ਵਿਭਾਗ ਕਪੂਰਥਲਾ ਦੇ ਵੱਖ ਵੱਖ ਸਰਕਾਰੀ ਸਿਹਤ ਕੇਂਦਰਾਂ ਦਾ ਜਾਇਜਾ ਲਿਆ ਗਿਆ। ਜਿਕਰਯੋਗ ਹੈ ਕਿ ਉਨ੍ਹਾਂ ਵੱਲੋਂ ਹਸਪਤਾਲਾਂ ਦੇ ਆਈ.ਸੀ.ਯੂ. ਸੈਂਟਰਾਂ, ਆਈਸੋਲੇਸ਼ਨ ਵਾਰਡਾਂ,ਜਿਲੇ ਵਿਚ ਚੱਲ ਰਹੇ ਤਿੰਨ ਆਕਸੀਜਨ ਪਲਾਂਟਾ ਦਾ ਦੌਰਾ ਕੀਤਾ ਗਿਆ ਨਾਲ ਹੀ ਸਰਕਾਰੀ ਸਿਹਤ ਕੇਂਦਰਾਂ ਵਿਚ ਮੌਜੂਦ ਦਵਾਈਆਂ ਬਾਰੇ ਜਾਣਕਾਰੀ ਲਈ ਗਈ। ਸਿਵਲ ਸਰਜਨ ਡਾ.ਗੁਰਿੰਦਰ ਬੀਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਕੋਵਿਡ ਅਤੇ ਓਮੀਕ੍ਰਾਨ ਵਾਇਰਸ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਵਿਭਾਗ ਦੀਆਂ ਟੀਮਾਂ ਆਪਣੇ ਪੱਧਰ ਤੇ ਇਨ੍ਹਾਂ ਨਾਲ ਨਿਪਟਣ ਲਈ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਿਹਤ ਵਿਭਾਗ ਦਾ ਸਹਿਯੋਗ ਕਰਨ ਅਤੇ ਕੋਵਿਡ ਐਪ੍ਰੋਪਰੀਏਟ ਬਿਹੇਵੀਅਰ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਲੋਕਾਂ ਨੂੰ ਬੇਵਜ੍ਹਾ ਘਰਾਂ ਤੋਂ ਬਾਹਰ ਨਿਕਲਣ, ਮਾਸਕ ਪ੍ਰਤੀ ਲਾਪਰਵਾਹ ਨਾ ਹੋਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦਾ ਖਤਰਾ ਅਜੇ ਟਲਿਆ ਨਹੀਂ ਹੈ ਅਤੇ ਇਸ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ।
ਤੇਜੀ ਨਾਲ ਫੈਲਦਾ ਹੈ ਓਮੀਕ੍ਰਾਨ
ਉਨ੍ਹਾਂ ਲੋਕਾਂ ਨੂੰ ਕੋਵਿਡ ਦੇ ਨਵੇਂ ਵੈਰੀਏਂਟ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਓਮੀਕ੍ਰਾਨ ਦੇ ਵਿਸ਼ਵ ਵਿਚ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੋਵਿਡ ਵੈਕਸੀਨੇਸ਼ਨ ਦੀਆਂ ਦੋਨੋਂ ਡੋਜ ਅਤੇ ਕੋਵਿਡ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਇਨ੍ਹ ਬਿੰਨ ਪਾਲਣਾ ਇਸ ਵਾਇਰਸ ਤੋਂ ਬਚਾਅ ਲਈ ਜਰੂਰੀ ਹੈ। ਉਨ੍ਹਾਂ ਬੁਖਾਰ, ਖਾਂਸੀ, ਸਾਹ ਲੈਣ ਵਿਚ ਦਿੱਕਤ, ਬਦਨ ਦਰਦ, ਥਕਾਵਟ, ਉਲਟੀ ਆਉਣ ਤੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨ ਨੂੰ ਕਿਹਾ ਤੇ ਸੈਂਪਲਿੰਗ ਕਰਵਾਉਣ ਨੂੰ ਕਿਹਾ। ਉਨ੍ਹਾਂ ਇਹ ਵੀ ਜੋਰ ਦਿੱਤਾ ਕਿ ਖਾਂਸੀ ਕਰਨ ਲੱਗੇ ਅਤੇ ਛਿਕਣ ਲੱਗੇ ਮੂੰਹ ਅਤੇ ਨੱਕ ਨੂੰ ਢਕਿਆ ਜਾਏ।
ਵਿਦੇਸ਼ਾਂ ਤੋਂ ਆਉਣ ਵਾਲਿਆਂ ਦੀ ਹੋਏਗੀ ਟੈਸਟਿੰਗ
ਡਾ.ਗੁਰਿੰਦਰ ਬੀਰ ਕੌਰ ਨੇ ਇਹ ਵੀ ਦੱਸਿਆ ਕਿ ਵਿਦੇਸ਼ਾਂ ਖਾਸ ਕਰ ਯੁਰੋਪ ਦੀਆਂ 11 ਕੰਟਰੀਜ ਯੂਨਾਈਟਿਡ ਕਿੰਗਡਮ, ਸਾਊਥ ਅਫ੍ਰੀਕਾ, ਬ੍ਰਾਜੀਲ, ਬੋਟਸਵਾਨਾ, ਚਾਈਨਾ, ਮਾਰਿਸ਼ਸ, ਨਿਊਜੀਲੈਂਡ, ਜਿੰਬਾਬਵੇ, ਸਿੰਗਾਪੁਰ ,ਹਾਂਗਕਾਂਗ ਅਤੇ ਇਜਰਾਈਲ ਤੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ਤੇ ਹੀ ਟੈਸਟਿੰਗ ਕੀਤੀ ਜਾਣੀ ਹੈ ਅਤੇ ਜੀਨੌਮ ਸਿਕੂਏਂਸਿੰਗ ਦੇ ਤਹਿਤ ਪਾਜੀਟਿਵ ਆਉਣ ਤੇ ਇਨ੍ਹਾਂ ਨੂੰ ਸੰਸਥਾਗਤ ਹੀ ਆਈਸੋਲੇਟ ਕੀਤਾ ਜਾਣਾ ਹੈ। 7 ਦਿਨ ਕੁਆਰਟੀਂਨ ਕਰਨ ਤੋਂ ਬਾਅਦ 8ਵੇਂ ਦਿਨ ਟੈਸਟ ਕੀਤਾ ਜਾਣਾ ਹੈ ਤੇ ਰਿਪੋਰਟ ਨੈਗੇਟਿਵ ਆਉਣ ਤੇ ਹੀ ਉਸ ਨੂੰ ਘਰ ਭੇਜਿਆ ਜਾਏਗਾ ਅਤੇ ਘਰ ਵਿਚ ਵੀ 7 ਦਿਨ ਲਈ ਆਈਸੋਲੇਟ ਕੀਤਾ ਜਾਏਗਾ।
ਸਿਵਲ ਸਰਜਨ ਨੇ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤੇ ਕੋਵਿਡ ਦੀਆਂ ਦੋਨੋਂ ਵੈਕਸੀਨੇਸ਼ਨ ਡੋਜ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਜੇਕਰ ਟੀਕਾਕਰਣ ਤੋਂ ਬਾਅਦ ਵੀ ਪਾਜੀਟਿਵ ਆਉਂਦੇ ਹੋ ਤਾਂ ਵਾਇਰਸ ਦੀ ਸ਼ਰੀਰ ਪ੍ਰਤੀ ਗੰਭੀਰਤਾ ਘੱਟ ਜਾਏਗੀ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly