ਸ਼ਾਸਨ ਨੇ ਦਿੱਤੀ ਨਫ਼ਰੀ ਘੱਟ ਦੀ ਦੁਹਾਈ – ਬਾਜਵਾ, ਲਖਵੀਰ ਗੋਬਿੰਦ ਪੁਰ
ਮਹਿਤਪੁਰ, (ਸਮਾਜ ਵੀਕਲੀ) ( ਪੱਤਰ ਪ੍ਰੇਰਕ)– ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਅਤੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਮਹਿਤਪੁਰ ਦੇ ਪਿੰਡ ਗੋਬਿੰਦਪੁਰ ਦੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਜੋ ਕਿ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਬੀਟਲਾ ਤੋਂ ਸੰਗੋਵਾਲ ਨਜ਼ਦੀਕ ਸ਼ਾਮ ਕਰੀਬ 5:30 ਵਜੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਸਰਪੰਚ ਨੂੰ ਘੇਰ ਕੇ ਉਸ ਕੋਲੋਂ ਇਕ ਮੋਬਾਈਲ ਅਤੇ 8000 ਹਜ਼ਾਰ ਰੁਪਏ ਦੀ ਨਗਰੀ ਲੁੱਟ ਲਈ ਗਈ। ਕਿਸਾਨ ਆਗੂਆਂ ਨੇ ਚਿੰਤਾ ਜ਼ਾਹਰ ਕਰਦਿਆਂ ਦਸਿਆ ਕਿ ਮਹਿਤਪੁਰ ਇਲਾਕੇ ਵਿਚ ਦਿਨ ਦਿਹਾੜੇ ਵਧ ਰਹੀਆਂ ਵਾਰਦਾਤਾਂ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਪ੍ਰਸ਼ਾਸਨ ਕਾਰਵਾਈ ਕਰਨ ਦੀ ਬਜਾਏ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਘਟਨਾ ਦੀ ਜਾਣਕਾਰੀ ਜਦੋਂ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਦਿੱਤੀ ਤਾਂ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਦੀ ਬਜਾਏ ਨਫ਼ਰੀ ਘੱਟ ਹੋਣ ਦੀ ਦੁਹਾਈ ਦੇ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਪਿੰਡ ਆਦਰਮਾਨ ਦੇ ਹਰਜਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਤੋਂ ਲੁਟੇਰਿਆਂ ਵੱਲੋਂ 16000 ਹਜ਼ਾਰ ਦੀ ਨਗਦੀ ਲੁੱਟ ਲਈ ਗਈ ਸੀ। ਪੀੜਤ ਵੱਲੋਂ ਲੁਟੇਰਿਆਂ ਦੀ ਪਛਾਣ ਦੇਣ ਦੇ ਬਾਵਜੂਦ ਪ੍ਰਦਰਸ਼ਨ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿਚ ਇਲਾਕੇ ਦੇ ਮੋਹਤਬਰ ਸੁਰੱਖਿਅਤ ਨਹੀਂ ਹਨ ਉਥੇ ਆਮ ਜਨਤਾ ਦਾ ਤਾਂ ਰੱਬ ਹੀ ਰਾਖਾ ਹੈ। ਇਸ ਮੌਕੇ ਕਿਸਾਨ ਆਗੂਆਂ ਨਾਲ ਪੀੜਤ ਸਰਪੰਚ ਬਲਵਿੰਦਰ ਸਿੰਘ ਗੋਬਿੰਦਪੁਰ ਤੋਂ ਇਲਾਵਾ ਬੀਕੇਯੂ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਲੋਹਗੜ੍ਹ, ਐਮ ਸੀ ਸਰਤਾਜ ਸਿੰਘ ਬਾਜਵਾ, ਸਰਬਜੀਤ ਸਿੰਘ ਸਰਪੰਚ ਲੋਹਗੜ੍ਹ, ਸਰਪੰਚ ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ:- ਬੀਕੇਯੂ ਪੰਜਾਬ ਦੇ ਆਗੂਆਂ ਦੀ ਹਾਜ਼ਰੀ ਵਿਚ ਹੱਡਬੀਤੀ ਦੱਸਦਾ ਹੋਇਆ ਪੀੜਤ ਸਰਪੰਚ , ਫਰਾਰ ਲੁਟੇਰਿਆਂ ਦੀ ਸੀ ਸੀ ਟੀ ਵੀ ਕੈਮਰੇ ਵਿਚ ਆਈ ਤਸਵੀਰ