HOME *ਹਜ਼ਾਰੇ ਵਾਲ਼ਾ ਪੀਰ** 

*ਹਜ਼ਾਰੇ ਵਾਲ਼ਾ ਪੀਰ** 

ਰਿਤੂ ਵਾਸੂਦੇਵ
(ਸਮਾਜ ਵੀਕਲੀ)
ਲੱਭ ਦਿਲਦਾਰ ਕੋਈ,
ਤਾਰਿਆਂ ਦੇ ਪਿੰਡ ਦਾ।
ਜਿਹਨੂੰ ਵੇਖ ਸਾਡਾ ਇਹ,
ਵੈਰਾਗ ਜਾਵੇ ਖਿੰਡਦਾ।
ਆਪਾਂ ਖ਼ੈਰ ਮੰਗੀਏ ਵੇ,
ਇਹੋ-ਜਿਹੇ ਫ਼ਕੀਰ ਦੀ।
ਜੀਹਦੀ ਇੱਕੋ ਝਾਕਣੀ,
ਪਹਾੜ ਜਾਵੇ ਚੀਰਦੀ।
ਹਾਸਿਆਂ ਦੇ ਧਾਗੇ ਵਿੱਚ,
ਗ਼ਮਾਂ ਨੂੰ ਪਰੋਂਦਾ ਹੋਵੇ।
ਦਿਲ ਹੋਵੇ ਸੁੱਚਾ ,
ਉੱਚੀ ਹੇਕ ਵਿੱਚ ਗਾਉਂਦਾ ਹੋਵੇ।
ਅਸੀਂ ਪੂਜਾ ਕਰਨੀ ਵੇ,
ਉਹਦੀ ਤਸਵੀਰ ਦੀ।
ਜਿਹਦੀ ਇੱਕੋ ਝਾਕਣੀ,
ਪਹਾੜ ਜਾਵੇ ਚੀਰਦੀ।
ਅਜ਼ਲੋਂ ਵੈਰਾਗੀ ਹੋਵੇ,
ਪੀੜਾਂ ਦਾ ਸ਼ੁਦਾਈ ਹੋਵੇ।
ਦੀਦ ਵਾਲ਼ੀ ਤਾਂਘ ਜਿਹਨੇ,
ਦੀਦਿਆਂ ਨੂੰ ਲਾਈ ਹੋਵੇ।
ਜਿਹਨੇ ਫੇਰੀ ਹੋਵੇ,
ਤਕਦੀਰ, ਤਕਦੀਰ ਦੀ।
ਜਿਹਦੀ ਇੱਕੋ ਝਾਕਣੀ,
ਪਹਾੜ ਜਾਵੇ ਚੀਰਦੀ।
ਮੁੱਖੜੇ ‘ਤੇ ਸਹਿਜ,
ਲੰਮੇ ਪੈਂਡਿਆਂ ਦਾ ਸੰਗ ਹੋਵੇ।
ਨੈਣਾਂ ਵਿੱਚ ਝੰਗ ਦਿਆਂ,
ਬੇਲਿਆਂ ਦਾ ਰੰਗ ਹੋਵੇ।
ਹੱਥਾਂ ਵਿੱਚ ਫੜੀ ਵੇ,
ਕਿਤਾਬ ਹੋਵੇ ਹੀਰ ਦੀ।
ਜਿਹਦੀ ਇੱਕੋ ਝਾਕਣੀ
ਪਹਾੜ ਜਾਵੇ ਚੀਰਦੀ।
ਤਖ਼ਤਾਂ ਦਾ ਰਾਜਾ ਹੋਵੇ,
ਟਿੱਲਿਆਂ ਨਾ’ ਸਾਕ ਹੋਵੇ।
ਆਸ਼ਕਾਂ ਦਾ ਰੱਬ ਹੋਵੇ,
ਮੱਝੀਆਂ ਦਾ ਚਾਕ ਹੋਵੇ।
ਭਾਲ਼ ਕਿਤੋਂ ਵੰਝਲ਼ੀ,
ਹਜ਼ਾਰੇ ਵਾਲ਼ੇ ਪੀਰ ਦੀ।
ਜਿਹਦੀ ਇੱਕੋ ਝਾਕਣੀ,
ਪਹਾੜ ਜਾਵੇ ਚੀਰਦੀ।
~ ਰਿਤੂ ਵਾਸੂਦੇਵ
Previous articleਜੀਐਸਟੀ ਵਿੱਚ ਕਟੌਤੀ ਅੱਜ ਤੋਂ ਲਾਗੂ ਹੋ ਗਈ ਹੈ, ਜਿਸ ਨਾਲ ਇਹ ਚੀਜ਼ਾਂ ਸਸਤੀਆਂ ਹੋ ਗਈਆਂ ਹਨ। ਦੇਖੋ ਕਿ ਕਿਹੜੀਆਂ ਚੀਜ਼ਾਂ ‘ਤੇ ਕਿੰਨਾ ਟੈਕਸ ਘਟਾਇਆ ਗਿਆ ਹੈ।
Next articleਪਹਿਲਾਂ ਲੁੱਟੋ ਤੇ ਫੇਰ ਸੁੱਟੋ!