*ਮੇਰਾ ਕੋਈ ਆਪਣਾ ਹੋਵੇ

"ਨੀਲਮ ਕੁਮਾਰੀ

(ਸਮਾਜ ਵੀਕਲੀ)

ਮਨ ਸੋਚਦਾ ਹੈ, ਮਨ ਲੋਚਦਾ ਹੈ, ਕੋਈ ਮੇਰਾ ਆਪਣਾ ਹੋਵੇ,

ਜਿਸ ਦੀ ਝੋਲੀ ਵਿਚੋਂ ਮੈਂ ਕੁਝ ਚੁਰਾ ਸਕਾਂ,
ਜਿਸ ਦੀ ਝੋਲੀ ਵਿਚ ਮੈਂ ਕੁਝ ਛੁਪਾ ਸਕਾਂ।
ਜਿਸ ਨਾਲ ਮੈਂ ਹੱਸ ਸਕਾਂ, ਜਿਸ ਨਾਲ ਮੈਂ ਰੋ ਸਕਾਂ,
ਜਿਸ ਨੂੰ ਮੈਂ ਦਿਲ ਦਾ ਹਾਲ ਦੱਸ ਸਕਾਂ।

ਜਿਸ ਦੇ ਅੱਥਰੂਆਂ ਨਾਲ ਮੈਂ ਅੱਥਰੂ ਹੋ ਜਾਵਾਂ,
ਜਿਸ ਦੇ ਹਾਸਿਆਂ ਵਿੱਚ ਮੈਂ ਖੋ ਜਾਵਾਂ।
ਜੋ ਮੇਰੇ ਬਾਰੇ ਸੋਚ ਸਕੇ, ਮੇਰੇ ਬਾਰੇ ਵਿਚਾਰ ਕਰੇ,
ਜੋ ਮੈਨੂੰ ਸਮਝੇ, ਜੋ ਮੇਰੇ ਨਾਲ ਪਿਆਰ ਕਰੇ।

ਜਿਸ ਨਾਲ ਖ਼ੁਸ਼ੀਆਂ ਤੇ ਖੇੜੇ ਵਧਣ, ਜਿਸ ਨਾਲ ਦੁੱਖਾਂ ਦੀਆਂ ਪੰਡਾਂ ਘਟਣ,
ਜੋ ਮੇਰੇ ਨਾਲ ਰਹੇ,ਜੋ ਮੇਰੇ ਦਿਲ ਦੀ ਕਹੇ।
ਜਿਸ ਨੂੰ ਮੈਂ ਆਪਣਾ ਕਹਿ ਸਕਾਂ, ਜਿਸ ਨਾਲ ਮੈਂ ਹਰ ਘੜੀ ਬਹਿ ਸਕਾਂ,

ਜੋ ਮੇਰੇ ਦਿਲ ਦੀ ਗਹਿਰਾਈ ਨੂੰ ਜਾਣ ਸਕੇ ,
ਜੋ ਮੇਰੇ ਆਪੇ ਨੂੰ ਪਛਾਣ ਸਕੇ।

ਜਿਸ ਦੀ ਲੋਅ ਨਾਲ ਦੀਵਾ ਜਗੇ,
ਜਿਸ ਦੀ ਚਾਨਣ ਨਾਲ ਹਨ੍ਹੇਰਾ ਲੱਥੇl

ਜਿਸ ਦੀ ਵਜੂਦ ਹਰ ਇੱਕ ਸਾਜ਼ ਹੋਵੇ,
ਜੋ ਮੇਰੀ ਸਿਰਫ਼ ਮੇਰੀ ਆਵਾਜ਼ ਹੋਵੇ,

ਜੋ ਮੇਰੇ ਨਾਲ ਜੰਮ ਸਕੇ,ਜੋ ਮੇਰੇ ਨਾਲ ਪਿਘਲ ਸਕੇ।
ਜਿਸ ਦੀ ਧੜਕਣ ਮੇਰੇ ਦਿਲ ਨਾਲ ਰਹੇ, ਜੋ ਹਰ ਸਾਹ ਮੇਰਾ ਬਿਆਨ ਕਹੇ।

ਮੈਂ ਕੀ ਸੋਚ ਰਿਹਾ ਹਾਂ ?
ਕੀ ਇਹ ਮੁਮਕਿਨ ਹੈ?
ਪਰ ਮੇਰਾ ਮਨ ਸੋਚਦਾ ਹੈ, ਮੇਰਾ ਮਨ ਲੋਚਦਾ ਹੈ।
ਮੇਰਾ ਕੋਈ ਆਪਣਾ ਹੋਵੇ ।

ਨੀਲਮ ਕੁਮਾਰੀ,ਪੰਜਾਬੀ ਮਿਸਟ੍ਰੈਸ, ਸਰਕਾਰੀ ਹਾਈ ਸਕੂਲ, ਸਮਾਓ (9779788365)

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਕੰਮਲ-ਏ-ਇਸ਼ਕ
Next articlePKL 8: Bharat, Pawan shine as Bengaluru beat Jaipur, stay alive in playoffs race