ਹਰਿਆਣਾ: ਵਿਧਾਨ ਸਭਾ ’ਚ ਜਬਰੀ ਧਰਮ ਤਬਦੀਲੀ ਬਾਰੇ ਬਿੱਲ ਪਾਸ

 

  • ਨਵਾਂ ਿਬੱਲ ਲਿਆਉਣ ਦੀ ਕੋਈ ਤੁੱਕ ਨਹੀਂ ਸੀ: ਹੁੱਡਾ

ਚੰਡੀਗੜ੍ਹ (ਸਮਾਜ ਵੀਕਲੀ):  ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਜਬਰੀ ਧਰਮ ਤਬਦੀਲੀ ਖ਼ਿਲਾਫ਼ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਦਾ ਕਾਂਗਰਸ ਦੇ ਵਿਧਾਇਕਾਂ ਨੇ ਵਿਰੋਧ ਕੀਤਾ ਤੇ ਵਾਕਆਊਟ ਕੀਤਾ। ਸਰਕਾਰ ਨੇ ਜਬਰੀ ਧਰਮ ਤਬਦੀਲੀ ਬਿੱਲ 4 ਮਾਰਚ ਨੂੰ ਪੇਸ਼ ਕੀਤਾ ਸੀ। ਵਿਰੋਧੀ ਧਿਰ ਕਾਂਗਰਸ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਬਿੱਲ ਨੂੰ ਚਰਚਾ ਲਈ ਰੱਖਿਆ ਗਿਆ ਸੀ। ਇਸ ਬਿੱਲ ਨੂੰ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਅੱਜ ਹੰਗਾਮੇ ਦੇ ਬਾਵਜੂਦ ਪਾਸ ਕਰ ਦਿੱਤਾ ਗਿਆ। ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਮੌਜੂਦਾ ਕਾਨੂੰਨ ਵਿੱਚ ਜਬਰੀ ਧਰਮ ਤਬਦੀਲੀ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ, ਫਿਰ ਨਵਾਂ ਬਿੱਲ ਲਿਆਉਣ ਦਾ ਕੋਈ ਮਕਸਦ ਨਹੀਂ ਹੈ।

ਵਿਧਾਇਕ ਰਘੁਵੀਰ ਕਾਦੀਆਨ ਨੇ ਕਿਹਾ ਕਿ ਸੂਬੇ ਵਿੱਚ ਇਸ ਬਿੱਲ ਨਾਲ ਲੋਕਾਂ ’ਚ ਆਪਸੀ ਭੇਦਭਾਵ ਵਧੇਗਾ। ਧਰਮ ਪਰਿਵਰਤਨ ਰੋਕੂ ਬਿੱਲ ਪਾਸ ਹੋਣ ਤੋਂ ਬਾਅਦ ਹੁਣ ਜਬਰੀ ਜਾਂ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਧਰਮ ਤਬਦੀਲੀ ਕਰਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਬਿੱਲ ਤਹਿਤ 10 ਸਾਲ ਤੱਕ ਦੀ ਸਜ਼ਾ ਅਤੇ 4 ਲੱਖ ਰੁਪਏ ਤੱਕ ਜੁਰਮਾਨਾ ਵੀ ਤੈਅ ਕੀਤਾ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਜਬਰੀ ਧਰਮ ਤਬਦੀਲੀ ਖ਼ਿਲਾਫ਼ ਬਿੱਲ ਲਿਆਉਣ ਦਾ ਮਕਸਦ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ 6 ਜ਼ਿਲ੍ਹਿਆਂ ਵਿੱਚ ਚਾਰ ਸਾਲਾਂ ਦੌਰਾਨ ਧਰਮ ਪਰਿਵਰਤਨ ਸਬੰਧੀ 127 ਕੇਸ ਦਰਜ ਕੀਤੇ ਗਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ 35 ਹਜ਼ਾਰ ਕੱਚੇ ਮੁਲਾਜ਼ਮ ਹੋਣਗੇ ਪੱਕੇ
Next articleਡਰੱਗ ਮਾਮਲਾ: ਮਜੀਠੀਆ ਦੀ ਨਿਆਂਇਕ ਹਿਰਾਸਤ 5 ਅਪਰੈਲ ਤੱਕ ਵਧਾਈ