(ਸਮਾਜ ਵੀਕਲੀ)
ਆ ਵੇ ਰਾਮਿਆਂ ਯੋਗਾ ਕਰੀਏ।
ਹਜ਼ਮ ਕਰਨ ਦੇ ਜੋਗਾ ਕਰੀਏ।
ਹਾਰੇ ਹੋਏ ਵਜ਼ੀਰ ਬਣਾ ਕੇ ,
ਲੋਕਤੰਤਰ ਦਾ ਕਲਮਾ ਪੜ੍ਹੀਏ।
‘ਜਨ-ਧਨ’ ਨਾਮ ਦਾ ਦੇ ਕੇ ਛੁਣਛੁਣਾ,
ਖੇਡੀਏ ਦਾਅ ਤੇ ਬੈਂਕਾਂ ਭਰੀਏ।
ਬਹੁਤ ਵਿਰੋਧ ‘ਚ ਸੰਘ ਫਾੜਿਆ
ਪਰ ਹੁਣ ਜੀ.ਐਸ.ਟੀ. ਵੀ ਮੜ੍ਹੀਏ।
ਸਵੱਛ ਭਾਰਤ ਕੋਈ ਸ਼ੁਗਲ ਬਣਾ ਕੇ,
ਮੀਡੀਆ ਦੇ ਵਿੱਚ ਕੋਕੇ ਜੜੀਏ।
ਨੋਟਬੰਦੀ ਕਰ ਖ਼ਾਸ ਯਾਰਾਂ ਦੇ,
ਕਾਲ਼ੇ ਧਨ ਨੂੰ ਚਿੱਟਾ ਕਰੀਏ।
ਪੰਦਰਾਂ ਲੱਖ ਹੁਣ ਨਹੀਉਂ ਚਲਣਾ,
ਦੱਸ ਨਵਾਂ ਕੀ ਜੁਮਲਾ ਘੜੀਏ।
ਜਨਤਾ ਤੇਲ ਜੋਗੀ ਨਹੀਂ ਛੱਡਣੀ,
ਗੱਲੀਂ ਬੁਲੇਟ ਟਰੇਨ ‘ਚ ਚੜ੍ਹੀਏ।
ਜਨਮਦਿਨਾਂ ਤੇ ਜਫੀਆਂ ਪਾਈਏ,
ਭਾਸ਼ਣਾ ਵਿੱਚ ਪਾਕਿ’ ਨਾਲ਼ ਲੜੀਏ।
ਬੇਟੀ ਬਚਾਓ ਦੀ ਰੋਲ਼ੀ ਪਾ ਕੇ,
ਹਰ ਥਾਂ ਬਾਂਹ ਛੜਿਆਂ ਦੀ ਫੜੀਏ।
ਆਪੇ ਲੁਕ-ਛਿਪ ਜਾਊ ਯੋਗਤਾ,
ਪ੍ਰੇਮ ਦੇ ਨਾਂ ਤੇ ਹਿੰਦੀ ਪੜ੍ਹੀਏ।
ਫਰਕ ਕੀ ਪੈਂਦੈ ਮਰ ਜਾਣ ਬੰਦੇ,
ਡੰਗਰਾਂ ਦੇ ਲਈ ਮੱਚੀਏ ਸੜੀਏ।
ਦੌਰੇ ਕਰ ਕਰ ਦੁਨੀਆਂ ਗਾਹੀਏ,
ਕਦੇ ਕਦੇ ਉੰਝ ਮੁਲਕ ਵੀ ਵੜੀਏ।
ਕਲਮਕਾਰ ਕੋਈ ਸਿਰ ਜੇ ਚੁੱਕੇ,
ਸੌਖਾ ਹੱਲ ਕੋਈ ਧਾਰਾ ਮੜ੍ਹੀਏ
ਪਰ ਟਿਕਦੇ ਨਾ ਪਿੰਡ ਘੜਾਮੇਂ,
ਕਿੰਝ ਹੱਥ ਰੋਮੀ ਜਿਹਿਆਂ ਦਾ ਫੜੀਏ।
ਐਨਾ ਕੁਝ ਜਦ ਕਰੂ ਅਫ਼ਾਰਾ,
ਜਾ ਕੇ ਕਿਤੇ ਏਕਾਂਤ ‘ਚ ਖੜ੍ਹੀਏ।
ਆ ਵੇ ਰਾਮਿਆ ਯੋਗਾ ਕਰੀਏ।
ਹਜ਼ਮ ਕਰਨ ਦੇ ਜੋਗਾ ਕਰੀਏ।
ਰੋਮੀ ਘੜਾਮਾਂ।
9855281105 (ਵਟਸਪ ਨੰ. )