ਮਾਤ ਭਾਸ਼ਾ ਦਿਵਸ ਦੀਆਂ ਮੁਬਾਰਕਾਂ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਮਨੁੱਖ ਸਿਰਫ਼ ਤੇ ਸਿਰਫ਼ ਆਪਣੀ ਭਾਸ਼ਾ ਕਰਕੇ ਮਨੁੱਖ ਹੈ।ਮਨੁੱਖ ਕੋਲ ਆਪਣੀ ਭਾਸ਼ਾ ਹੈ ਜਿਸ ਪਿੱਛੋਂ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ।ਭਾਸ਼ਾ ਦਾ ਸਫ਼ਲ ਮਨੁੱਖ ਮਾਂ ਦੇ ਗਰਭ ਚੋਂ ਹੀ ਸ਼ੁਰੂ ਕਰ ਲੈਂਦਾ ਹੈ।ਗਰਭ ਵਿੱਚ ਹੁੰਦਿਆਂ ਉਹ ਮਾਂ ਦੀਆਂ ਗੱਲਾਂ ਨੂੰ ਮਹਿਸੂਸ ਕਰ ਸਕਦਾ ਹੈ।ਜਿਸ ਭਾਸ਼ਾ ਵਿਚ ਉਸ ਦੀ ਮਾਂ ਬੋਲਦੀ ਹੈ ਉਹੀ ਉਸ ਦੀ ਮਾਂ ਬੋਲੀ ਹੈ।ਮਨੁੱਖ ਦੇ ਖਿੱਤੇ ਦੀ ਬੋਲੀ ਉਸ ਦੀ ਮਾਂ ਬੋਲੀ ਹੈ।ਕਿਸੇ ਵੀ ਮਨੁੱਖ ਦੇ ਵਿਅਕਤਿਤਵ ਦੇ ਵਿਕਾਸ ਦਾ ਮੁੱਖ ਹਿੱਸਾ ਉਸ ਦੀ ਮਾਂ ਬੋਲੀ ਹੀ ਹੁੰਦੀ ਹੈ।ਮਾਂ ਬੋਲੀ ਨੂੰ ਸਿੱਖਣ ਲਈ ਉਸ ਨੂੰ ਕੋਈ ਵੱਖਰੀ ਕੋਸ਼ਿਸ਼ ਨਹੀਂ ਕਰਨੀ ਪੈਂਦੀ।ਬੱਚਾ ਜਿਸ ਭਾਸ਼ਾ ਵਿੱਚ ਆਪਣੇ ਵੱਡਿਆਂ ਨੂੰ ਬੋਲਦੇ ਸੁਣਦਾ ਤੇ ਸਮਝਦਾ ਹੈ ਉਸ ਭਾਸ਼ਾ ਨੂੰ ਆਪ ਮੁਹਾਰੇ ਹੀ ਅਪਣਾ ਲੈਂਦਾ ਹੈ।

ਹਰੇਕ ਮਾਂ ਗਰਭ ਵਿਚ ਬੱਚੇ ਨਾਲ ਗੱਲਾਂ ਕਰਦੀ ਹੈ।ਉਸ ਨਾਲ ਦੁਲਾਰ ਕਰਦੀ ਹੈ।ਨਵੇਂ ਜੰਮੇ ਬੱਚੇ ਨਾਲ ਵੀ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ।ਬੱਚਾ ਕੁਝ ਹੱਦ ਤਕ ਇਨ੍ਹਾਂ ਗੱਲਾਂ ਨੂੰ ਸਮਝਣ ਲੱਗਦਾ ਹੈ।ਆਪਣਿਆਂ ਨੂੰ ਬੋਲਦੇ ਸੁਣ ਉਹ ਭਾਸ਼ਾ ਨੂੰ ਸਿੱਖਦਾ ਹੈ।ਜਿਵੇਂ ਜਿਵੇਂ ਉਸ ਦੀ ਭਾਸ਼ਾ ਵਿਕਸਤ ਹੁੰਦੀ ਜਾਂਦੀ ਹੈ ਉਸ ਦਾ ਗਿਆਨ ਵਧਦਾ ਹੈ।ਮਾਂ ਬੋਲੀ ਵਿੱਚ ਉਹ ਆਪਣੇ ਪਹਿਲੇ ਸ਼ਬਦ ਉਚਾਰਦਾ ਹੈ।ਨਿੱਕੇ ਨਿੱਕੇ ਕਿਲਕਾਰੀਆਂ ਤੋਂ ਬਾਅਦ ਉਹ ਛੋਟੇ ਛੋਟੇ ਸ਼ਬਦ ਬੋਲਣੇ ਸ਼ੁਰੂ ਕਰਦਾ ਹੈ।ਮਾਤਾ ਪਿਤਾ ਨੂੰ ਜਿਵੇਂ ਕਹਿੰਦੇ ਸੁਣਦਾ ਹੈ ਉਹੀ ਸਭ ਉਸੇ ਭਾਸ਼ਾ ਵਿੱਚ ਬੋਲਦਾ ਹੈ।ਛੋਟਾ ਬੱਚਾ ਕੋਈ ਮਸਨੂਈ ਭਾਸ਼ਾ ਦਾ ਪ੍ਰਯੋਗ ਨਹੀਂ ਕਰਦਾ।ਉਹ ਆਪਣੀ ਮਾਂ ਬੋਲੀ ਵਿੱਚ ਹੀ ਵਿਚਰਦਾ ਹੈ।ਇੱਥੋਂ ਹੀ ਅਸੀਂ ਮਾਂ ਬੋਲੀ ਦੀ ਅਹਿਮੀਅਤ ਨੂੰ ਸਮਝ ਸਕਦੇ ਹਾਂ।ਕਿਸੇ ਮਨੁੱਖ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਯੋਗਦਾਨ ਉਸ ਦੀ ਮਾਂ ਬੋਲੀ ਦਾ ਹੁੰਦਾ ਹੈ।ਇਸ ਦਾ ਵਿਗਿਆਨਕ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਉਸੇ ਭਾਸ਼ਾ ਵਿੱਚ ਮਨੁੱਖ ਬੋਲਣਾ ਤੇ ਸੋਚਣਾ ਸਿੱਖਦਾ ਹੈ।ਦੂਜੀਆਂ ਭਾਸ਼ਾਵਾਂ ਦਾ ਗਿਆਨ ਉਹ ਸਕੂਲ ਵਿੱਚ ਜਾ ਕੇ ਪ੍ਰਾਪਤ ਕਰਦਾ ਹੈ।

ਪੰਜਾਬੀ ਮਾਂ ਬੋਲੀ ਦਾ ਵਿਰਸਾ ਬਹੁਤ ਭਰਪੂਰ ਹੈ।ਸਾਡੀ ਜ਼ਿੰਦਗੀ ਦੇ ਹਰ ਪੱਖ ਨਾਲ ਸਬੰਧਿਤ ਰੰਗ ਸਾਨੂੰ ਆਪਣੀ ਮਾਂ ਬੋਲੀ ਵਿੱਚ ਮਿਲਦੇ ਹਨ।ਜਨਮ ਤੋਂ ਲੈ ਕੇ ਮਰਨ ਤਕ ਇਹ ਬੋਲੀ ਸਾਡੇ ਨਾਲ ਰਹਿੰਦੀ ਹੈ।ਅਸੀਂ ਪਹਿਲਾਂ ਸ਼ਬਦ ਪੰਜਾਬੀ ਵਿਚ ਬੋਲਦੇ ਹਾਂ ਤੇ ਅਖੀਰਲਾ ਸ਼ਬਦ ਵੀ।ਫਿਰ ਉਹ ਅਖੀਰਲਾ ਸ਼ਬਦ ਹਾਏ! ਹੋਵੇ ਜਾਂ ਸ਼ੁਕਰੀਆ! ਅਸੀਂ ਸੁਖ ਵਿੱਚ ਹੋਈਏ ਜਾਂ ਦੁੱਖ ਵਿੱਚ ਮਨ ਦੀ ਅੰਦਰੂਨੀ ਭਾਵਾਂ ਨੂੰ ਮਾਂ ਬੋਲੀ ਵਿੱਚ ਹੀ ਪ੍ਰਗਟ ਕਰਦੇ ਹਾਂ।ਬੇਸ਼ਕ ਕੋਈ ਵਿਅਕਤੀ ਕਿੰਨੀਆਂ ਵੀ ਭਾਸ਼ਾਵਾਂ ਜਾਣਦਾ ਹੋਵੇ ਪਰ ਜੇਕਰ ਉਸ ਦੇ ਸੱਟ ਲੱਗਦੀ ਹੈ ਉਸ ਦੇ ਮੂੰਹ ਵਿੱਚੋਂ ‘ਹਾਏ ਮੈਂ ਮਰ ਗਿਆ’ ਨਿਕਲਦਾ ਹੈ।ਜਦੋਂ ਉਹ ਰੱਬ ਦੇ ਮੂਹਰੇ ਜਾ ਕੇ ਅਰਦਾਸ ਕਰਦਾ ਹੈ ਮੈਂ ਆਪਣੀ ਮਾਂ ਬੋਲੀ ਵਿੱਚ ਹੀ ਗੱਲ ਕਰਦਾ ਹੈ।ਇਸ ਸਮੇਂ ਉਹ ਦੂਜੀਆਂ ਭਾਸ਼ਾਵਾਂ ਦਾ ਪ੍ਰਯੋਗ ਨਹੀਂ ਕਰਦਾ ਜਿਨ੍ਹਾਂ ਦਾ ਉਸ ਨੂੰ ਗਿਆਨ ਹੈ।

ਸਾਡੀ ਮਾਂ ਬੋਲੀ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਜਾਂਦੀ ਹੈ ਜਾਂ ਇੰਜ ਕਹਿ ਲਓ ਸਾਡੀ ਜ਼ਿੰਦਗੀ ਦਾ ਦੂਜਾ ਰੂਪ।ਮੁਹੱਬਤ ਕਿੰਨਾ ਪਿਆਰਾ ਸ਼ਬਦ ਹੈ,ਮੈਂ ਤੈਨੂੰ ਪਿਆਰ ਕਰਦਾ ਹਾਂ ਜੇਕਰ ਕੋਈ ਇਸ ਫਿਕਰੇ ਦਾ ਇਸਤੇਮਾਲ ਕਰਦਾ ਹੈ ਤਾਂ ਦਿਲ ਵਿੱਚ ਅਜੀਬ ਜਿਹੀਆਂ ਤਰੰਗਾਂ ਉੱਠਦੀਆਂ ਹਨ।ਜੇਕਰ ਕੋਈ ਆਈ ਲਵਯੂ ਕਹਿੰਦਾ ਹੈ ਤਾਂ ਮਸਨੂਈ ਜਿਹਾ ਜਾਪਦਾ ਹੈ।ਅਕਸਰ ਇਹ ਵੀ ਸੋਚਿਆ ਜਾਂਦਾ ਹੈ ਕਿ ਇਹ ਸ਼ਬਦ ਕੇਵਲ ਸ਼ਬਦ ਹਨ ਇਨ੍ਹਾਂ ਦੇ ਪਿੱਛੇ ਸ਼ਾਇਦ ਭਾਵਨਾ ਨਹੀ।ਕਿਸ ਦਾ ਇਹੀ ਕਹਿਣਾ ਤੂੰ ਬਹੁਤ ਸੋਹਣੀ ਲੱਗਦੀ ਹੈ ਮਨ ਬਾਗੋ ਬਾਗ ਕਰ ਜਾਂਦਾ ਹੈ ।ਜਿਸ ਤਰ੍ਹਾਂ ਆਪਣੀ ਮਾਂ ਬੋਲੀ ਮਨ ਨੂੰ ਟੁੰਬਦੀ ਹੈ ਉਸ ਦਾ ਵੱਖਰਾ ਹੀ ਅੰਦਾਜ਼ ਹੈ।

ਮਨੁੱਖੀ ਭਾਵਾਂ ਨੂੰ ਪ੍ਰਗਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਆਪਣੀ ਮਾਂ ਬੋਲੀ ਵਿੱਚ ਬੋਲਣਾ ਹੀ ਹੈ।ਪੰਜਾਬੀ ਵਿਚ ਗੱਲ ਕਰਦਿਆਂ ਸਹਿਜ ਮਹਿਸੂਸ ਹੁੰਦਾ ਹੈ।ਜਿਹੋ ਜਿਹਾ ਅਹਿਸਾਸ ਹੁੰਦਾ ਹੈ ਉਹ ਜਿਹੇ ਸ਼ਬਦ ਜ਼ਬਾਨ ਤੇ ਆਉਂਦੇ ਹਨ।ਅਜਿਹਾ ਦੂਜੀਆਂ ਭਾਸ਼ਾਵਾਂ ਵਿੱਚ ਸੰਭਵ ਨਹੀਂ ਹੋ ਪਾਉਂਦਾ ਇੱਕ ਪੰਜਾਬੀ ਤੋਂ।ਇਸ ਦਾ ਮਤਲਬ ਇਹ ਨਹੀਂ ਕਿ ਉਹ ਭਾਸ਼ਾਵਾਂ ਚੰਗੀਆਂ ਨਹੀਂ ਜਾਂ ਸਸ਼ੱਕਤ ਨਹੀਂ।ਉਹ ਜ਼ਰੂਰ ਸਾਡੇ ਜਜ਼ਬਾਤ ਦੀ ਤਰਜਮਾਨੀ ਕਰਦੀਆਂ ਹਨ ਪਰ ਜੋ ਰਸ ਪੰਜਾਬੀ ਵਿੱਚ ਹੈ ਉਹ ਦੁਨੀਆਂ ਦੀ ਕਿਸੇ ਜ਼ਬਾਨ ਵਿੱਚ ਨਹੀਂ ਅੱਜ ਹਰ ਪੰਜਾਬੀ ਮਹਿਸੂਸ ਕਰਦਾ ਹੈ।

ਇਸ ਗੱਲ ਨੂੰ ਇੱਥੋਂ ਵੀ ਸਮਝਿਆ ਜਾ ਸਕਦਾ ਹੈ ਕਿ ਜਦੋਂ ਵਿਦੇਸ਼ ਵਿੱਚ ਉਨ੍ਹਾਂ ਪੰਜਾਬ ਦੀ ਕਿਸੇ ਹੋਰ ਪ੍ਰਦੇਸ਼ ਵਿਚ ਕੋਈ ਪੰਜਾਬੀ ਟੱਕਰਦਾ ਹੈ ਤਾਂ ਮਣਾਂ ਮੂੰਹੀ ਚਾਅ ਚੜ੍ਹ ਜਾਂਦਾ ਹੈ।ਫੱਟ ਪੁੱਛੀਦਾ ਹੈ ਤੁਸੀਂ ਕਿਹੜੇ ਪਿੰਡ ਤੋਂ ਹੋ?ਅਪਣੱਤ ਦਾ ਅਹਿਸਾਸ ਹੁੰਦਾ ਹੈ।ਆਪਣੀ ਗੱਲ ਨੂੰ ਬਿਲਕੁਲ ਉਸੇ ਤਰ੍ਹਾਂ ਜ਼ਾਹਰ ਕਰਨਾ ਜਿਸ ਤਰ੍ਹਾਂ ਉਹ ਮਹਿਸੂਸ ਕੀਤੀ ਜਾ ਰਹੀ ਹੈ ਸਿਰਫ਼ ਤੇ ਸਿਰਫ਼ ਮਾਂ ਬੋਲੀ ਵਿੱਚ ਹੀ ਸੰਭਵ ਹੈ।ਉਹ ਕੋਮਲ ਰੁਲ ਜਾਂਦੀਆਂ ਹਨ ਜੋ ਆਪਣੀ ਮਾਂ ਬੋਲੀ ਨੂੰ ਭੁਲਾ ਦਿੰਦੀਆਂ ਹਨ।ਪੰਜਾਬੀ ਜੇਕਰ ਸਾਰੇ ਸੰਸਾਰ ਵਿੱਚ ਜਾ ਕੇ ਵਸ ਗਏ ਹਨ ਉਨ੍ਹਾਂ ਨੇ ਪੰਜਾਬੀ ਦਾ ਪਸਾਰ ਵੀ ਸਾਰੇ ਸੰਸਾਰ ਵਿੱਚ ਕੀਤਾ ਹੈ।

ਪੰਜਾਬੀ ਇਕ ਅਮੀਰ ਭਾਸ਼ਾ ਹੈ ਜਿਸ ਦਾ ਦਿਲ ਬਹੁਤ ਵੱਡਾ ਹੈ।ਇਸ ਦੇ ਵੱਖ ਵੱਖ ਭਾਸ਼ਾਵਾਂ ਦੇ ਕਈ ਸ਼ਬਦ ਆਪਣੇ ਵਿੱਚ ਜਜ਼ਬ ਕਰ ਲਏ ਹਨ।ਜੋ ਭਾਸ਼ਾ ਸਮੇਂ ਨਾਲ ਬਦਲਦੀ ਰਹਿੰਦੀ ਹੈ ਉਹ ਵਧਦੀ ਫੁਲਦੀ ਹੈ।ਪੰਜਾਬੀ ਤੇ ਪੰਜਾਬੀਅਤ ਦੇ ਵਧਣ ਦਾ ਇਹੀ ਇੱਕ ਕਾਰਨ ਹੈ।ਅੱਜ ਪੰਜਾਬੀ ਸੰਗੀਤ ਸੰਸਾਰ ਭਰ ਵਿੱਚ ਸੁਣਿਆ ਜਾਂਦਾ ਹੈ।ਪੰਜਾਬੀਆਂ ਦੀ ਖੁੱਲ੍ਹਦਿਲੀ ਉਨ੍ਹਾਂ ਦੀ ਭਾਸ਼ਾ ਦਰਸਾਉਂਦੀ ਹੈ।ਜਦੋਂ ਬੋਲਦੇ ਹਾਂ ਤਾਂ ਅਪਣੱਤ ਜਿਹੀ ਜ਼ਾਹਰ ਹੁੰਦੀ ਜੋ ਬਿਗਾਨਿਆਂ ਨੂੰ ਵੀ ਆਪਣਾ ਬਣਾ ਲੈਂਦੀ ਹੈ।

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਿੰਨੀਆਂ ਭਾਸ਼ਾਵਾਂ ਸਿੱਖ ਸਕਦੇ ਸਿੱਖੋ।ਗਿਆਨ ਵਧਦਾ ਹੈ।ਹਰ ਭਾਸ਼ਾ ਕੋਲ ਬਹੁਤ ਵੱਡਾ ਖ਼ਜ਼ਾਨਾ ਹੈ ਜਿਸ ਨੂੰ ਪ੍ਰਾਪਤ ਕਰਨ ਦੀ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਪਰ ਇਹ ਹਮੇਸ਼ਾਂ ਯਾਦ ਰੱਖੋ ਕਿ ਸਾਡੀ ਮਾਂ ਬੋਲੀ ਪੰਜਾਬੀ ਸਾਡੀ ਜੀਵਨ ਦਾ ਆਧਾਰ ਹੈ।ਅੰਦਾਜ਼ੇ ਬਿਆਂ ਜੋ ਸਾਡਾ ਪੰਜਾਬੀ ਵਿੱਚ ਹੈ ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਹੋ ਸਕਦਾ।ਪੰਜਾਬੀ ਸਾਡੀ ਰੂਹ ਦੀ ਖੁਰਾਕ ਹੈ।ਇਸ ਦਾ ਵਾਸ ਸਾਡੇ ਸਰੀਰ ਦੇ ਰੋਮ ਰੋਮ ਵਿੱਚ ਹੈ।ਇਸ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ।ਸਾਡੇ ਗੁਰੂਆਂ ਦੁਆਰਾ ਦੁਆਰਾ ਰਚੀ ਗੁਰਬਾਣੀ ਸਾਨੂੰ ਜੀਵਨ ਸੇਧ ਦਿੰਦੀ ਹੈ।ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜੋ। ਕਿਤੇ ਅਜਿਹਾ ਨਾ ਹੋਵੇ ਕਿ ਉਹ ਗੁਰਬਾਣੀ ਤੋਂ ਦੂਰ ਹੋ ਜਾਣ ਚੁੱਕਿਓ ਪੰਜਾਬੀ ਭਾਸ਼ਾ ਹੀ ਨਾ ਜਾਣਦੇ ਹੋਣ।

ਮੇਰਾ ਇੱਕ ਅਸੂਲ ਹੈ ਕਿ ਜੇਕਰ ਸਾਹਮਣੇ ਵਾਲੇ ਨੂੰ ਪੰਜਾਬੀ ਆਉਂਦੀ ਹੈ ਸਮੇਂ ਕਦੀ ਵੀ ਕੋਈ ਦੂਜੀ ਭਾਸ਼ਾ ਨਹੀਂ ਬੋਲਦੀ।ਕੋਈ ਵੀ ਭਾਸ਼ਾ ਉੱਚੀ ਜਾਂ ਨੀਵੀਂ ਵੱਡੀ ਜਾਂ ਛੋਟੀ ਨਹੀਂ ਹੁੰਦੀ।ਬਸ ਆਪਣੀ ਭਾਸ਼ਾ ਆਪਣੀ ਹੁੰਦੀ ਹੈ।ਸੰਸਾਰ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ।ਜਿੱਥੇ ਵੀ ਬੈਠੇ ਹੋ ਇਹ ਗੱਲ ਜ਼ਰੂਰ ਯਾਦ ਰੱਖਣਾ ਕਿ ਬਚਪਨ ਦੀ ਲੋਰੀ ਤੋਂ ਲੈ ਕੇ ਮੌਤ ਤੇ ਪਾਏ ਜਾਣ ਵਾਲੇ ਵੈਣ ਪੰਜਾਬੀ ਵਿੱਚ ਹੀ ਹੋਣੈ।ਇਹ ਭਾਸ਼ਾ ਸਾਡੀ ਜ਼ਿੰਦਗੀ ਹੈ।ਇਸ ਤੋਂ ਦੂਰ ਹੋਣਾ ਆਪਣੇ ਆਪ ਨਾਲੋਂ ਟੁੱਟ ਜਾਣ ਦੇ ਸਮਾਨ ਹੈ।

ਸਭ ਭਾਸ਼ਾਵਾ ਦਾ ਸਤਿਕਾਰ ਕਰੋ
ਪੰਜਾਬੀ ਨੂੰ ਜੀਅ ਭਰ ਕੇ ਪਿਆਰ ਕਰੋ

ਹਰਪ੍ਰੀਤ ਕੌਰ ਸੰਧੂ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰਾ ਪੰਜਾਬ…..
Next articleAustralia commemorates 80th anniversary of Darwin bombing